ਚੰਡੀਗੜ੍ਹ, 17 ਸਤੰਬਰ (ਹਿੰ.ਸ.)। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੋਕ ਸਭਾ ’ਚ ਵਿਰੋਧੀ ਧਰ ਦੇ ਨੇਤਾ ਅਤੇ ਗਾਂਧੀ ਪਰਿਵਾਰ ਦੇ ਮੈਂਬਰ ਰਾਹੁਲ ਗਾਂਧੀ ਨੂੰ ਪੰਜਾਬ ਦੌਰੇ ਦੌਰਾਨ ਸਿਰੋਪਾ ਭੇਟ ਕੀਤੇ ਜਾਣ ਦੇ ਮਾਮਲੇ ਵਿੱਚ ਗੁਰੂ ਮਰਿਆਦਾ ਦੀ ਉਲੰਘਣਾ ਦਾ ਦੋਸ਼ ਲਗਾਉਂਦੇ ਹੋਏ ਚਾਰ ਕਰਮਚਾਰੀਆਂ ਅਤੇ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਦੇ ਹੋਏ ਦੋ ਨੂੰ ਮੁਅੱਤਲ ਕਰ ਦਿੱਤਾ ਹੈ ਜਦਕਿ ਇੱਕ ਦੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਗਈਆਂ ਹਨ। ਉੱਥੇ ਹੀ ਇੱਕ ਅਧਿਕਾਰੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ।
ਰਾਹੁਲ ਗਾਂਧੀ ਬੀਤੀ 15 ਸਤੰਬਰ ਨੂੰ ਪੰਜਾਬ ਦੇ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਆਏ ਸਨ। ਇਸ ਦੌਰਾਨ ਉਹ ਅੰਮ੍ਰਿਤਸਰ ਸਥਿਤ ਬਾਬਾ ਬੁੱਢਾ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਵੀ ਗਏ, ਜਿੱਥੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਸਿਰੋਪਾ ਪਹਿਨਾ ਕੇ ਸਨਮਾਨਿਤ ਕੀਤਾ।
ਸਿਰੋਪਾ ਦੇਣ ਤੋਂ ਬਾਅਦ ਵਿਵਾਦ ਖੜਾ ਹੋ ਗਿਆ ਅਤੇ ਕਈ ਸਿੱਖ ਜਥੇਬੰਦੀਆਂ ਨੇ ਇਸ ’ਤੇ ਐਸਜੀਪੀਸੀ ਦੇ ਸਾਹਮਣੇ ਇਤਰਾਜ਼ ਪ੍ਰਗਟਾਇਆ। ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਗਠਿਤ ਕਮੇਟੀ ਨੇ ਬੁੱਧਵਾਰ ਸਵੇਰੇ ਇਸ ਮਾਮਲੇ ਵਿੱਚ ਰਿਪੋਰਟ ਸੌਂਪ ਦਿੱਤੀ। ਜਿਸ ਤੋਂ ਬਾਅਦ ਬੁੱਧਵਾਰ ਨੂੰ ਐਸਜੀਪੀਸੀ ਪ੍ਰਧਾਨ ਨੇ ਕਾਰਵਾਈ ਕੀਤੀ।
ਐਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦਫ਼ਤਰ ਤੋਂ ਜਾਰੀ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਕਿ ਬੀਤੇ ਦਿਨ੍ਹੀਂ ਕਾਂਗਰਸ ਨੇਤਾ ਦੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਵਿੱਚ ਆਉਣ ਸਮੇਂ ਮਰਿਆਦਾ ਦੀ ਉਲੰਘਣਾ ਕੀਤੀ ਗਈ ਸੀ, ਜਿਸਦੀ ਜਾਂਚ ਰਿਪੋਰਟ ਮਿਲਣ ਤੋਂ ਬਾਅਦ ਅੱਜ ਹੀ ਕਾਰਵਾਈ ਕਰ ਦਿੱਤੀ ਗਈ ਹੈ।
ਐਸਜੀਪੀਸੀ ਸਕੱਤਰ ਅਨੁਸਾਰ ਕਥਾਵਾਚਕ ਭਾਈ ਪਲਵਿੰਦਰ ਸਿੰਘ ਅਤੇ ਸੇਵਾਦਾਰ ਭਾਈ ਹਰਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਅਸਥਾਈ ਰੂਪ ’ਚ ਸੇਵਾ ਨਿਭਾ ਰਹੇ ਗ੍ਰੰਥੀ ਭਾਈ ਕੁਲਵਿੰਦਰ ਸਿੰਘ ਦੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਗਈਆਂ ਹਨ। ਪ੍ਰਬੰਧਕ ਪ੍ਰਗਟ ਸਿੰਘ ਨੂੰ ਚੇਤਾਵਨੀ ਦਿੰਦੇ ਹੋਏ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਪ੍ਰਤਾਪ ਸਿੰਘ ਨੇ ਦੱਸਿਆ ਕਿ ਜਾਂਚ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕਾਂਗਰਸੀ ਆਗੂ ਗੁਰਦੁਆਰਾ ਸਾਹਿਬ ਦੇ ਦਰਬਾਰ ਵਿੱਚ ਨਿਰਧਾਰਤ ਜੰਗਲੇ ਦੇ ਅੰਦਰ ਗਏ ਸਨ ਜੋ ਕਿ ਮਰਿਆਦਾ ਦੀ ਸਿੱਧੇ ਤੌਰ ’ਤੇ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਇਸ ਨਿਰਧਾਰਤ ਜਗ੍ਹਾ ’ਤੇ ਜਾਣ ਲਈ ਤੈਅ ਕੀਤਾ ਗਿਆ ਪਹਿਰਾਵਾ ਲਾਜ਼ਮੀ ਹੈ। ਅੰਦਰ ਦੀ ਸੇਵਾ ਨਿਭਾ ਰਹੇ ਗ੍ਰੰਥੀ ਸੇਵਾਦਾਰਾਂ ਅਤੇ ਸਬੰਧਤ ਕਰਮਚਾਰੀਆਂ ਤੋਂ ਇਲਾਵਾ ਕੋਈ ਵੀ ਬਾਹਰੀ ਵਿਅਕਤੀ ਇੱਥੇ ਦਾਖਲ ਨਹੀਂ ਹੋ ਸਕਦਾ ਹੈ। ਇਸ ਤੋਂ ਇਲਾਵਾ ਕਾਂਗਰਸ ਆਗੂਆਂ ਨੂੰ ਸਿਰੋਪਾ ਭੇਟ ਕਰਦੇ ਸਮੇਂ ਵੀ ਅੰਦਰੂਨੀ ਕਮੇਟੀ ਵੱਲੋਂ ਲਏ ਗਏ ਫੈਸਲੇ ਦੀ ਉਲੰਘਣਾ ਹੋਈ ਹੈ। ਐਸਜੀਪੀਸੀ ਅਨੁਸਾਰ ਦਰਬਾਰ ਸਾਹਿਬ ਦੇ ਅੰਦਰ ਕਿਸੇ ਵੀ ਵੀਆਈਪੀ ਨੂੰ ਸਿਰੋਪਾ ਨਹੀਂ ਦਿੱਤਾ ਜਾ ਸਕਦਾ ਹੈ ਇਨ੍ਹਾਂ ਦੋ ਕਾਰਨਾਂ ਦੇ ਚੱਲਦਿਆਂ ਜਾਂਚ ਰਿਪੋਰਟ ਦੇ ਆਧਾਰ ’ਤੇ ਕਰਮਚਾਰੀਆਂ ਦੇ ਵਿਰੁੱਧ ਕਾਰਵਾਈ ਕੀਤੀ ਗਈ ਹੈ।ਉੱਥੇ ਦੂਜੇ ਪਾਸੇ ਐਸਜੀਪੀਸੀ ਦੀ ਮਹਿਲਾ ਮੈਂਬਰ ਕਿਰਨਜੀਤ ਕੌਰ ਨੇ ਫੇਸਬੁੱਕ ’ਤੇ ਪੋਸਟ ਪਾ ਕੇ ਲਿਖਿਆ ਮੇਰੀ ਗੱਲ ਬਹੁਤ ਸਾਰੇ ਲੋਕਾਂ ਨੂੰ ਚੰਗੀ ਨਹੀਂ ਲੱਗੇਗੀ ਪਰ ਮੈਂ ਕਹਿਣਾ ਚਾਹੁੰਦੀ ਹਾਂ। ਜੇਕਰ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ’ਤੇ ਹਮਲਾ ਕੀਤਾ ਸੀ ਤਾਂ ਕੌਮ ਨੇ ਉਸਨੂੰ ਬਖਸ਼ਿਆ ਨਹੀਂ। ਹਿਸਾਬ ਬਰਾਬਰ। ਉਸਦੇ ਪੋਤੇ ਦਾ ਕੀ ਦੋਸ਼ ਜੋ ਖੁਦ ਉਸ ਸਮੇਂ ਬੱਚਾ ਸੀ। ਉਨ੍ਹਾਂ ਨੇ ਕਦੇ ਸਿੱਖਾਂ ਦੇ ਖਿਲਾਫ ਕੋਈ ਗੱਲ ਨਹੀਂ ਆਖੀ। ਇਸ ਲਈ ਦਾਦੀ ਦੇ ਗੁਨਾਹਾਂ ਲਈ ਉਸਨੂੰ ਜਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ