ਸਾਹਿਬਜ਼ਾਦਾ ਅਜੀਤ ਸਿੰਘ ਨਗਰ, 2 ਅਪ੍ਰੈਲ (ਹਿੰ. ਸ.)। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿਖਿਆ ਅਤੇ ਖੋਜ ਵਿਭਾਗਾਂ ਦੇ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇੱਥੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ’ਚ ਬੇਹਤਰੀਨ ਸਿਹਤ ਸੇਵਾਵਾਂ ਢਾਂਚਾ ਮੁਹੱਈਆ ਕਰਵਾਉਣ ਦੀ ਵਚਨਬੱਧਤਾ ’ਤੇ ਕੰਮ ਕਰ ਰਹੀ ਹੈ।
ਉਹ ਅੱਜ ਇੱਥੇ ਵਿਸ਼ਵ ਔਟਿਜ਼ਮ ਡੇਅ ਮੌਕੇ ਮੋਹਾਲੀ ਦੇ ਸੈਕਟਰ 79 ਦੇ ਐਡਵਾਂਸਡ ਔਟਿਜ਼ਮ ਕੇਅਰ ਤੇ ਰਿਸਰਚ ਸੈਂਟਰ ’ਚ ਓ ਪੀ ਡੀ ਸੇਵਾਵਾਂ ਸ਼ੁਰੂ ਕਰਨ ਪੁੱਜੇ ਸਨ। ਉਨ੍ਹਾਂ ਕਿਹਾ ਕਿ ਇਸ ਸੈਂਟਰ ਨੂੰ ਪੰਜਾਬ ਦੇ ਔਟਿਸਟਿਕ ਬੱਚਿਆਂ ਦੇ ਇਲਾਜ ਅਤੇ ਅੰਦਰੂਨੀ ਬਹੁਪੱਖੀ ਪ੍ਰਤਿਭਾ ਨੂੰ ਬਾਹਰ ਲਿਆਉਣ ਲਈ ਰਾਜ ਦੇ ਸਰਵੋਤਮ ਅਤੇ ਬੇਹਤਰੀਨ ਕੇਂਦਰ ਵਜੋਂ ਵਿਕਸਿਤ ਕੀਤਾ ਜਾਵੇਗਾ।
ਉਨ੍ਹਾਂ ਔਟਿਸਟਿਕ ਬੱਚਿਆਂ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਐਲਨ ਮਸਕ ਅਤੇ ਥਾਮਸ ਐਡੀਸਨ ਦੀ ਪ੍ਰਸਿੱਧੀ ਤੋਂ ਅਜ ਹਰ ਕੋਈ ਵਾਕਿਫ਼ ਹੈ। ਇੱਕ ਦੁਨੀਆ ਦੇ ਸਫ਼ਲ ਕਾਰੋਬਾਰੀ ਵਜੋਂ ਨਾਮਾਣ ਖੱਟ ਰਿਹਾ ਹੈ ਅਤੇ ਦੂਸਰੇ ਨੇ ਬਲਬ ਦੀ ਖੋਜ ਕਰਕੇ ਆਪਣੀ ਜ਼ਹੀਨ ਬੁੱਧੀ ਦਾ ਲੋਹਾ ਮਨਵਾਇਆ ਸੀ। ਉਨ੍ਹਾਂ ਆਖਿਆ ਕਿ ਇਹ ਦੋਵੇ ਹੀ ਔਟਿਸਟਿਕ ਬਾਲ ਸਨ। ਥਾਮਸ ਐਡੀਸਨ ਦੀ ਮਾਂ ਨੇ ਸਕੂਲ ਵੱਲੋਂ ਆਪਣੇ ਬੱਚੇ ਦੀ ਬੁੱਧੀ ਬਾਰੇ ਭੇਜੇ ਨੋਟ ਨੂੰ ਸਾਰੀ ਉਮਰ ਲੁਕਾ ਕੇ ਆਪਣੇ ਪੁੱਤਰ ਨੂੰ ਇਸ ਮੁਕਾਮ ’ਤੇ ਪਹੁੰਚਾਇਆ ਗਿਆ ਕਿ ਉਹ ਦੁਨੀਆ ਦਾ ਮਹਾਨ ਸਾਇੰਸਦਾਨ ਅਤੇ ਖੋਜੀ ਹੋ ਕੇ ਉਭਰਿਆ।
ਸਿਹਤ ਮੰਤਰੀ ਨੇ ਕਿਹਾ ਕਿ ਔਟਿਜ਼ਮ ਤੋਂ ਪ੍ਰਭਾਵਿਤ ਬੱਚੇ ਅੰਤਰਮੁਖੀ ਸੁਭਾਅ ਦੇ ਹੋ ਜਾਂਦੇ ਹਨ। ਉਨ੍ਹਾਂ ਦੇ ਸਿੱਖਣ ਦੀ ਵੱਖਰੀ ਨਿਊਰੋਲੋਜੀ ਅਤੇ ਫ਼ਿਜ਼ਿਓਲੋਜੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬੱਚਿਆਂ ਦੀ ਮਾਨਸਿਕਤਾ ਉੁਨ੍ਹਾਂ ਦੀ ਮਾਵਾਂ ਬੜੇ ਹੀ ਚੰਗੇ ਢੰਗ ਨਾਲ ਸਮਝਦੀਆਂ ਹਨ ਅਤੇ ਉਨ੍ਹਾਂ ਨੂੰ ਜ਼ਿਹਨੀ ਤੌਰ ’ਤੇ ਮਜ਼ਬੂਤ ਕਰਕੇ ਸਮਾਜ ਵਿੱਚ ਆਪਣਾ ਵੱਖਰਾ ਸਥਾਨ ਬਣਾਉਣ ਦੇ ਕਾਬਲ ਬਣਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਕੇਂਦਰ ਦੇ ਪੂਰੀ ਤਰ੍ਹਾਂ ਚੱਲਣ ਨਾਲ ਪੰਜਾਬ ਭਰ ਤੋਂ ਅਜਿਹੇ ਬੱਚਿਆਂ ਨੂੰ ਲੋੜੀਂਦਾਂ ਇਲਾਜ ਦੇਣ ਅਤੇ ਉਨ੍ਹਾਂ ਦੇ ਅੰਤਰਮੁਖੀ ਸੁਭਾਅ ਨੂੰ ਤਬਦੀਲ ਕਰਕੇ ਬਾਹਰੀ ਸਮਾਜ ਦੀ ਚਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਨ ਵਿੱਚ ਮੱਦਦ ਮਿਲੇਗੀ। ਉਨ੍ਹਾਂ ਕਿਹਾ ਕਿ ਸਪੀਚ ਥਰੈਪੀ, ਸੈਂਸਰੀ ਇੰਟੈਗ੍ਰੇਸ਼ਨ ਥਰੈਪੀ, ਪਲੇਅ ਥਰੈਪੀ ਅਤੇ ਕਲੀਨੀਕਲ ਅਸੈਸਮੈਂਟ ਰੂਮ ਨਾਲ ਅੱਜ ਸ਼ੁਰੂ ਹੋਈ ਓ ਪੀ ਡੀ ਸੇਵਾ ਦਾ ਭਵਿੱਖ ਵਿੱਚ ਹੋਰ ਵਿਸਤਾਰ ਕਰਕੇ ਅਗਲੇ ਪੱਧਰ ਦੀਆਂ ਸੇਵਾਵਾਂ ਅਤੇ ਖੋਜ ਇਸ ਸੰਸਥਾਂ ਨੂੰ ਪੰਜਾਬ ਦੀ ਕੇਂਦਰੀ ਸੰਸਥਾ ਵਜੋਂ ਉਭਾਰੇਗੀ।
ਉਨ੍ਹਾਂ ਨੇ ਡਾ. ਬੀ ਆਰ ਅੰਬੇਦਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਵੱਲੋਂ ਇਸ ਕੇਂਦਰ ਨੂੰ ਚਲਾਉਣ ਵਿੱਚ ਦਿਖਾਈ ਗੰਭੀਰਤਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮੈਡੀਕਲ ਸਿਖਿਆ ਅਤੇ ਖੋਜ ਵਿਭਾਗ ਇਸ ਦੀ ਕਾਮਯਾਬੀ ਲਈ ਹਰ ਸੰਭਵ ਸਹਾਇਤਾ ਕਰੇਗਾ। ਉਨ੍ਹਾਂ ਕਿਹਾ ਕਿ ਇੱਥੇ ਸਿਖਲਾਈ, ਰਹਿਣ ਲਈ ਹੋਸਟਲ ਆਦਿ ਸੁਵਿਧਾਵਾਂ ਵੀ ਅਗਲੇ ਦਿਨਾਂ ’ਚ ਸ਼ੁਰੂ ਕੀਤੀਆਂ ਜਾਣਗੀਆਂ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਾਲ 2016 ’ਚ ਬਣਨੇ ਸ਼ੁਰੂ ਹੋਏ ਇਸ ਸੈਂਟਰ ਦੇ ਦੇਰੀ ਨਾਲ ਕਾਰਜਸ਼ੀਲ ਹੋਣ ਪਿੱਛੇ ਪਿਛਲੀਆਂ ਸਰਕਾਰਾਂ ਦੀ ਉਦਾਸੀਨਤਾ ਭਾਰੂ ਰਹੀ ਪਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਹੁਣ ਇਸ ਨੂੰ ਹਰ ਤਰ੍ਹਾਂ ਦੀ ਸੁੱਖ-ਸੁਵਿਧਾ ਨਾਲ ਲੈਸ ਕਰਕੇ, ਇਸ ਨੂੰ ਸੂਬੇ ਦੇ ਸਮੁੱਚੇ ਔਟਿਸਟਿਕ ਬੱਚਿਆਂ ਲਈ ਆਸ ਦੀ ਵੱਡੀ ਕਿਰਨ ਦੇ ਕੇਂਦਰ ਵਜੋਂ ਵਿਕਸਿਤ ਕਰੇਗੀ। ਉਨ੍ਹਾਂ ਮੌਕੇ ’ਤੇ ਹੀ ਆਦੇਸ਼ ਦਿੱਤੇ ਕਿ ਇਸ ਸੰਸਥਾ ਦੇ ਜੋ ਥੋੜ੍ਹੇ-ਬਹੁਤ ਕੰਮ ਬਾਕੀ ਹਨ, ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਮੁਕੰਮਲ ਕੀਤਾ ਜਾਵੇ ਤਾਂ ਜੋ ਇਸ ਕੇਂਦਰ ਦਾ ਔਟਿਸਟਿਕ ਬੱਚਿਆਂ ਨੂੰ ਵੱਧ ਤੋਂ ਵੱਧ ਲਾਭ ਮਿਲ ਸਕੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ