ਡੇਰਾਬੱਸੀ, 16 ਅਕਤੂਬਰ (ਹਿੰ. ਸ.)। ਡੇਰਾਬੱਸੀ ਹਲਕੇ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਦੀਵਾਲੀ ਤੋਂ ਪਹਿਲਾਂ ਹਲਕਾ ਵਾਸੀਆਂ ਨੂੰ ਦੋ ਨਵੀਆਂ ਅੱਗ ਬੁਝਾਊ ਗੱਡੀਆਂ ਸਮਰਪਿਤ ਕੀਤੀਆਂ, ਜੋ ਲੋਕਾਂ ਦੀ ਸੇਵਾ ਲਈ ਹਰ ਵੇਲੇ ਤਿਆਰ ਰਹਿਣਗੀਆਂ। ਉਨ੍ਹਾਂ ਕਿਹਾ ਕਿ ਇਹ ਸੌਗਾਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਹੈ, ਜੋ ਹਲਕੇ ਦੀ ਕੁਦਰਤੀ ਆਫਤਾਂ ਤੋਂ ਸੁਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰੇਗੀ।
ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਕੌਂਸਲ ਪ੍ਰਧਾਨ, ਪਾਰਟੀ ਬਲਾਕ ਪ੍ਰਧਾਨ, ਐਮ.ਸੀਜ਼ ਅਤੇ ਪਾਰਟੀ ਦੀ ਸਮੁੱਚੀ ਟੀਮ ਮੌਜੂਦ ਸੀ।
ਵਿਧਾਇਕ ਨੇ ਕਿਹਾ ਕਿ ਇਹ ਨਵੀਆਂ ਫਾਇਰ ਬ੍ਰਿਗੇਡ ਗੱਡੀਆਂ ਹਲਕਾ ਵਾਸੀਆਂ ਦੀ ਸੁਰੱਖਿਆ ਵਿੱਚ ਇੱਕ ਨਵਾਂ ਅਧਿਆਇ ਜੋੜਣਗੀਆਂ। ਇਹ ਆਧੁਨਿਕ ਫਾਇਰ ਸੇਵਾਵਾਂ ਦੇਣ ਵੱਲ ਪੰਜਾਬ ਸਰਕਾਰ ਦਾ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਨਵੇਂ ਫਾਇਰ ਸਟੇਸ਼ਨ ਦੀ ਸਥਾਪਨਾ ਲਈ ਵੀ ਗੱਲਬਾਤ ਜਾਰੀ ਹੈ, ਜੋ ਜਲਦ ਹੀ ਸ਼ੁਰੂ ਕੀਤੀ ਜਾਵੇਗੀ। ਇਸ ਨਾਲ ਫਾਇਰ ਸੇਵਾਵਾਂ ਦੀ ਪਹੁੰਚ ਹੋਰ ਸੁਚਾਰੂ ਹੋਵੇਗੀ ਅਤੇ ਐਮਰਜੈਂਸੀ ਸਥਿਤੀਆਂ ਵਿੱਚ ਤੁਰੰਤ ਸਹਾਇਤਾ ਮਿਲੇਗੀ।
ਉਨ੍ਹਾਂ ਦੱਸਿਆ ਕਿ ਪਹਿਲਾਂ ਡੇਰਾਬੱਸੀ ਹਲਕੇ ਵਿੱਚ ਕੁੱਲ 8 ਫਾਇਰ ਬ੍ਰਿਗੇਡ ਗੱਡੀਆਂ ਸਨ — 5 ਡੇਰਾਬੱਸੀ ਅਤੇ ਲਾਲੜੂ ਖੇਤਰਾਂ ਲਈ ਅਤੇ 3 ਜ਼ੀਰਕਪੁਰ ਲਈ। ਹੁਣ 2 ਨਵੀਆਂ ਗੱਡੀਆਂ ਦੇ ਆਉਣ ਨਾਲ ਇਹ ਗਿਣਤੀ 10 ਹੋ ਗਈ ਹੈ, ਜਿਨ੍ਹਾਂ ਵਿੱਚੋਂ 1 ਗੱਡੀ ਡੇਰਾਬੱਸੀ ਅਤੇ 1 ਜ਼ੀਰਕਪੁਰ ਲਈ ਸਮਰਪਿਤ ਕੀਤੀ ਗਈ ਹੈ। ਇਸ ਨਾਲ ਸ਼ਹਿਰ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਕਿਸੇ ਵੀ ਅੱਗ ਜਾਂ ਐਮਰਜੈਂਸੀ ਘਟਨਾ ‘ਤੇ ਤੇਜ਼ੀ ਨਾਲ ਕਾਬੂ ਪਾਇਆ ਜਾ ਸਕੇਗਾ।
ਰੰਧਾਵਾ ਨੇ ਕਿਹਾ ਕਿ ਲੋਕਾਂ ਦਾ ਪੈਸਾ ਲੋਕਾਂ ਦੀ ਭਲਾਈ ‘ਤੇ ਖਰਚਣਾ ਸਾਡੀ ਜ਼ਿੰਮੇਵਾਰੀ ਹੈ। ਸਰਕਾਰ ਅਤੇ ਨਗਰ ਕੌਂਸਲ ਮਿਲ ਕੇ ਲੋਕਾਂ ਦੀ ਸੇਵਾ ਲਈ ਸਮਰਪਿਤ ਹਨ, ਪਰ ਇਹ ਯਤਨ ਤਦ ਹੀ ਸਫਲ ਹੋ ਸਕਦੇ ਹਨ ਜਦੋਂ ਲੋਕ ਵੀ ਆਪਣਾ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਇਸ ਗੱਲ ਦਾ ਪ੍ਰਮਾਣ ਹੈ ਕਿ ਸਰਕਾਰ ਲੋਕਾਂ ਦੇ ਹਿੱਤਾਂ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਹਰ ਨਾਗਰਿਕ ਦੀ ਸੁਰੱਖਿਆ ਅਤੇ ਸੁਵਿਧਾ ਨੂੰ ਪ੍ਰਾਥਮਿਕਤਾ ਦੇ ਰਹੀ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ