ਲਾਸ ਏਂਜਲਸ, 9 ਮਈ (ਹਿੰ.ਸ.)। ਲਾਸ ਏਂਜਲਸ ਮੈਮੋਰੀਅਲ ਕੋਲੀਜ਼ੀਅਮ ਅਤੇ ਇੰਗਲਵੁੱਡ ਸਥਿਤ ਸੋਫੀ ਸਟੇਡੀਅਮ 2028 ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਦੇ ਉਦਘਾਟਨੀ ਅਤੇ ਸਮਾਪਤੀ ਸਮਾਰੋਹਾਂ ਦੀ ਮੇਜ਼ਬਾਨੀ ਕਰਨਗੇ। ਐਲਏ28 ਦੇ ਪ੍ਰਬੰਧਕਾਂ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ।
14 ਜੁਲਾਈ, 2028 ਨੂੰ ਓਲੰਪਿਕ ਉਦਘਾਟਨੀ ਸਮਾਰੋਹ ਪਹਿਲੀ ਵਾਰ ਦੋ ਸਥਾਨਾਂ- ਇਤਿਹਾਸਕ ਕੋਲੀਜ਼ੀਅਮ ਅਤੇ ਆਧੁਨਿਕ ਸੋਫੀ ਸਟੇਡੀਅਮ ’ਚ ਸਾਂਝੇ ਤੌਰ ’ਤੇ ਆਯੋਜਿਤ ਹੋਵੇਗਾ। ਕੋਲੀਜ਼ੀਅਮ ਓਲੰਪਿਕ ਇਤਿਹਾਸ ’ਚ ਤਿੰਨ ਵਾਰ ਖੇਡਾਂ ਦੀ ਮੇਜ਼ਬਾਨੀ ਕਰਨ ਵਾਲਾ ਪਹਿਲਾ ਸਥਾਨ ਬਣ ਜਾਵੇਗਾ।
ਐਲਏ ਦੀ ਵਿਰਾਸਤ ਅਤੇ ਭਵਿੱਖ ਦਾ ਹੋਵੇਗਾ ਸੰਗਮ :
ਐਲਏ28 ਦੇ ਚੇਅਰਪਰਸਨ ਅਤੇ ਪ੍ਰਧਾਨ ਕੇਸੀ ਵਾਸਰਮੈਨ ਨੇ ਇੱਕ ਬਿਆਨ ਵਿੱਚ ਕਿਹਾ, ‘‘ਇਹ ਦੋਵੇਂ ਸਥਾਨ ਲਾਸ ਏਂਜਲਸ ਦੀ ਖੇਡ ਵਿਰਾਸਤ ਅਤੇ ਤਕਨੀਕੀ ਤਰੱਕੀ ਦਾ ਪ੍ਰਤੀਕ ਹਨ। ਦੁਨੀਆ ਭਰ ਤੋਂ ਆਉਣ ਵਾਲੇ ਦਰਸ਼ਕਾਂ ਲਈ ਇਹ ਅਨੁਭਵ ਅਭੁੱਲ ਹੋਵੇਗਾ।’’
ਸਮਾਪਤੀ ਸਮਾਰੋਹ ਕੋਲੀਜ਼ੀਅਮ ’ਚ, ਪੈਰਾਲੰਪਿਕ ਦਾ ਵਿਸ਼ੇਸ਼ ਸਮਾਗਮ :ਓਲੰਪਿਕ ਦਾ ਸਮਾਪਤੀ ਸਮਾਰੋਹ 30 ਜੁਲਾਈ ਨੂੰ ਕੋਲੀਜ਼ੀਅਮ ਵਿਖੇ ਹੋਵੇਗਾ, ਜਿਸਨੂੰ ਪ੍ਰਬੰਧਕ ਅਭੁੱਲਣਯੋਗ ਜਸ਼ਨ ਵਜੋਂ ਦਰਸਾ ਰਹੇ ਹਨ। ਪੈਰਾਲੰਪਿਕਸ ਦਾ ਉਦਘਾਟਨੀ ਸਮਾਰੋਹ 15 ਅਗਸਤ ਨੂੰ ਸੋਫੀ ਸਟੇਡੀਅਮ ਵਿੱਚ ਹੋਵੇਗਾ, ਜਦੋਂ ਕਿ ਸਮਾਪਤੀ ਸਮਾਰੋਹ 27 ਅਗਸਤ ਨੂੰ ਕੋਲੀਜ਼ੀਅਮ ਵਿੱਚ ਹੋਵੇਗਾ।
ਐਲਏ ਤੀਜੀ ਵਾਰ ਓਲੰਪਿਕ ਅਤੇ ਪਹਿਲੀ ਵਾਰ ਕਰੇਗਾ ਪੈਰਾਲੰਪਿਕ ਦੀ ਮੇਜ਼ਬਾਨੀ :
ਲਾਸ ਏਂਜਲਸ ਨੇ ਇਸ ਤੋਂ ਪਹਿਲਾਂ 1932 ਅਤੇ 1984 ਵਿੱਚ ਓਲੰਪਿਕ ਦੀ ਮੇਜ਼ਬਾਨੀ ਕੀਤੀ ਸੀ। ਪਰ 2028 ਵਿੱਚ ਇਹ ਸ਼ਹਿਰ ਪਹਿਲੀ ਵਾਰ ਪੈਰਾਲੰਪਿਕ ਖੇਡਾਂ ਦੀ ਮੇਜ਼ਬਾਨੀ ਵੀ ਕਰੇਗਾ।
ਪ੍ਰਬੰਧਕਾਂ ਨੇ ਕਿਹਾ, ਪੈਰਾਲੰਪਿਕ ਸਮਾਪਤੀ ਸਮਾਰੋਹ ਐਲਏ28 ਖੇਡਾਂ ਦਾ ਆਖਰੀ ਯਾਦਗਾਰੀ ਹਾਈਲਾਈਟ ਹੋਵੇਗਾ, ਜੋ ਓਲੰਪਿਕ ਅਤੇ ਪੈਰਾਲੰਪਿਕ ਅੰਦੋਲਨਾਂ ਨੂੰ ਸਥਾਈ ਤੌਰ 'ਤੇ ਲਾਸ ਏਂਜਲਸ ਨਾਲ ਜੋੜੇਗਾ।
ਲੌਂਗ ਬੀਚ ਅਤੇ ਹਾਲੀਵੁੱਡ ਵਿੱਚ ਵੀ ਹੋਣਗੇ ਆਯੋਜਨ :ਐਲਏ28 ਨੇ ਪਿਛਲੇ ਮਹੀਨੇ ਕੁਝ ਹੋਰ ਆਯੋਜਨ ਥਾਵਾਂ ਦਾ ਵੀ ਐਲਾਨ ਕੀਤਾ ਸੀ। ਬੀਚ ਵਾਲੀਬਾਲ ਮੁਕਾਬਲੇ ਲੌਂਗ ਬੀਚ ਦੇ ਅਲਾਮੀਟੋਸ ਬੀਚ 'ਤੇ ਹੋਣਗੇ, ਜਦੋਂ ਕਿ ਸਕੁਐਸ਼ ਹਾਲੀਵੁੱਡ ਦੇ ਯੂਨੀਵਰਸਲ ਸਟੂਡੀਓਜ਼ ਵਿਖੇ ਆਪਣਾ ਓਲੰਪਿਕ ਡੈਬਿਊ ਕਰੇਗਾ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ