
ਚੰਡੀਗੜ੍ਹ, 18 ਦਸੰਬਰ (ਹਿੰ. ਸ.)। ਪੰਜਾਬ ਭਰ ਦੇ ਦਿਹਾਤੀ ਹਲਕਿਆਂ 'ਚੋਂ ਨਿਰਣਾਇਕ ਫੈਸਲਾ ਸੁਣਾਉਂਦਿਆਂ ਪੰਜਾਬ ਭਰ ਦੇ ਵੋਟਰਾਂ ਨੇ ਆਮ ਆਦਮੀ ਪਾਰਟੀ (ਆਪ) ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਇੱਕ ਵੱਡਾ ਲੋਕ ਫ਼ਤਵਾ ਦਿੱਤਾ ਹੈ, ਜੋ ਸੱਤਾਧਾਰੀ ਸਰਕਾਰ ਤੋਂ ਅੱਕਣ ਜਾਂ ਥੱਕਣ ਦਾ ਨਹੀਂ ਬਲਕਿ ਸਰਕਾਰ ਦੇ ਬਿਹਤਰ ਸ਼ਾਸਨ ਦੀ ਸਪੱਸ਼ਟ ਹਮਾਇਤ ਦਾ ਪ੍ਰਮਾਣ ਹੈ। 70 ਫੀਸਦ ਤੋਂ ਵੱਧ ਸੀਟਾਂ 'ਤੇ ਪਾਰਟੀ ਦੀ ਜਿੱਤ ਇੱਕ ਸੱਤਾਧਾਰੀ ਪਾਰਟੀ ਦੇ ਹੱਕ ਵਿੱਚ ਮਜ਼ਬੂਤ ਲੋਕ ਲਹਿਰ ਵੱਲ ਇਸ਼ਾਰਾ ਕਰਦੀ ਹੈ। ਇਹ ਕਹਿੰਦਿਆਂ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਲੋਕ ਫ਼ਤਵਾ ਭਗਵੰਤ ਮਾਨ ਸਰਕਾਰ ਵੱਲੋਂ 'ਕੰਮ ਦੀ ਰਾਜਨੀਤੀ', ਜਿਸ ਵਿੱਚ 'ਯੁੱਧ ਨਸ਼ਿਆਂ ਵਿਰੁੱਧ' (ਨਸ਼ਿਆਂ ਵਿਰੁੱਧ ਜੰਗ), ਸਿੰਚਾਈ ਸੁਧਾਰ, ਨਿਰਵਿਘਨ ਬਿਜਲੀ, ਸੜਕ ਨਿਰਮਾਣ, ਰੋਜ਼ਗਾਰ, ਸਿੱਖਿਆ ਅਤੇ ਸਿਹਤ ਸੇਵਾਵਾਂ ਆਦਿ ਖੇਤਰਾਂ ਵਿੱਚ ਵੱਖ-ਵੱਖ ਪਹਿਲਕਦਮੀਆਂ ਕਰਨਾ ਸ਼ਾਮਲ ਹੈ, ਪ੍ਰਤੀ ਲੋਕਾਂ ਦੇ ਡੂੰਘੇ ਵਿਸ਼ਵਾਸ ਨੂੰ ਦਰਸਾਉਂਦਾ ਹੈ।
ਇਹ ਆਖਦਿਆਂ ਕਿ 'ਆਪ' ਨੇ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਵੱਡੇ ਫਰਕ ਨਾਲ ਪਛਾੜ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਫੈਸਲੇ ਨੇ ਲੋਕਾਂ ਦੀ ਸੋਚ ਨੂੰ ਸਪੱਸ਼ਟ ਤੌਰ 'ਤੇ ਸਾਰਿਆਂ ਸਾਹਮਣੇ ਲਿਆ ਕੇ ਰੱਖ ਦਿੱਤਾ ਹੈ ਅਤੇ ਇਹ ਨਤੀਜੇ ਉਨ੍ਹਾਂ ਦੀ ਸਰਕਾਰ ਵੱਲੋਂ ਜ਼ਿੰਮੇਵਾਰੀ ਅਤੇ ਨਿਮਰਤਾ ਦੀ ਭਾਵਨਾ ਨਾਲ ਲੋਕਾਂ ਦੀ ਸੇਵਾ ਦਾ ਪ੍ਰਤੱਖ ਪ੍ਰਮਾਣ ਹਨ, ਜਿਸਨੂੰ ਉਹ ਇਸੇ ਤਰ੍ਹਾਂ ਜਾਰੀ ਰੱਖਣਗੇ।
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਥੇ ਕਿਹਾ ਕਿ ਦਿਹਾਤੀ ਪੰਜਾਬ ਵਿੱਚ ਹਾਲ ਹੀ ਵਿੱਚ ਹੋਈਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਨਤੀਜੇ ਸਪੱਸ਼ਟ ਤੌਰ 'ਤੇ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਅਤੇ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੁਆਰਾ ਕੀਤੇ ਕੰਮਾਂ ਵਿੱਚ ਲੋਕਾਂ ਦੇ ਵਿਸ਼ਵਾਸ਼ ਨੂੰ ਦਰਸਾਉਂਦੇ ਹਨ। ਮੀਡੀਆ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਇਸ ਵੱਡੇ ਲੋਕ ਫ਼ਤਵੇ ਦਾ ਪੈਮਾਨਾ ਅਤੇ ਪ੍ਰਵਿਰਤੀ ਸੱਤਾ ਵਿਰੋਧੀ ਨਹੀਂ, ਸਗੋਂ ਪੰਜਾਬ ਭਰ ਵਿੱਚ ਸੱਤਾਧਾਰੀ ਪਾਰਟੀ ਦੇ ਹੱਕ ਵਿੱਚ ਵਗ ਰਹੀ ਹਵਾ ਦਾ ਪ੍ਰਮਾਣ ਹਨ।
ਮੋਹਾਲੀ ਸਥਿਤ ਪਾਰਟੀ ਦਫਤਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਤਿੰਨ ਚਾਰ ਦਿਨ ਪਹਿਲਾਂ ਹੀ ਦਿਹਾਤੀ ਪੰਜਾਬ ਵਿੱਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ ਸਨ, ਜਿਸਦੇ ਨਤੀਜੇ ਕੱਲ੍ਹ ਹੀ ਆਏ ਹਨ ਅਤੇ ਹੁਣ ਤੱਕ ਦੇ ਨਤੀਜਿਆਂ ਤੋਂ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੇ ਇਨ੍ਹਾਂ ਚੋਣਾਂ ਵਿੱਚ ਲਗਭਗ 70 ਫੀਸਦੀ ਸੀਟਾਂ ਜਿੱਤੀਆਂ ਹਨ, ਜੋ ਆਪਣੇ ਆਪ ਵਿੱਚ ਇੱਕ ਵੱਡੀ ਗੱਲ ਹੈ।
ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਅਜਿਹੀਆਂ ਚੋਣਾਂ ਨੂੰ ਅਕਸਰ ਜਨਤਾ ਦੀ ਸੋਚ ਦੇ ਸ਼ੁਰੂਆਤੀ ਸੰਕੇਤ ਵਜੋਂ ਦੇਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਲ 2013 ਦੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਇੱਕ ਸਾਲ ਬਾਅਦ ਹੀ ਹੋਈਆਂ ਸਨ ਭਾਵ ਇਹ ਚੋਣਾਂ ਸ਼੍ਰੋਮਣੀ ਅਕਾਲੀ ਦਲ ਦੇ ਚੰਗੇ ਦਿਨਾਂ ਦੇ ਸਮੇਂ ਦੌਰਾਨ ਹੀ ਹੋਈਆਂ। ਇਸੇ ਤਰ੍ਹਾਂ 2018 ਦੀਆਂ ਪੇਂਡੂ ਚੋਣਾਂ ਵੀ ਸਾਲ 2017 ਵਿੱਚ ਕਾਂਗਰਸ ਵੱਲੋਂ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਤੁਰੰਤ ਬਾਅਦ ਹੋਈਆਂ। ਉਨ੍ਹਾਂ ਕਿਹਾ ਕਿ ਪਰ ਮੌਜੂਦਾ ਪੇਂਡੂ ਚੋਣਾਂ ਉਦੋਂ ਹੋਈਆਂ ਹਨ ਜਦੋਂ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਮਹਿਜ਼ ਇੱਕ ਸਾਲ ਰਹਿੰਦਾ ਹੈ, ਜਿਸ ਨੂੰ ਮੁੱਖ ਰੱਖਥਦਿਆਂ ਇਹ ਨਤੀਜੇ ਸਪੱਸ਼ਟ ਤੌਰ 'ਤੇ ਮੌਜੂਦਾ ਸਰਕਾਰ ਦੇ ਕੰਮਾਂ ਵਿੱਚ ਲੋਕਾਂ ਦੇ ਠੋਸ ਵਿਸ਼ਵਾਸ਼ ਅਤੇ ਸੰਤੁਸ਼ਟੀ ਨੂੰ ਦਰਸਾਉਂਦੇ ਹਨ।
ਕੇਜਰੀਵਾਲ ਨੇ ਕਿਹਾ ਕਿ ਅਜਿਹੇ ਜੋੜ-ਤੋੜ ਪੂਰੀ ਤਰ੍ਹਾਂ ਗੁੰਮਰਾਹਕੁੰਨ ਹਨ। ਉਨ੍ਹਾਂ ਕਿਹਾ ਕਿ ਕੱਲ੍ਹ ਮੈਨੂੰ ਕੁਝ ਪੱਤਰਕਾਰਾਂ ਨੇ ਦੱਸਿਆ ਸੀ ਕਿ 2012 ਵਿੱਚ ਜਦੋਂ ਅਕਾਲੀ ਦਲ ਸੱਤਾ ਵਿੱਚ ਸੀ ਤਾਂ ਉਸ ਸਮੇਂ ਉਨ੍ਹਾਂ ਨੂੰ ਵੀ ਪੇਂਡੂ ਸਥਾਨਕ ਚੋਣਾਂ ਵਿੱਚ ਬਹੁਮਤ ਮਿਲਿਆ ਸੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਤੇ ਮਾਹੌਲ ਦੀ ਤੁਲਨਾ ਉਸ ਸਮੇਂ ਨਾਲ ਕਰਨੀ ਕਿਸੇ ਵੀ ਪੱਖ ਤੋਂ ਸਹੀ ਨਹੀਂ ਹੈ ਕਿਉਂ ਕਿ ਪਹਿਲੀ ਗੱਲ ਤਾਂ ਉਨ੍ਹਾਂ ਸਮਿਆਂ ਵਿੱਚ ਪਿਛਲੀਆਂ ਦੋਵੇਂ ਸਰਕਾਰਾਂ ਨੇ ਸਿਰਫ਼ ਇੱਕ ਸਾਲ ਹੀ ਪੂਰਾ ਕੀਤਾ ਸੀ, ਜਦੋਂ ਕਿ ਸਾਡੀ ਸਰਕਾਰ ਨੇ ਚਾਰ ਸਾਲ ਪੂਰੇ ਕੀਤੇ ਹਨ। ਦੂਜੀ ਗੱਲ ਇਹ ਕਿ ਅਸੀਂ ਸਾਰੇ ਜਾਣਦੇ ਹਾਂ ਕਿ 2013 ਅਤੇ 2018 ਦੀਆਂ ਪੇਂਡੂ ਚੋਣਾਂ ਪੂਰੀ ਤਰ੍ਹਾਂ ਜ਼ੋਰ-ਜ਼ਬਰਦਸਤੀ ਅਧੀਨ ਹੋਈਆਂ ਸਨ ਅਤੇ ਇਨ੍ਹਾਂ ਚੋਣਾਂ ਜਾਂ ਵੋਟਾਂ ਦੀ ਗਿਣਤੀ ਦੀ ਕੋਈ ਵੀਡੀਓਗ੍ਰਾਫੀ ਨਹੀਂ ਹੋਈ ਸੀ। ਇਸ ਲਈ ਜੋ ਸਭ ਹੋਇਆ ਉਹ ਧੱਕੇਸ਼ਾਹੀ ਅਤੇ ਜ਼ੋਰ-ਜ਼ਬਰਦਸਤੀ ਨਾਲ ਹੋਇਆ।
ਕੇਜਰੀਵਾਲ ਨੇ ਕਿਹਾ ਕਿ ਹਾਲ ਹੀ ਵਿੱਚ ਹੋਈਆਂ ਚੋਣਾਂ ਪੂਰੀ ਤਰ੍ਹਾਂ ਪਾਰਦਰਸ਼ੀ, ਆਜ਼ਾਦ ਅਤੇ ਨਿਰਪੱਖ ਢੰਗ ਨਾਲ ਕਰਵਾਈਆਂ ਗਈਆਂ ਹਨ, ਜਿਸ ਦੌਰਾਨ ਪੂਰੀ ਪੋਲਿੰਗ ਪ੍ਰਕਿਰਿਆ ਅਤੇ ਵੋਟਾਂ ਦੀ ਗਿਣਤੀ ਦੀ ਵੀਡੀਓਗ੍ਰਾਫੀ ਕੀਤੀ ਗਈ। ਉਨ੍ਹਾਂ ਕਿਹਾ ਕਿ ਮੈਂ ਇਹ ਦਿਖਾਉਣ ਲਈ ਤੁਹਾਡੇ ਸਾਹਮਣੇ ਠੋਸ ਸਬੂਤ ਰੱਖ ਰਿਹਾ ਹਾਂ ਕਿ ਇਹ ਚੋਣਾਂ ਕਿੰਨੀਆਂ ਨਿਰਪੱਖ ਤੇ ਪਾਰਦਰਸ਼ੀ ਸਨ।
ਵਿਸਤ੍ਰਿਤ ਅੰਕੜਿਆਂ ਦਾ ਹਵਾਲਾ ਦਿੰਦਿਆਂ 'ਆਪ' ਮੁਖੀ ਨੇ ਕਿਹਾ ਕਿ ਪੰਜਾਬ ਭਰ 'ਚ 580 ਸੀਟਾਂ ਅਜਿਹੀਆਂ ਹਨ ਜੋ 100 ਤੋਂ ਘੱਟ ਵੋਟਾਂ ਦੇ ਫਰਕ ਨਾਲ ਜਿੱਤੀਆਂ ਗਈਆਂ ਹਨ, ਅਤੇ ਇਨ੍ਹਾਂ 580 ਸੀਟਾਂ 'ਚੋਂ 'ਆਪ' ਨੇ 100 ਤੋਂ ਘੱਟ ਵੋਟਾਂ ਦੇ ਫਰਕ ਨਾਲ 261 ਸੀਟਾਂ ਜਿੱਤੀਆਂ ਹਨ, ਜਦਕਿ ਵਿਰੋਧੀ ਧਿਰ ਨੇ 319 ਸੀਟਾਂ ਜਿੱਤੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਜਾਂ ਦਬਾਅ ਬਣਾਉਣ ਦੀ ਰਣਨੀਤੀ ਦੀ ਕੋਈ ਗੱਲ ਹੁੰਦੀ ਤਾਂ ਸਿਰਫ਼ ਡੀਸੀ ਜਾਂ ਐਸਡੀਐਮ ਨੂੰ ਇੱਕ ਫੋਨ ਕਾਲ ਕਰਨ ਨਾਲ ਵਿਰੋਧੀ ਧਿਰ ਦੁਆਰਾ ਜਿੱਤੀਆਂ ਗਈਆਂ 319 ਸੀਟਾਂ ਆਸਾਨੀ ਨਾਲ ਸਾਡੇ ਹੱਕ ਵਿੱਚ ਜਾ ਸਕਦੀਆਂ ਸਨ, ਪਰ ਅਸੀਂ ਅਜਿਹਾ ਨਹੀਂ ਕੀਤਾ, ਕਿਉਂਕਿ ਅਸੀਂ ਲੋਕਾਂ ਦੀ ਸੱਚੀ ਭਾਵਨਾ ਤੇ ਸੋਚ ਦੇਖਣਾ ਚਾਹੁੰਦੇ ਸੀ।
ਅਰਵਿੰਦ ਕੇਜਰੀਵਾਲ ਨੇ ਉਦਾਹਰਣਾਂ ਦਿੰਦੇ ਹੋਏ ਕਿਹਾ ਕਿ “ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ, ਸੰਗਰੂਰ ਜ਼ਿਲ੍ਹੇ ਦੇ, ਫੱਗਵਾਲਾ ਜ਼ੋਨ ਤੋਂ ਕਾਂਗਰਸ ਦੀ ਮਹਿਜ਼ 5 ਵੋਟਾਂ ਨਾਲ ਜਿੱਤੀ ਹੋਈ ਹੈ। ਸ੍ਰੀ ਮੁਕਤਸਰ ਸਾਹਿਬ ਵਿੱਚ, ਕੋਟ ਭਾਈ ਜ਼ੋਨ ਤੋਂ ਕਾਂਗਰਸ ਸਿਰਫ 41 ਵੋਟਾਂ ਨਾਲ ਜਿੱਤੀ। ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ। ਬਲਾਕ ਸੰਮਤੀਆਂ ਵਿੱਚ, ਫਤਿਹਗੜ੍ਹ ਸਾਹਿਬ ਦੇ ਲਖਨਪੁਰ ਵਾਰਡ ਵਿੱਚ, ਕਾਂਗਰਸ ਨੇ 3 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਜਲੰਧਰ ਦੇ ਗਿੱਲ ਵਿੱਚ, ਕਾਂਗਰਸ ਨੇ 3 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਲੁਧਿਆਣਾ ਦੇ ਬਾਜਰਾ ਵਿੱਚ, ਕਾਂਗਰਸ ਨੇ 3 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਗੁਰਦਾਸਪੁਰ ਦੇ ਚੱਗੂਵਾਲਾ ਵਿੱਚ, ਕਾਂਗਰਸ 4 ਵੋਟਾਂ ਨਾਲ ਜਿੱਤੀ । ਹੁਸ਼ਿਆਰਪੁਰ ਦੇ ਘੋੜੇਵਾਹਾ (ਟਾਂਡਾ) ਵਿੱਚ, ਕਾਂਗਰਸ ਨੇ 4 ਵੋਟਾਂ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਇੱਕ, ਦੋ, ਤਿੰਨ ਜਾਂ ਚਾਰ ਵੋਟਾਂ ਦੇ ਫਰਕ ਨਾਲ ਸੀਟਾਂ ਜਿੱਤੀਆਂ ਜਾ ਰਹੀਆਂ ਹਨ ਤਾਂ ਕੀ ਇਸ ਤੋਂ ਵੱਡਾ ਕੋਈ ਸਬੂਤ ਹੋ ਸਕਦਾ ਹੈ ਕਿ ਚੋਣ ਅਮਲ ਪੂਰੀ ਤਰ੍ਹਾਂ ਪਾਰਦਰਸ਼ੀ, ਸੁਤੰਤਰ ਅਤੇ ਨਿਰਪੱਖ ਸੀ। ਇਸ ਮੌਕੇ ਉਨ੍ਹਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ