ਦੂਧਨਸਾਧਾਂ/ਭੁੱਨਰਹੇੜੀ, 16 ਅਕਤੂਬਰ (ਹਿੰ. ਸ.)।ਪੀ.ਆਰ.ਟੀ.ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਹਲਕਾ ਸਨੌਰ ਦੇ 12 ਹੜ੍ਹ ਦੀ ਮਾਰ ਹੇਠ ਆਏ ਪਿੰਡਾਂ ਦੇ 255 ਪ੍ਰਭਾਵਿਤ ਲੋਕਾਂ ਨੂੰ 1.24 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਪ੍ਰਵਾਨਗੀ ਪੱਤਰ ਤਕਸੀਮ ਕੀਤੇ। ਉਨ੍ਹਾਂ ਦੇ ਨਾਲ ਸਨੌਰ ਨਗਰ ਕੌਂਸਲ ਦੇ ਪ੍ਰਧਾਨ ਪ੍ਰਦੀਪ ਜੋਸ਼ਨ, ਐਸ.ਡੀ.ਐਮ. ਦੂਧਨਸਾਧਾਂ ਕਿਰਪਾਲਵੀਰ ਸਿੰਘ ਤੇ ਐਸ.ਡੀ.ਐਮ. ਪਟਿਆਲਾ ਹਰਜੋਤ ਕੌਰ ਮਾਵੀ ਵੀ ਮੌਜੂਦ ਸਨ।
ਦੂਧਨਸਾਧਾਂ ਤਹਿਸੀਲ ਕੰਪਲੈਕਸ ਤੇ ਭੁਨਰਹੇੜੀ ਬੀ.ਡੀ.ਪੀ.ਓ. ਦਫ਼ਤਰ ਵਿਖੇ ਕਰਵਾਏ ਸਾਦੇ ਸਮਾਰੋਹ ਮੌਕੇ ਪੀ.ਆਰ.ਟੀ.ਸੀ. ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਸਾਨਾਂ ਅਤੇ ਹੜ੍ਹ ਪੀੜਤਾਂ ਦੀ ਫੜੀ ਗਈ ਬਾਂਹ ਦੇ ਇਸ ਉਪਰਾਲੇ ਨਾਲ ਨਾ ਸਿਰਫ਼ ਕਿਸਾਨਾਂ ਨੂੰ ਆਰਥਿਕ ਮਦਦ ਮਿਲੇਗੀ, ਸਗੋਂ ਇਹ ਉਪਰਾਲਾ ਸਰਕਾਰ ਦੀ ਕਿਸਾਨ ਹਿਤੈਸ਼ੀ ਨੀਤੀ ਅਤੇ ਕਿਸਾਨਾਂ ਪ੍ਰਤੀ ਸੰਜੀਦਗੀ ਵਾਲੀ ਸੋਚ ਨੂੰ ਵੀ ਦਰਸਾਉਂਦਾ ਹੈ। ।
ਚੇਅਰਮੈਨ ਹਡਾਣਾ ਨੇ ਦੱਸਿਆ ਕਿ ਸਨੌਰ ਹਲਕੇ ਦੇ ਭਾਵੇਂ ਕਿ 31 ਪਿੰਡਾਂ 'ਚ ਟਾਂਗਰੀ ਤੇ ਮਾਰਕੰਡੇ ਦੇ ਪਾਣੀ ਨੇ ਨੁਕਸਾਨ ਕੀਤਾ ਹੈ ਜਿਸ ਕਰਕੇ 5000 ਏਕੜ ਤੋਂ ਵੀ ਜ਼ਿਆਦਾ ਰਕਬਾ ਪ੍ਰਭਾਵਿਤ ਹੋਇਆ ਹੈ ਪਰੰਤੂ ਅੱਜ ਕਰੀਬ 700 ਏਕੜ ਰਕਬੇ ਦੇ ਖਰਾਬੇ ਦੇ ਮੁਆਵਜ਼ੇ ਦੀ ਰਾਸ਼ੀ ਦੇ ਦਸਤਾਵੇਜ ਕਿਸਾਨਾਂ ਨੂੰ ਸੌਂਪੇ ਗਏ ਹਨ। ਉਨ੍ਹਾਂ ਦੱਸਿਆ ਕਿ ਪਟਿਆਲਾ ਸਬ ਡਵੀਜਨ 'ਚ ਪੈਂਦੇ ਪਿੰਡ ਬਡਲੀ ਤੇ ਉਲਟਪੁਰ ਸਮੇਤ ਦੂਧਨਸਾਧਾਂ ਸਬ ਡਵੀਜਨ ਦੇ ਪਿੰਡਾਂ ਤਾਜਲਪੁਰ, ਔਂਜਾਂ, ਸਾਦਕਪੁਰ ਵੀਰਾਂ, ਬਰਕਤਪੁਰ, ਰੁਕੜੀ ਬੁੱਧ ਸਿੰਘ, ਅਕਬਰਪੁਰ ਮੁਰਾਦਮਾਜਰਾ, ਬਡਲਾ, ਮੱਗਰ ਸਾਹਿਬ, ਬਹਾਦਰਪੁਰ ਨਿਮਕਗੀਰਾ ਤੇ ਦੂਧਨ ਗੁੱਜਰਾਂ ਦੇ 251 ਲਾਭਪਾਤਰੀਆਂ ਨੂੰ 1 ਕਰੋੜ 24 ਲੱਖ ਰੁਪਏ ਦੇ ਮੁਆਵਜ਼ਾ ਰਾਸ਼ੀ ਦੇ ਦਸਤਾਵੇਜ ਸੌਂਪੇ ਗਏ ਹਨ, ਇਹ ਰਾਸ਼ੀ ਇਨ੍ਹਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਗਈ ਹੈ।
ਰਣਜੋਧ ਸਿੰਘ ਹਡਾਣਾ ਨੇ ਦੱਸਿਆ ਕਿ ਮੁਆਵਜ਼ੇ ਦੇ ਚੈੱਕ ਉਨ੍ਹਾਂ ਸਾਰੇ ਯੋਗ ਕਿਸਾਨਾਂ ਨੂੰ ਦਿੱਤੇ ਗਏ ਹਨ ਜਿਨ੍ਹਾਂ ਦੇ ਕੇਸ ਪੰਜਾਬ ਸਰਕਾਰ ਵੱਲੋਂ ਪਾਰਦਰਸ਼ਤਾ ਨਾਲ ਜਾਂਚ ਕਰਕੇ ਮਨਜ਼ੂਰ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਇਸ ਮੁਸ਼ਕਿਲ ਸਮੇਂ ਵਿੱਚ ਇਹ ਮੁਆਵਜ਼ਾ ਲਾਭਪਾਤਰੀਆਂ ਲਈ ਵੱਡਾ ਸਹਾਰਾ ਬਣੇਗਾ, ਜਿਸ ਨਾਲ ਉਹ ਅਗਲੀ ਫ਼ਸਲ ਦੀ ਤਿਆਰੀ ਕਰ ਸਕਣਗੇ ਅਤੇ ਆਪਣੇ ਪਰਿਵਾਰਕ ਖ਼ਰਚੇ ਪੂਰੇ ਕਰ ਸਕਣਗੇ। ਉਨ੍ਹਾਂ ਕਿਸਾਨਾਂ ਨਾਲ ਖੇਤੀਬਾੜੀ ਨਾਲ ਜੁੜੇ ਮਸਲਿਆਂ ਅਤੇ ਸਰਕਾਰ ਦੀਆਂ ਆਉਣ ਵਾਲੀਆਂ ਯੋਜਨਾਵਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ