ਫਾਜਿਲਕਾ 9 ਅਗਸਤ (ਹਿੰ. ਸ.)। ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਅੱਜ ਸਾਬੂਆਣਾ ਪਹੁੰਚ ਕੇ ਡਰੇਨ ਟੁੱਟਣ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਮੌਕੇ ਉਹਨਾਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਕਿਸਾਨਾਂ ਦੇ ਹੋਏ ਨੁਕਸਾਨ ਦਾ ਗਿਰਦਾਵਰੀ ਕਰਾ ਕੇ ਪੂਰਾ ਮੁਆਵਜ਼ਾ ਦਿੱਤਾ ਜਾਵੇਗਾ।
ਉਹਨਾਂ ਨੇ ਦੱਸਿਆ ਕਿ ਇਸ ਪਿੰਡ ਵਿੱਚ ਡਰੇਨ ਓਵਰਫਲੋ ਹੋਣ ਕਾਰਨ ਨੁਕਸਾਨ ਹੋਇਆ ਹੈ। ਉਹਨਾਂ ਨੇ ਆਖਿਆ ਕਿ ਡਰੇਨ ਮਹਿਕਮੇ ਨੂੰ ਤੁਰੰਤ ਹਦਾਇਤ ਕਰ ਦਿੱਤੀ ਗਈ ਹੈ ਕਿ ਡਰੇਨ ਦੇ ਕਿਨਾਰੇ ਮਜਬੂਤ ਕੀਤੇ ਜਾਣ ਤਾਂ ਜੋ ਮੁੜ ਤੋਂ ਅਜਿਹੀ ਘਟਨਾ ਨਾ ਵਾਪਰੇ। ਉਨਾਂ ਨੇ ਕਿਸਾਨਾਂ ਨੂੰ ਕਿਹਾ ਕਿ ਇੱਥੇ ਲਗਾਉਣ ਲਈ ਮੋਟਰਾਂ ਡੀਜ਼ਲ ਅਤੇ ਪਾਣੀ ਲਿਫਟ ਕਰਨ ਵਾਲੇ ਪੱਖੇ ਕਿਸਾਨਾਂ ਦੀ ਮੰਗ ਅਨੁਸਾਰ ਮੁਹਈਆ ਕਰਵਾਏ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਡਰੇਨ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਡਰੇਨਾਂ ਦੀ ਸਫਾਈ ਵੀ ਯਕੀਨੀ ਬਣਾਈ ਜਾਵੇ ਤਾਂ ਕਿ ਡਰੇਨਾਂ ਓਵਰਫਲੋ ਨਾ ਹੋਣ ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ