ਅੰਤਾਨਾਨਾਰੀਵੋ, 12 ਅਕਤੂਬਰ (ਹਿੰ.ਸ.)। ਮੈਡਾਗਾਸਕਰ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਨੇ ਸ਼ਨੀਵਾਰ ਨੂੰ ਨਵਾਂ ਮੋੜ ਲੈ ਲਿਆ ਜਦੋਂ ਕੁਝ ਫੌਜੀ ਜਵਾਨ ਨੌਜਵਾਨ ਪ੍ਰਦਰਸ਼ਨਕਾਰੀਆਂ (ਜਨਰੇਸ਼ਨ-ਜ਼ੈੱਡ ਅੰਦੋਲਨ) ਵਿੱਚ ਸ਼ਾਮਲ ਹੋ ਗਏ ਅਤੇ ਰਾਜਧਾਨੀ ਅੰਤਾਨਾਨਾਰੀਵੋ ਦੇ ਇਤਿਹਾਸਕ 'ਮਈ 13 ਚੌਂਕ' ਵਿੱਚ ਦਾਖਲ ਹੋ ਗਏ। ਇਹ ਉਹੀ ਜਗ੍ਹਾ ਹੈ ਜੋ ਦੇਸ਼ ਦੇ ਰਾਜਨੀਤਿਕ ਇਤਿਹਾਸ ਵਿੱਚ ਕਈ ਵੱਡੇ ਅੰਦੋਲਨਾਂ ਦਾ ਕੇਂਦਰ ਰਹੀ ਹੈ।
ਇਹ ਵਿਰੋਧ ਪ੍ਰਦਰਸ਼ਨ 25 ਸਤੰਬਰ ਨੂੰ ਪਾਣੀ ਅਤੇ ਬਿਜਲੀ ਦੀ ਭਾਰੀ ਘਾਟ ਦੇ ਵਿਰੋਧ ਵਿੱਚ ਸ਼ੁਰੂ ਹੋਏ ਸਨ, ਪਰ ਹੁਣ ਇਹ ਅੰਦੋਲਨ ਰਾਸ਼ਟਰਪਤੀ ਐਂਡਰੀ ਰਾਜੋਏਲੀਨਾ ਵਿਰੁੱਧ ਵਿਆਪਕ ਰਾਜਨੀਤਿਕ ਚੁਣੌਤੀ ਬਣ ਗਿਆ ਹੈ। ਪ੍ਰਦਰਸ਼ਨਕਾਰੀ ਹੁਣ ਰਾਸ਼ਟਰਪਤੀ ਦੇ ਅਸਤੀਫੇ, ਸੰਸਦ ਦੇ ਉਪਰਲੇ ਸਦਨ ਅਤੇ ਚੋਣ ਕਮਿਸ਼ਨ ਨੂੰ ਭੰਗ ਕਰਨ ਦੀ ਮੰਗ ਕਰ ਰਹੇ ਹਨ।
ਸ਼ਨੀਵਾਰ ਨੂੰ ਸਥਿਤੀ ਉਦੋਂ ਹੋਰ ਵਿਗੜ ਗਈ ਜਦੋਂ ਫੌਜ ਦੀ ਕੈਪਸੈਟ ਯੂਨਿਟ, ਜਿਸਨੇ 2009 ਦੇ ਫੌਜੀ ਤਖਤਾਪਲਟ ਵਿੱਚ ਰਾਜੋਏਲੀਨਾ ਨੂੰ ਸੱਤਾ ਵਿੱਚ ਲਿਆਉਣ ਵਿੱਚ ਮੁੱਖ ਭੂਮਿਕਾ ਨਿਭਾਈ ਸੀ, ਨੇ ਰਾਸ਼ਟਰਪਤੀ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ, ਜਨਤਕ ਤੌਰ 'ਤੇ ਨੌਜਵਾਨਾਂ ਲਈ ਆਪਣਾ ਸਮਰਥਨ ਐਲਾਨ ਕੀਤਾ। ਸੋਸ਼ਲ ਮੀਡੀਆ 'ਤੇ ਘੁੰਮ ਰਹੇ ਵੀਡੀਓਜ਼ ਵਿੱਚ ਸੈਨਿਕਾਂ ਨੂੰ ਲੋਕਾਂ ਦੇ ਨਾਲ ਖੜ੍ਹੇ ਹੋਣ ਦੀ ਅਪੀਲ ਕਰਦੇ ਦਿਖਾਇਆ ਗਿਆ ਹੈ।
ਇਸ ਘਟਨਾਕ੍ਰਮ ਤੋਂ ਬਾਅਦ, ਫੌਜ ਮੁਖੀ ਜਨਰਲ ਜੋਸਲੀਨ ਰਾਕੋਟੋਸੋਨ ਨੇ ਟੈਲੀਵਿਜ਼ਨ ਸੰਬੋਧਨ ਜਾਰੀ ਕੀਤਾ ਜਿਸ ਵਿੱਚ ਨਾਗਰਿਕਾਂ ਨੂੰ ਸ਼ਾਂਤ ਰਹਿਣ ਅਤੇ ਗੱਲਬਾਤ ਰਾਹੀਂ ਸਥਿਤੀ ਨੂੰ ਹੱਲ ਕਰਨ ਦੀ ਅਪੀਲ ਕੀਤੀ ਗਈ। ਉਨ੍ਹਾਂ ਨੇ ਚਰਚ ਦੇ ਆਗੂਆਂ ਨੂੰ ਵਿਚੋਲਗੀ ਕਰਨ ਦੀ ਵੀ ਅਪੀਲ ਕੀਤੀ। ਇਸ ਤੋਂ ਪਹਿਲਾਂ, ਰਾਸ਼ਟਰਪਤੀ ਰਾਜੋਏਲੀਨਾ ਨੇ ਰਾਜਨੀਤਿਕ ਅਸੰਤੋਸ਼ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਵਿੱਚ ਕੈਬਨਿਟ ਭੰਗ ਕਰ ਦਿੱਤੀ ਸੀ ਅਤੇ ਇੱਕ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਸੀ, ਪਰ ਇਹ ਸਥਿਤੀ ਨੂੰ ਕਾਬੂ ਵਿੱਚ ਰੱਖਣ ਵਿੱਚ ਅਸਫਲ ਰਿਹਾ।
ਸੰਯੁਕਤ ਰਾਸ਼ਟਰ ਦੇ ਅਨੁਸਾਰ, ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਵਿੱਚ ਹੁਣ ਤੱਕ 22 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 100 ਤੋਂ ਵੱਧ ਜ਼ਖਮੀ ਹੋ ਗਏ ਹਨ। ਹਾਲਾਂਕਿ, ਸਰਕਾਰ ਇਨ੍ਹਾਂ ਅੰਕੜਿਆਂ ਨਾਲ ਅਸਹਿਮਤ ਹੈ, ਅਤੇ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ 12 ਹੈ। ਮੈਡਾਗਾਸਕਰ ਦੇ 13 ਮਈ ਚੌਕ ਵਿੱਚ ਜਨਤਕ ਇਕੱਠਾਂ ਦੀ ਵਾਪਸੀ ਨੂੰ ਟਾਪੂ ਦੇਸ਼ ਦੀ ਰਾਜਨੀਤੀ ਵਿੱਚ ਇੱਕ ਵੱਡੀ ਤਬਦੀਲੀ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ