ਨਵੀਂ ਦਿੱਲੀ, 9 ਮਈ (ਹਿੰ.ਸ.)। ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਅਤੇ ਦੋ ਵਾਰ ਦੇ ਓਲੰਪਿਕ ਤਗਮਾ ਜੇਤੂ ਨੀਰਜ ਚੋਪੜਾ ਇਸ ਸਾਲ 24 ਜੂਨ ਨੂੰ ਚੈੱਕ ਗਣਰਾਜ ਦੇ ਓਸਟ੍ਰਾਵਾ ਸ਼ਹਿਰ ਵਿੱਚ ਹੋਣ ਵਾਲੇ ਗੋਲਡਨ ਸਪਾਈਕ 2025 ਐਥਲੈਟਿਕਸ ਮੀਟ ਵਿੱਚ ਹਿੱਸਾ ਲੈਣਗੇ। ਇਸ ਤੋਂ ਪਹਿਲਾਂ, ਉਹ ਸੱਟ ਕਾਰਨ 2023 ਅਤੇ 2024 ਦੇ ਐਡੀਸ਼ਨਾਂ ਤੋਂ ਹਟ ਗਏ ਸਨ, ਪਰ ਇਸ ਵਾਰ ਉਹ ਤੀਜੀ ਵਾਰ ਆਪਣੀ ਕਿਸਮਤ ਅਜ਼ਮਾਉਣਗੇ।
ਟੋਕੀਓ ਓਲੰਪਿਕ ਦੇ ਸੋਨ ਤਗਮਾ ਜੇਤੂ ਨੀਰਜ ਚੋਪੜਾ ਪਿਛਲੇ ਦੋ ਸਾਲਾਂ ਵਿੱਚ ਇਸ ਵੱਕਾਰੀ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲੈ ਸਕੇ, ਹਾਲਾਂਕਿ ਉਹ 2024 ਵਿੱਚ ਉੱਥੇ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ ਸਨ। ਇਸ ਵਾਰ ਇਹ ਮੈਚ ਖਾਸ ਹੋਵੇਗਾ ਕਿਉਂਕਿ ਇਹ ਉਨ੍ਹਾਂ ਦੇ ਦਿੱਗਜ਼ ਕੋਚ ਅਤੇ ਸਾਬਕਾ ਵਿਸ਼ਵ ਚੈਂਪੀਅਨ ਜਾਨ ਜ਼ੇਲੇਜ਼ਨੀ ਦੇ ਘਰੇਲੂ ਮੈਦਾਨ 'ਤੇ ਖੇਡਿਆ ਜਾਵੇਗਾ। ਜ਼ੇਲੇਜ਼ਨੀ ਖੁਦ ਇਸ ਟੂਰਨਾਮੈਂਟ ਦੇ ਡਾਇਰੈਕਟਰ ਵੀ ਹਨ।
ਨੀਰਜ ਨੇ ਵੀਰਵਾਰ ਨੂੰ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ, ‘‘ਮੈਨੂੰ ਇਹ ਐਲਾਨ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ ਇਸ ਸਾਲ ਓਸਟ੍ਰਾਵਾ ਵਿੱਚ ਗੋਲਡਨ ਸਪਾਈਕ ਮੀਟ ਵਿੱਚ ਹਿੱਸਾ ਲਵਾਂਗਾ। ਇਹ ਇੱਕ ਇਤਿਹਾਸਕ ਮੁਕਾਬਲਾ ਹੈ ਅਤੇ ਇਸ ਵਾਰ ਇਹ ਹੋਰ ਵੀ ਖਾਸ ਹੋਵੇਗਾ। ਮੇਰੇ ਕੋਚ ਜਾਨ ਜ਼ੇਲੇਜ਼ਨੀ ਇੱਥੇ ਕਈ ਵਾਰ ਜਿੱਤੇ ਹਨ ਅਤੇ ਹੁਣ ਉਹ ਟੂਰਨਾਮੈਂਟ ਡਾਇਰੈਕਟਰ ਵੀ ਹਨ।
ਵਿਸ਼ਵ ਅਥਲੈਟਿਕਸ ਗੋਲਡ ਮੀਟ ਦਾ ਹਿੱਸਾ ਹੈ ਗੋਲਡਨ ਸਪਾਈਕ :ਗੋਲਡਨ ਸਪਾਈਕ ਮੀਟ 1961 ਤੋਂ ਆਯੋਜਿਤ ਕੀਤੀ ਜਾ ਰਹੀ ਹੈ ਅਤੇ ਇਹ ਵਿਸ਼ਵ ਅਥਲੈਟਿਕਸ ਕਾਂਟੀਨੈਂਟਲ ਟੂਰ ਗੋਲਡ ਲੇਬਲ ਮੁਕਾਬਲਾ ਹੈ, ਜਿਸਨੂੰ ਡਾਇਮੰਡ ਲੀਗ ਤੋਂ ਬਾਅਦ ਦੁਨੀਆ ਦੀ ਦੂਜੀ ਸਭ ਤੋਂ ਮਹੱਤਵਪੂਰਨ ਲੜੀ ਮੰਨਿਆ ਜਾਂਦਾ ਹੈ। ਇਸ ਵਾਰ ਨੀਰਜ ਦਾ ਸਾਹਮਣਾ 2020 ਓਲੰਪਿਕ ਚਾਂਦੀ ਦਾ ਤਗਮਾ ਜੇਤੂ ਅਤੇ ਚੈੱਕ ਗਣਰਾਜ ਦੇ ਹੀ ਯਾਕੂਬ ਵਾਡਲੇਚ ਵਰਗੇ ਚੋਟੀ ਦੇ ਖਿਡਾਰੀਆਂ ਨਾਲ ਹੋਵੇਗਾ।
ਇਸ ਤੋਂ ਪਹਿਲਾਂ ਦੋ ਵੱਡੇ ਮੁਕਾਬਲਿਆਂ ’ਚ ਉਤਰਨਗੇ ਨੀਰਜ :
ਗੋਲਡਨ ਸਪਾਈਕ ਤੋਂ ਪਹਿਲਾਂ, ਨੀਰਜ 16 ਮਈ ਨੂੰ ਦੋਹਾ ਡਾਇਮੰਡ ਲੀਗ ਅਤੇ 24 ਮਈ ਨੂੰ ਬੰਗਲੁਰੂ ਵਿੱਚ ਹੋਣ ਵਾਲੀ ਪਹਿਲੀ 'ਨੀਰਜ ਚੋਪੜਾ ਕਲਾਸਿਕ' ਵਿੱਚ ਦਿਖਾਈ ਦੇਣਗੇ। ਉਹ 27 ਤੋਂ 31 ਮਈ ਤੱਕ ਦੱਖਣੀ ਕੋਰੀਆ ਦੇ ਗੁਮੀ ਵਿੱਚ ਹੋਣ ਵਾਲੀ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਤੋਂ ਹਟ ਗਏ ਹਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ