ਪਟਨਾ, 6 ਜੁਲਾਈ (ਹਿੰ.ਸ.)। ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਰਾਸ਼ਟਰੀ ਪ੍ਰਧਾਨ ਚਿਰਾਗ ਪਾਸਵਾਨ ਨੇ ਆਉਣ ਵਾਲੀਆਂ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਰਾਜ ਦੀਆਂ ਸਾਰੀਆਂ 243 ਵਿਧਾਨ ਸਭਾ ਸੀਟਾਂ 'ਤੇ ਚੋਣ ਲੜਨ ਦਾ ਖੁੱਲ੍ਹੇ ਮੰਚ ਤੋਂ ਐਲਾਨ ਕੀਤਾ। ਚਿਰਾਗ ਵੱਲੋਂ ਮੰਚ ਤੋਂ ਦਿੱਤੇ ਗਏ ਇਸ ਬਿਆਨ ਨੇ ਐਨਡੀਏ ਗੱਠਜੋੜ ਵਿੱਚ ਸ਼ਾਮਲ ਭਾਜਪਾ ਅਤੇ ਜੇਡੀਯੂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।ਚਿਰਾਗ ਪਾਸਵਾਨ ਐਤਵਾਰ ਨੂੰ ਛਪਰਾ ਦੇ ਰਾਜੇਂਦਰ ਸਟੇਡੀਅਮ ਵਿੱਚ ਪਾਰਟੀ ਵੱਲੋਂ ਆਯੋਜਿਤ 'ਨਵ-ਸੰਕਲਪ ਮਹਾਂਸਭਾ' ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਇਸ ਦੌਰਾਨ ਜਨ ਸਭਾ ਨੂੰ ਸੰਬੋਧਨ ਕਰਦਿਆਂ ਚਿਰਾਗ ਨੇ ਕਿਹਾ ਕਿ ਅੱਜ ਸਾਰਨ ਦੀ ਇਸ ਪਵਿੱਤਰ ਧਰਤੀ ਤੋਂ ਤੁਹਾਡੇ ਸਾਰਿਆਂ ਦੇ ਸਾਹਮਣੇ ਮੈਂ ਇਹ ਕਹਿ ਕੇ ਜਾ ਰਿਹਾ ਹਾਂ ਕਿ ਹਾਂ, ਮੈਂ ਚੋਣਾਂ ਲੜਾਂਗਾ। ਮੈਂ ਚੋਣਾਂ ਲੜਾਂਗਾਂ ਬਿਹਾਰੀਆਂ ਦੇ ਲਈ, ਆਪਣੇ ਭਰਾਵਾਂ ਲਈ, ਆਪਣੀਆਂ ਮਾਵਾਂ ਲਈ, ਆਪਣੀਆਂ ਭੈਣਾਂ ਲਈ ਅਤੇ ਬਿਹਾਰ ਵਿੱਚ ਇੱਕ ਅਜਿਹਾ ਸਿਸਟਮ ਬਣਾਵਾਂਗਾ, ਅਜਿਹਾ ਬਿਹਾਰ ਬਣਾਵਾਂਗਾ ਜੋ ਸੱਚਮੁੱਚ ਰਾਜ ਨੂੰ ਵਿਕਾਸ ਦੇ ਰਾਹ 'ਤੇ ਅੱਗੇ ਲੈ ਜਾਵੇਗਾ।
ਉਨ੍ਹਾਂ ਕਿਹਾ, ਮੈਂ ਰੁਕਣ ਵਾਲਾ ਨਹੀਂ ਹਾਂ, ਨਾ ਹੀ ਮੈਂ ਥੱਕਣ ਵਾਲਾ ਹਾਂ ਅਤੇ ਡਰਦਾ ਤਾਂ ਮੈਂ ਕਿਸੇ ਤੋਂ ਵੀ ਨਹੀਂ ਹਾਂ। ਜਿੰਨੀ ਮਰਜ਼ੀ ਤਾਕਤ ਅਜ਼ਮਾਓਣੀ ਹੈ ਅਜ਼ਮਾ ਲਵੋ। ਸਿਰ 'ਤੇ ਕਫ਼ਨ ਬੰਨ੍ਹ ਕੇ ਨਿਕਲਿਆ ਹਾਂ ਕਿ ਜਦੋਂ ਤੱਕ ਮੈਂ ਬਿਹਾਰ ਨੂੰ ਵਿਕਸਤ ਰਾਜ ਨਹੀਂ ਬਣਾ ਦਿੰਦਾ, ਉਦੋਂ ਤੱਕ ਮੈਂ ਵੀ ਚੈਨ ਦਾ ਸਾਹ ਨਹੀਂ ਲਵਾਂਗਾ। ਪਰ ਇਸ ਲਈ, ਸਾਥੀਓ, ਮੈਨੂੰ ਲੋੜ ਹੈ, ਤੁਹਾਡੇ ਸਾਰਿਆਂ।
ਪ੍ਰੋਗਰਾਮ ਦੌਰਾਨ, ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੇ ਦੋਸ਼ ਲਗਾਇਆ ਕਿ ਕਈ ਅਜਿਹੇ ਲੋਕ ਹਨ ਜੋ ਨਹੀਂ ਚਾਹੁੰਦੇ ਕਿ ਚਿਰਾਗ ਪਾਸਵਾਨ ਬਿਹਾਰ ਆਉਣ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਬਿਹਾਰੀ ਨੌਜਵਾਨਾਂ ਨੂੰ ਹਿਜਰਤ ਕਰਕੇ ਦੂਜੇ ਰਾਜਾਂ ਅਤੇ ਦੇਸ਼ਾਂ ਵਿੱਚ ਰਹਿਣ ਲਈ ਮਜਬੂਰ ਕੀਤਾ, ਉਹ ਇਸੇ ਤਰ੍ਹਾਂ ਚਾਹੁੰਦੇ ਹਨ ਕਿ ਜੇਕਰ ਚਿਰਾਗ ਪਾਸਵਾਨ ਬਿਹਾਰ ਆਉਂਦੇ ਹਨ, ਤਾਂ ਉਹ ਨੌਜਵਾਨਾਂ ਨੂੰ ਉਨ੍ਹਾਂ ਦੇ ਅਧਿਕਾਰ ਦਿਵਾਉਣਗੇ।
ਉਨ੍ਹਾਂ ਕਿਹਾ ਕਿ ਉਹ ਔਰਤਾਂ, ਬਜ਼ੁਰਗਾਂ, ਕਿਸਾਨਾਂ ਅਤੇ ਮਜ਼ਦੂਰਾਂ ਦੇ ਅਧਿਕਾਰਾਂ ਬਾਰੇ ਗੱਲ ਕਰਨਗੇ, ਇਸੇ ਲਈ ਇਹ ਲੋਕ ਨਹੀਂ ਚਾਹੁੰਦੇ ਕਿ ਚਿਰਾਗ ਪਾਸਵਾਨ ਬਿਹਾਰ ਆਉਣ। ਚਿਰਾਗ ਨੇ ਦੋਸ਼ ਲਗਾਇਆ ਕਿ ਇਹੀ ਕਾਰਨ ਹੈ ਕਿ ਇਹ ਲੋਕ ਸਾਜ਼ਿਸ਼ ਰਚਦੇ ਹਨ ਅਤੇ ਭੰਬਲਭੂਸਾ ਪੈਦਾ ਕਰਕੇ ਵਾਰ-ਵਾਰ ਇਹ ਸਵਾਲ ਪੁੱਛਦੇ ਹਨ ਕਿ ਕੀ ਚਿਰਾਗ ਪਾਸਵਾਨ ਵਿਧਾਨ ਸਭਾ ਚੋਣਾਂ ਲੜਨਗੇ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ