ਸਿਓਲ, 18 ਜਨਵਰੀ (ਹਿੰ.ਸ.)। ਦੱਖਣੀ ਕੋਰੀਆ ਵਿੱਚ ਪਿਛਲੇ ਮਹੀਨੇ ਥੋੜ੍ਹੇ ਸਮੇਂ ਲਈ ਮਾਰਸ਼ਲ ਲਾਅ ਦਾ ਐਲਾਨ ਕਰਨ ਤੋਂ ਬਾਅਦ ਕਾਨੂੰਨੀ ਅਤੇ ਸਿਆਸੀ ਸੰਕਟ ਵਿੱਚ ਉਲਝੇ ਰਾਸ਼ਟਰਪਤੀ ਯੂਨ ਸੁਕ ਯੇਓਲ ਦੀ ਰਸਮੀ ਗ੍ਰਿਫਤਾਰੀ ਬਾਰੇ ਅਦਾਲਤ ਦਾ ਫੈਸਲਾ ਸ਼ਨੀਵਾਰ ਰਾਤ ਤੱਕ ਆ ਸਕਦਾ ਹੈ। ਸਿਓਲ ਪੱਛਮੀ ਜ਼ਿਲ੍ਹਾ ਅਦਾਲਤ ਵਿੱਚ ਸੁਣਵਾਈ ਦੁਪਹਿਰ 2 ਵਜੇ ਸ਼ੁਰੂ ਹੋਣੀ ਹੈ।
ਦਿ ਕੋਰੀਆ ਟਾਈਮਜ਼ ਦੀ ਖ਼ਬਰ ਦੇ ਅਨੁਸਾਰ ਉੱਚ-ਦਰਜੇ ਦੇ ਅਧਿਕਾਰੀਆਂ ਲਈ ਗਠਿਤ ਦੇਸ਼ ਦੇ ਭ੍ਰਿਸ਼ਟਾਚਾਰ ਜਾਂਚ ਦਫਤਰ (ਸੀਆਈਓ) ਨੇ ਸਿਓਲ ਪੱਛਮੀ ਜ਼ਿਲ੍ਹਾ ਅਦਾਲਤ ਨੂੰ ਯੇਓਲ ਦੇ ਖਿਲਾਫ ਰਸਮੀ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦੀ ਬੇਨਤੀ (ਲਿਖਤੀ ਅਰਜ਼ੀ) ਕੀਤੀ ਹੈ। ਅਦਾਲਤ ਪਹਿਲਾਂ ਸੀਆਈਓ ਦੀ ਅਰਜ਼ੀ ਦੀ ਸਮੀਖਿਆ ਕਰੇਗੀ। ਜੇਕਰ ਯੇਓਲ ਨੂੰ ਰਸਮੀ ਤੌਰ 'ਤੇ ਗ੍ਰਿਫਤਾਰ ਕਰਨ ਦਾ ਆਦੇਸ਼ ਆਉਂਦਾ ਹੈ, ਤਾਂ ਇਹ ਕੋਰੀਆ ਦੇ ਸੰਵਿਧਾਨਕ ਇਤਿਹਾਸ ਵਿੱਚ ਪਹਿਲੀ ਵਾਰ ਹੋਵੇਗਾ ਅਤੇ ਯੇਓਲ ਰਸਮੀ ਤੌਰ 'ਤੇ ਗ੍ਰਿਫਤਾਰ ਕੀਤੇ ਜਾਣ ਵਾਲੇ ਦੇਸ਼ ਦੇ ਪਹਿਲੇ ਮੌਜੂਦਾ ਰਾਸ਼ਟਰਪਤੀ ਬਣ ਜਾਣਗੇ। ਜੇਕਰ ਸੀਆਈਓ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਜਾਂਦਾ ਹੈ, ਤਾਂ ਯੇਓਲ ਦੇ ਰਾਸ਼ਟਰਪਤੀ ਨਿਵਾਸ 'ਤੇ ਵਾਪਸ ਜਾਣ ਦੀ ਉਮੀਦ ਹੈ। ਯੇਓਲ ਦੀ ਕਾਨੂੰਨੀ ਟੀਮ ਨੇ ਕਿਹਾ ਕਿ ਉਹ ਅਦਾਲਤ ਦੀ ਸੁਣਵਾਈ ਵਿੱਚ ਸ਼ਾਮਲ ਹੋਵੇਗੀ।ਯੇਓਲ ਇਸ ਸਮੇਂ ਸੀਆਈਓ ਦੀ ਹਿਰਾਸਤ ਵਿੱਚ ਹਨ। ਸੀਆਈਓ ਪੁਲਿਸ ਅਤੇ ਫ਼ੌਜ ਨਾਲ ਸਾਂਝੀ ਜਾਂਚ ਟੀਮ ਦੀ ਅਗਵਾਈ ਕਰ ਰਿਹਾ ਹੈ। ਯੇਓਲ ਨੇ 3 ਦਸੰਬਰ ਨੂੰ ਥੋੜ੍ਹੇ ਸਮੇਂ ਲਈ ਮਾਰਸ਼ਲ ਲਾਅ ਲਗਾ ਕੇ ਦੇਸ਼ ਨੂੰ ਹੈਰਾਨ ਕਰ ਦਿੱਤਾ ਸੀ। ਉਦੋਂ ਤੋਂ ਦੱਖਣੀ ਕੋਰੀਆ ਵਿੱਚ ਸਿਆਸੀ ਉਥਲ-ਪੁਥਲ ਮੱਚੀ ਹੋਈ ਹੈ। 14 ਦਸੰਬਰ ਨੂੰ ਨੈਸ਼ਨਲ ਅਸੈਂਬਲੀ ਨੇ ਉਨ੍ਹਾਂ ਦੇ ਖਿਲਾਫ ਮਹਾਦੋਸ਼ ਪ੍ਰਸਤਾਵ ਪਾਸ ਕੀਤਾ। ਇਸ ਤੋਂ ਬਾਅਦ ਰਾਸ਼ਟਰਪਤੀ ਦੀਆਂ ਸ਼ਕਤੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ