ਇਸਲਾਮਾਬਾਦ, 17 ਜਨਵਰੀ (ਹਿੰ.ਸ.)। ਪਾਕਿਸਤਾਨ ਦੇ ਬਹੁਚਰਚਿਤ ਅਲ-ਕਾਦਿਰ ਟਰੱਸਟ ਮਾਮਲੇ 'ਚ ਅੱਜ ਅਦਾਲਤ ਨੇ ਆਖਰਕਾਰ ਆਪਣਾ ਫੈਸਲਾ ਸੁਣਾ ਦਿੱਤਾ। ਇਸ ਮਾਮਲੇ 'ਚ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਸੰਸਥਾਪਕ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ 'ਤੇ ਕਰੀਬ 50 ਅਰਬ ਰੁਪਏ (ਲਗਭਗ 19 ਮਿਲੀਅਨ ਪੌਂਡ) ਦੀ ਹੇਰਾਫੇਰੀ ਕਰਨ ਦਾ ਦੋਸ਼ ਹੈ। ਅਦਾਲਤ ਨੇ ਇਮਰਾਨ ਖਾਨ ਨੂੰ 14 ਸਾਲ ਅਤੇ ਬੁਸ਼ਰਾ ਨੂੰ 7 ਸਾਲ ਦੀ ਸਜ਼ਾ ਸੁਣਾਈ। ਇਮਰਾਨ ਲੰਬੇ ਸਮੇਂ ਤੋਂ ਰਾਵਲਪਿੰਡੀ ਕੇਂਦਰੀ ਜੇਲ੍ਹ (ਅਡਿਆਲਾ ਜੇਲ੍ਹ) ਵਿੱਚ ਬੰਦ ਹਨ।
ਡਾਨ ਅਖਬਾਰ ਦੀ ਰਿਪੋਰਟ ਮੁਤਾਬਕ, ਇਸਲਾਮਾਬਾਦ ਦੀ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਦੇ ਜੱਜ ਨਾਸਿਰ ਜਾਵੇਦ ਰਾਣਾ ਨੇ ਅਦਿਆਲਾ ਜੇਲ ਵਿੱਚ ਬਣਾਏ ਗਏ ਇੱਕ ਅਸਥਾਈ ਕੋਰਟ ਰੂਮ ਵਿੱਚ ਫੈਸਲਾ ਸੁਣਾਇਆ। ਅਦਾਲਤ ਨੇ ਇਮਰਾਨ ਅਤੇ ਬੁਸ਼ਰਾ 'ਤੇ ਕ੍ਰਮਵਾਰ 10 ਲੱਖ ਅਤੇ 5 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ। ਫੈਸਲੇ ਦੇ ਮੱਦੇਨਜ਼ਰ ਅਡਿਆਲਾ ਜੇਲ੍ਹ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ। ਆਮ ਚੋਣਾਂ ਤੋਂ ਤੁਰੰਤ ਬਾਅਦ 27 ਫਰਵਰੀ 2024 ਨੂੰ ਇਸ ਮਾਮਲੇ ਵਿੱਚ ਜੋੜੇ ਨੂੰ ਦੋਸ਼ੀ ਠਹਿਰਾਇਆ ਗਿਆ ਸੀ।
ਅੱਜ ਫੈਸਲੇ ਤੋਂ ਪਹਿਲਾਂ ਅਡਿਆਲਾ ਜੇਲ੍ਹ ਦੇ ਬਾਹਰ ਮੀਡੀਆ ਨਾਲ ਗੱਲ ਕਰਦਿਆਂ ਪੀਟੀਆਈ ਦੇ ਚੇਅਰਮੈਨ ਬੈਰਿਸਟਰ ਗੌਹਰ ਅਲੀ ਖਾਨ ਨੇ ਕਿਹਾ, “ਤੁਸੀਂ ਪਿਛਲੇ ਦੋ ਸਾਲਾਂ ਵਿੱਚ ਹੋਈ ਬੇਇਨਸਾਫ਼ੀ ਦੀ ਕਲਪਨਾ ਕਰ ਸਕਦੇ ਹੋ। ਜੇਕਰ ਨਿਰਪੱਖ ਫੈਸਲਾ ਆਉਂਦਾ ਹੈ ਤਾਂ ਇਮਰਾਨ ਅਤੇ ਬੁਸ਼ਰਾ ਬਰੀ ਹੋ ਜਾਣਗੇ।'' ਜ਼ਿਕਰਯੋਗ ਹੈ ਕਿ ਇਸ ਮਾਮਲੇ 'ਚ ਦੋਸ਼ ਹੈ ਕਿ ਇਮਰਾਨ ਅਤੇ ਬੁਸ਼ਰਾ ਬੀਬੀ ਨੇ 50 ਅਰਬ ਰੁਪਏ ਨੂੰ ਕਾਨੂੰਨੀ ਬਣਾਉਣ ਲਈ ਬਹਿਰੀਆ ਟਾਊਨ ਲਿਮਟਿਡ ਤੋਂ ਅਰਬਾਂ ਰੁਪਏ ਅਤੇ ਸੈਂਕੜੇ ਕਨਾਲ ਜ਼ਮੀਨ ਪ੍ਰਾਪਤ ਕੀਤੀ। ਦਸੰਬਰ 2023 ਵਿੱਚ, ਰਾਸ਼ਟਰੀ ਜਵਾਬਦੇਹੀ ਬਿਊਰੋ (ਐਨਏਬੀ) ਨੇ ਅਲ-ਕਾਦਿਰ ਟਰੱਸਟ ਦੇ ਸਬੰਧ ਵਿੱਚ ਇਮਰਾਨ ਅਤੇ ਉਨ੍ਹਾਂ ਦੀ ਪਤਨੀ ਸਮੇਤ ਸੱਤ ਹੋਰਾਂ ਵਿਰੁੱਧ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਸੀ।-------------
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ