ਮੈਡ੍ਰਿਡ, 16 ਸਤੰਬਰ (ਹਿੰ.ਸ.)। ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੇ ਕਿਹਾ ਹੈ ਕਿ ਗਾਜ਼ਾ ਯੁੱਧ ਕਾਰਨ ਇਜ਼ਰਾਈਲ 'ਤੇ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਤੋਂ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਉਨ੍ਹਾਂ ਇਹ ਬਿਆਨ ਉਦੋਂ ਦਿੱਤਾ ਜਦੋਂ ਫਲਸਤੀਨ ਪੱਖੀ ਪ੍ਰਦਰਸ਼ਨਕਾਰੀਆਂ ਨੇ ਸਪੇਨ ਦੀ ਸਭ ਤੋਂ ਵੱਡੀ ਸਾਈਕਲਿੰਗ ਦੌੜ ਵੁਏਲਟਾ ਏ ਐਸਪਾਨਾ (Vuelta a España)ਦੇ ਅੰਤਿਮ ਪੜਾਅ ਵਿੱਚ ਵਿਘਨ ਪਾਇਆ।ਸਾਂਚੇਜ਼ ਨੇ 14 ਸਤੰਬਰ ਨੂੰ ਵਾਪਰੀ ਇਸ ਘਟਨਾ 'ਤੇ ਪ੍ਰਦਰਸ਼ਨਕਾਰੀਆਂ ਦੀ ਡੂੰਘੀ ਪ੍ਰਸ਼ੰਸਾ ਪ੍ਰਗਟ ਕੀਤੀ ਅਤੇ ਕਿਹਾ ਕਿ ਇਜ਼ਰਾਈਲ ਵਿਰੁੱਧ ਵੀ ਉਹੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੋ ਯੂਕਰੇਨ 'ਤੇ ਹਮਲੇ ਤੋਂ ਬਾਅਦ ਰੂਸ ਵਿਰੁੱਧ ਕੀਤੀ ਗਈ ਸੀ। ਉਨ੍ਹਾਂ ਕਿਹਾ, ਸਾਡੀ ਸਥਿਤੀ ਸਪੱਸ਼ਟ ਹੈ - ਜਿੰਨਾ ਚਿਰ ਇਹ ਬਰਬਰਤਾ ਜਾਰੀ ਰਹੇਗੀ, ਰੂਸ ਅਤੇ ਇਜ਼ਰਾਈਲ ਦੋਵਾਂ ਨੂੰ ਕਿਸੇ ਵੀ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਹਿੱਸਾ ਨਹੀਂ ਲੈਣਾ ਚਾਹੀਦਾ।ਮੈਡ੍ਰਿਡ ਵਿੱਚ ਲਗਭਗ ਇੱਕ ਲੱਖ ਪ੍ਰਦਰਸ਼ਨਕਾਰੀ ਇਕੱਠੇ ਹੋਏ ਅਤੇ ਸਾਈਕਲਿੰਗ ਦੌੜ ਦੇ ਰਸਤੇ ਨੂੰ ਰੋਕ ਦਿੱਤਾ। ਪੁਲਿਸ ਨੇ ਸ਼ੁਰੂ ਵਿੱਚ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਬਾਅਦ ਵਿੱਚ ਉਨ੍ਹਾਂ ਨੂੰ ਸ਼ਾਂਤੀਪੂਰਵਕ ਸੜਕ 'ਤੇ ਕਬਜ਼ਾ ਕਰਨ ਦਿੱਤਾ। ਵਿਰੋਧ ਪ੍ਰਦਰਸ਼ਨ ਦਾ ਮੁੱਖ ਨਿਸ਼ਾਨਾ ਇਜ਼ਰਾਈਲ-ਪ੍ਰੀਮੀਅਰ ਟੈਕ ਟੀਮ ਰਹੀ, ਜੋ ਇਸ ਵੱਕਾਰੀ ਦੌੜ ਵਿੱਚ ਹਿੱਸਾ ਲੈ ਰਹੀ ਸੀ।ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਿਦੋਨ ਸਾਆਰ ਨੇ ਸਾਂਚੇਜ਼ 'ਤੇ ਪ੍ਰਦਰਸ਼ਨਕਾਰੀਆਂ ਨੂੰ ਭੜਕਾਉਣ ਦਾ ਦੋਸ਼ ਲਗਾਇਆ ਅਤੇ ਉਨ੍ਹਾਂ ਦੀ ਸਰਕਾਰ ਨੂੰ ਸਪੇਨ ਦੀ ਸ਼ਰਮ ਦੱਸਿਆ। ਸਪੇਨ ਦੀ ਵਿਰੋਧੀ ਪਾਰਟੀ ਪਾਪੂਲਰ ਪਾਰਟੀ (ਪੀਪੀ) ਨੇ ਵੀ ਸਰਕਾਰ ਨੂੰ ਕਟਿਹਰੇ ’ਚ ਖੜ੍ਹਾ ਕੀਤਾ ਅਤੇ ਕਿਹਾ ਕਿ ਇਹ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਦੀ ਬਦਨਾਮੀ ਹੈ।
ਸਪੈਨਿਸ਼ ਯਹੂਦੀ ਭਾਈਚਾਰਕ ਸੰਗਠਨ ਐਫਸੀਜੇਈ ਨੇ ਵੀ ਬਿਆਨ ਜਾਰੀ ਕਰਕੇ ਹਿੰਸਾ ਨੂੰ ਜਾਇਜ਼ ਠਹਿਰਾਉਣ ਅਤੇ ਯਹੂਦੀਆਂ ਵਿਰੁੱਧ ਨਫ਼ਰਤ ਭੜਕਾਉਣ ਦੀ ਨਿੰਦਾ ਕੀਤੀ।ਵੁਏਲਟਾ ਰੇਸ ਦੇ ਡਾਇਰੈਕਟਰ ਜੇਵੀਅਰ ਗੁਇਲੇਨ ਨੇ ਇਸਨੂੰ ਪੂਰੀ ਤਰ੍ਹਾਂ ਅਸਵੀਕਾਰਨਯੋਗ ਦੱਸਿਆ ਅਤੇ ਕਿਹਾ ਕਿ ਇਹ ਭਵਿੱਖ ਵਿੱਚ ਦੁਬਾਰਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੇ ਇਹ ਵੀ ਖਦਸ਼ਾ ਪ੍ਰਗਟ ਕੀਤਾ ਕਿ 2026 ਵਿੱਚ ਬਾਰਸੀਲੋਨਾ ਵਿੱਚ ਸ਼ੁਰੂ ਹੋਣ ਵਾਲੇ ਟੂਰ ਡੀ ਫਰਾਂਸ 'ਤੇ ਸਵਾਲ ਉਠਾਏ ਜਾ ਸਕਦੇ ਹਨ।
ਜ਼ਿਕਰਯੋਗ ਹੈ ਕਿ 07 ਅਕਤੂਬਰ 2023 ਨੂੰ, ਹਮਾਸ ਦੇ ਹਮਲੇ ਵਿੱਚ ਇਜ਼ਰਾਈਲ ਵਿੱਚ 1,219 ਲੋਕ ਮਾਰੇ ਗਏ ਸਨ। ਇਸ ਤੋਂ ਬਾਅਦ ਸ਼ੁਰੂ ਹੋਈ ਇਜ਼ਰਾਈਲੀ ਫੌਜੀ ਕਾਰਵਾਈ ਵਿੱਚ, ਗਾਜ਼ਾ ਵਿੱਚ ਹੁਣ ਤੱਕ 64,905 ਤੋਂ ਵੱਧ ਫਲਸਤੀਨੀ ਮਾਰੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨਾਗਰਿਕ ਹਨ। ਸੰਯੁਕਤ ਰਾਸ਼ਟਰ ਇਨ੍ਹਾਂ ਅੰਕੜਿਆਂ ਨੂੰ ਭਰੋਸੇਯੋਗ ਮੰਨਦਾ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ