ਬਟਾਲਾ, 16 ਅਕਤੂਬਰ (ਹਿੰ. ਸ.)। ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਨੇ ਤਕਨੀਕੀ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਨਵੀਂ ਇਤਿਹਾਸਕ ਸ਼ੁਰੂਆਤ ਕਰਦਿਆਂ ਐਗਰੀਕਲਚਰ ਐਂਡ ਵਾਟਰ ਟੈਕਨੋਲੋਜੀ ਡਿਵੈਲਪਮੈਂਟ ਹਬ (ਅਵਦ) ਤਹਿਤ ਆਈ ਆਈ ਟੀ ਰੋਪੜ ਨਾਲ ਇੱਕ ਮਹੱਤਵਪੂਰਨ ਐਮ.ਓ.ਯੂ. ’ਤੇ ਦਸਤਖਤ ਕੀਤੇ ਹਨ।
ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਦੇ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਇਸ ਸਬੰਧੀ ਦੱਸਿਆ ਕਿ ਤਕਨੀਕੀ ਸਿੱਖਿਆ ਵਿਭਾਗ ਪੰਜਾਬ ਦੇ ਕੁਆਰਡੀਨੇਟਰ ਡਾ. ਨਵਨੀਤ ਵਾਲੀਆ ਦੇ ਸਹਿਯੋਗ ਸਦਕਾ ਐਗਰੀਕਲਚਰ ਐਂਡ ਵਾਟਰ ਟੈਕਨੋਲੋਜੀ ਡਿਵੈਲਪਮੈਂਟ ਹਬ (ਅਵਦ) ਦੇ ਸੀ. ਈ. ਓ ਡਾ. ਰਾਧਿਕਾ ਤ੍ਰਿਖਾ ਅਤੇ ਚੀਫ ਲਾਈਜਨਿੰਗ ਅਫਸਰ ਅਦਿਤਿਆ ਮਦਾਨ ਉਹਦੇ ਵਿੱਚ ਵੱਲੋਂ ਮਿੱਟੀ ਦੀ ਜਾਂਚ ਲਈ ਇੱਕ ਆਧੁਨਿਕ “ਸੋਇਲ ਟੈਸਟਿੰਗ ਲੈਬ” ਸਥਾਪਿਤ ਕਰਨ ਸੰਬੰਧੀ ਇਹ ਐਮ ਓ ਯੂ ਸਾਈਨ ਕੀਤਾ ਗਿਆ ਜੋ ਵਿਦਿਆਰਥੀਆਂ ਅਤੇ ਖੋਜਕਰਤਿਆਂ ਲਈ ਨਵੀਆਂ ਸੰਭਾਵਨਾਵਾਂ ਦੇ ਰਾਹ ਖੋਲ੍ਹੇਗਾ ਅਤੇ ਦੋਵੇਂ ਸਿੱਖਿਆ ਸੰਸਥਾਵਾਂ ਵੱਲੋਂ ਇਹ ਫੈਸਲਾ ਵਿਗਿਆਨਕ ਖੋਜ ਅਤੇ ਖੇਤੀਬਾੜੀ ਨਾਲ ਜੁੜੇ ਵਿਸ਼ਿਆਂ ਵਿੱਚ ਸਾਂਝੇ ਤੌਰ ’ਤੇ ਕੰਮ ਕਰਨ ਦੀ ਦਿਸ਼ਾ ਵਿੱਚ ਇਕ ਵੱਡਾ ਉਪਰਾਲਾ ਸਾਬਿਤ ਹੋਵੇਗਾ।
ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਨੇ ਕਿਹਾ ਕਿ ਇਸ ਲੈਬ ਰਾਹੀਂ ਵਿਦਿਆਰਥੀ ਪ੍ਰਯੋਗਸ਼ਾਲਾ ਪੱਧਰ ’ਤੇ ਮਿੱਟੀ ਦੇ ਨਮੂਨਿਆਂ ਦੀ ਜਾਂਚ ਕਰ ਸਕਣਗੇ, ਜਿਸ ਨਾਲ ਉਹਨਾਂ ਨੂੰ ਪ੍ਰੈਕਟੀਕਲ ਗਿਆਨ ਮਿਲੇਗਾ ਅਤੇ ਉਹ ਖੇਤੀਬਾੜੀ, ਸਿਵਲ ਇੰਜੀਨੀਅਰਿੰਗ ਤੇ ਵਾਤਾਵਰਣ ਵਿਗਿਆਨ ਦੇ ਖੇਤਰਾਂ ਵਿੱਚ ਅਗੇਰਿਆਂ ਦੇ ਨਾਲ ਕਦਮ ਮਿਲਾ ਸਕਣਗੇ।
ਉਨ੍ਹਾਂ ਨੇ ਕਿਹਾ ਕਿ ਆਈ ਆਈ ਟੀ ਰੋਪੜ ਦੇ ਵਿਦਵਾਨ ਪ੍ਰੋਫੈਸਰਾਂ ਦੀ ਮਦਦ ਨਾਲ ਵਿਦਿਆਰਥੀਆਂ ਲਈ ਖਾਸ ਟ੍ਰੇਨਿੰਗ ਸੈਸ਼ਨ ਅਤੇ ਵਰਕਸ਼ਾਪ ਵੀ ਕਰਵਾਈਆਂ ਜਾਣਗੀਆਂ।
ਆਈ ਆਈ ਟੀ ਰੋਪੜ ਦੇ ਅਵਦ ਦੇ ਡੀਨ ਡਾ. ਪੁਸ਼ਪਿੰਦਰਾ ਵੱਲੋਂ ਕਿਹਾ ਗਿਆ ਕਿ ਇਹ ਸਾਂਝਾ ਪ੍ਰੋਜੈਕਟ ਪੰਜਾਬ ਸਰਕਾਰ ਦੇ “ਰਿਸਰਚ ਤੇ ਸਕਿਲ ਡਿਵੈਲਪਮੈਂਟ” ਵਿਜ਼ਨ ਨਾਲ ਮਿਲਦਾ ਹੈ ਅਤੇ ਇਸ ਰਾਹੀਂ ਸੂਬੇ ਦੇ ਤਕਨੀਕੀ ਸਿੱਖਿਆ ਸੰਸਥਾਨਾਂ ਵਿੱਚ ਨਵੀਨਤਾ ਨੂੰ ਵਧਾਏਗਾ।
ਇਸ ਮੌਕੇ ਸਰਕਾਰੀ ਪੋਲੀਟੈਕਨਿਕ ਕਾਲਜ ਬਟਾਲਾ ਤੋਂ ਵਿਜੇ ਕੁਮਾਰ ਮਿਨਹਾਸ, ਹਰਜਿੰਦਰਪਾਲ ਸਿੰਘ ਅਤੇ ਸ਼ਾਲਿਨੀ ਮਹਾਜਨ ਵੀ ਮੌਜੂਦ ਸਨ। ਇਸ ਐਮ ਓ ਯੂ ਸਬੰਧੀ ਕਾਲਜ ਦੇ ਸਟਾਫ ਨੇ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਲੈਬ ਨਾ ਸਿਰਫ਼ ਕਾਲਜ ਦੇ ਵਿਦਿਆਰਥੀਆਂ ਲਈ ਵਿਗਿਆਨਕ ਸਿੱਖਿਆ ਦੇ ਨਵੇਂ ਦਰਵਾਜ਼ੇ ਖੋਲ੍ਹੇਗੀ, ਸਗੋਂ ਮਾਝਾ ਖੇਤਰ ਦੇ ਕਿਸਾਨਾਂ ਲਈ ਵੀ ਮਿੱਟੀ ਦੀ ਗੁਣਵੱਤਾ ਜਾਂਚ ਦੇ ਸਹੀ ਤਰੀਕੇ ਉਪਲਬਧ ਕਰਵਾਉਣ ਦੇ ਨਾਲ ਨਾਲ ਵਿਦਿਆਰਥੀਆਂ ਲਈ ਅਸਲ ਪ੍ਰਯੋਗਸ਼ਾਲਾ ਅਧਾਰਤ ਖੋਜ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਤਿਆਰ ਕਰੇਗਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ