
ਚੰਡੀਗੜ੍ਹ ਜ਼ਿਲ੍ਹਾ ਖਪਤਕਾਰ ਕਮਿਸ਼ਨ ਦਾ ਫ਼ੈਸਲਾ; ਮਾਨਸਿਕ ਪ੍ਰੇਸ਼ਾਨੀ ਲਈ 10 ਹਜ਼ਾਰ ਰੁਪਏ ਮੁਆਵਜ਼ਾ ਵੀ ਦੇਣਾ ਪਵੇਗਾ
ਚੰਡੀਗੜ੍ਹ, 25 ਅਕਤੂਬਰ (ਹਿੰ.ਸ.)| ਚੰਡੀਗੜ੍ਹ ਜ਼ਿਲ੍ਹਾ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਨੇ ਏਅਰ ਇੰਡੀਆ ਨੂੰ ਸੇਵਾ ਵਿੱਚ ਕਮੀ ਦਾ ਦੋਸ਼ੀ ਮੰਨਦਿਆਂ 47,500 ਰੁਪਏ ਵਾਪਸ ਕਰਨ ਦੇ ਹੁਕਮ ਦਿੱਤੇ ਹਨ। ਇਸ ਰਕਮ ’ਤੇ 9 ਫ਼ੀਸਦੀ ਸਾਲਾਨਾ ਵਿਆਜ ਵੀ ਦੇਣਾ ਪਵੇਗਾ। ਇਸ ਤੋਂ ਇਲਾਵਾ, ਕਮਿਸ਼ਨ ਨੇ ਯਾਤਰੀ ਨੂੰ ਮਾਨਸਿਕ ਪ੍ਰੇਸ਼ਾਨੀ ਅਤੇ ਖੱਜਲ-ਖੁਆਰੀ ਲਈ 10,000 ਰੁਪਏ ਮੁਆਵਜ਼ਾ ਦੇਣ ਦੇ ਵੀ ਹੁਕਮ ਦਿੱਤੇ ਹਨ, ਜਿਸ ਵਿੱਚ ਮੁਕੱਦਮੇਬਾਜ਼ੀ ਦਾ ਖ਼ਰਚਾ ਵੀ ਸ਼ਾਮਲ ਹੈ।
ਕਮਿਸ਼ਨ ਅਨੁਸਾਰ, ਏਅਰ ਇੰਡੀਆ ਨੇ ਵਾਪਸੀ ਦੀ ਉਡਾਣ ਦੀ ਤਾਰੀਖ ਬਦਲਣ ਲਈ 500 ਅਮਰੀਕੀ ਡਾਲਰ ਲਏ ਸਨ ਅਤੇ ਬਾਅਦ ਵਿੱਚ ਇਹ ਰਕਮ ਵਾਪਸ ਕਰਨ ਦੀ ਗੱਲ ਵੀ ਕਹੀ ਸੀ, ਪਰ ਏਅਰਲਾਈਨ ਇਸ ਰਕਮ ਦੀ ਵਾਪਸੀ ਦਾ ਕੋਈ ਸਬੂਤ ਪੇਸ਼ ਨਹੀਂ ਕਰ ਸਕੀ।
ਹਾਲਾਂਕਿ, ਕਮਿਸ਼ਨ ਨੇ ਯਾਤਰੀ ਵੱਲੋਂ 1,180 ਅਮਰੀਕੀ ਡਾਲਰ ਵਾਪਸ ਕਰਨ ਦੀ ਮੰਗ ਨੂੰ ਰੱਦ ਕਰ ਦਿੱਤਾ, ਕਿਉਂਕਿ ਉਹ ਵਾਪਸੀ ਦੀ ਟਿਕਟ ਇਕਤਰਫ਼ਾ ਰੱਦ ਕੀਤੇ ਜਾਣ ਸਬੰਧੀ ਕੋਈ ਦਸਤਾਵੇਜ਼ੀ ਸਬੂਤ ਪੇਸ਼ ਨਹੀਂ ਕਰ ਸਕਿਆ।
ਸ਼ਿਕਾਇਤਕਰਤਾ ਨਰਪ੍ਰੀਤ ਵਾਲੀਆ ਨੇ ਸ਼ਿਕਾਗੋ ਤੋਂ ਨਵੀਂ ਦਿੱਲੀ ਆਉਣ-ਜਾਣ ਲਈ 680 ਅਮਰੀਕੀ ਡਾਲਰ ਵਿੱਚ ਰਾਊਂਡ ਟ੍ਰਿਪ ਟਿਕਟ ਖਰੀਦੀ ਸੀ। ਉਹ 3 ਫਰਵਰੀ 2022 ਨੂੰ ਰਵਾਨਾ ਹੋ ਕੇ 4 ਫਰਵਰੀ ਨੂੰ ਭਾਰਤ ਪਹੁੰਚੇ ਸਨ। ਉਨ੍ਹਾਂ ਦੀ ਵਾਪਸੀ ਦੀ ਉਡਾਣ 28 ਫਰਵਰੀ 2022 ਨੂੰ ਤੈਅ ਸੀ।
ਕੋਵਿਡ-19 ਅਤੇ ਸਿਹਤ ਸਬੰਧੀ ਸਮੱਸਿਆਵਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੇ ਵਾਪਸੀ ਦੀ ਤਾਰੀਖ ਬਦਲਣ ਦੀ ਬੇਨਤੀ ਕੀਤੀ। ਇਸ ਤੋਂ ਬਾਅਦ ਏਅਰ ਇੰਡੀਆ ਨੇ ਪਹਿਲਾਂ ਵਾਪਸੀ ਦੀ ਤਾਰੀਖ 7 ਜੂਨ 2022 ਅਤੇ ਫਿਰ 500 ਅਮਰੀਕੀ ਡਾਲਰ ਵਾਧੂ ਫ਼ੀਸ ਲੈ ਕੇ 19 ਜੂਨ 2022 ਕਰ ਦਿੱਤੀ।
ਪਰਿਵਾਰਕ ਜ਼ਿੰਮੇਵਾਰੀਆਂ ਕਾਰਨ ਯਾਤਰੀ ਨੇ ਇੱਕ ਵਾਰ ਫਿਰ ਤਾਰੀਖ ਬਦਲਣ ਦੀ ਬੇਨਤੀ ਕੀਤੀ। ਉਨ੍ਹਾਂ ਦਾ ਦੋਸ਼ ਸੀ ਕਿ ਏਅਰਲਾਈਨ ਨੇ ਬਿਨਾਂ ਸੂਚਨਾ ਦਿੱਤੇ ਵਾਪਸੀ ਦੀ ਟਿਕਟ ਇਕਤਰਫ਼ਾ ਰੱਦ ਕਰ ਦਿੱਤੀ।
ਯਾਤਰੀ ਨੇ ਚੰਡੀਗੜ੍ਹ ਸਥਿਤ ਏਅਰ ਇੰਡੀਆ ਦੇ ਦਫ਼ਤਰ ਵਿੱਚ ਸ਼ਿਕਾਇਤ ਕੀਤੀ, ਪਰ ਮਾਮਲੇ ਦਾ ਹੱਲ ਨਾ ਨਿਕਲਣ ’ਤੇ 18 ਸਤੰਬਰ 2023 ਨੂੰ ਖਪਤਕਾਰ ਕਮਿਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਨੇ 1,180 ਅਮਰੀਕੀ ਡਾਲਰ ਵਿਆਜ ਸਮੇਤ ਵਾਪਸ ਕਰਨ, ਮਾਨਸਿਕ ਪ੍ਰੇਸ਼ਾਨੀ ਲਈ ਮੁਆਵਜ਼ਾ ਅਤੇ ਮੁਕੱਦਮੇਬਾਜ਼ੀ ਦਾ ਖ਼ਰਚਾ ਦੇਣ ਦੀ ਮੰਗ ਕੀਤੀ ਸੀ।
ਏਅਰ ਇੰਡੀਆ ਨੇ ਆਪਣੇ ਪੱਖ ਵਿੱਚ ਕਿਹਾ ਕਿ ਟਿਕਟ ਸ਼ਿਕਾਗੋ ਦੀ ਐਵੀਆ ਟ੍ਰੈਵਲ ਇੰਕ. ਰਾਹੀਂ ਖਰੀਦੀ ਗਈ ਸੀ। ਏਅਰਲਾਈਨ ਅਨੁਸਾਰ, 18 ਜੂਨ 2022 ਨੂੰ ਤਾਰੀਖ ਬਦਲਣ ਦੀ ਬੇਨਤੀ ਬਹੁਤ ਦੇਰ ਨਾਲ ਕੀਤੀ ਗਈ ਸੀ ਅਤੇ ਟਿਕਟ ਦੀ ਸਥਿਤੀ ਵਰਤੋਂ ਲਈ ਉਪਲਬਧ ਸੀ। ਏਅਰਲਾਈਨ ਨੇ ਇਹ ਵੀ ਕਿਹਾ ਕਿ ਉਹ 500 ਅਮਰੀਕੀ ਡਾਲਰ ਦੀ ਰੀ-ਸ਼ਡਿਊਲਿੰਗ ਫ਼ੀਸ ਬਿਨਾਂ ਕਿਸੇ ਕਟੌਤੀ ਦੇ ਵਾਪਸ ਕਰਨ ਲਈ ਤਿਆਰ ਸੀ।
ਕਮਿਸ਼ਨ ਨੇ ਪਾਇਆ ਕਿ ਯਾਤਰੀ ਵਾਪਸੀ ਦੀ ਟਿਕਟ ਇਕਤਰਫ਼ਾ ਰੱਦ ਕੀਤੇ ਜਾਣ ਦਾ ਕੋਈ ਦਸਤਾਵੇਜ਼ੀ ਸਬੂਤ ਨਹੀਂ ਦੇ ਸਕਿਆ। ਇਸ ਲਈ 1,180 ਅਮਰੀਕੀ ਡਾਲਰ ਵਾਪਸ ਕਰਨ ਦੀ ਮੰਗ ਸਵੀਕਾਰ ਨਹੀਂ ਕੀਤੀ ਗਈ। ਪਰ ਏਅਰ ਇੰਡੀਆ ਵੱਲੋਂ 500 ਅਮਰੀਕੀ ਡਾਲਰ ਵਾਪਸ ਕਰਨ ਦਾ ਭਰੋਸਾ ਦੇਣ ਦੇ ਬਾਵਜੂਦ ਰਕਮ ਅਦਾ ਕਰਨ ਦਾ ਸਬੂਤ ਪੇਸ਼ ਨਾ ਕਰਨਾ ਸੇਵਾ ਵਿੱਚ ਕਮੀ ਮੰਨਿਆ ਗਿਆ।
ਕਮਿਸ਼ਨ ਨੇ ਏਅਰ ਇੰਡੀਆ ਨੂੰ ਹੁਕਮ ਦਿੱਤਾ ਕਿ ਫ਼ੈਸਲੇ ਦੀ ਪ੍ਰਮਾਣਿਤ ਕਾਪੀ ਮਿਲਣ ਦੇ 45 ਦਿਨਾਂ ਦੇ ਅੰਦਰ ਭੁਗਤਾਨ ਕੀਤਾ ਜਾਵੇ। ਜੇਕਰ ਨਿਰਧਾਰਤ ਸਮੇਂ ਵਿੱਚ ਭੁਗਤਾਨ ਨਾ ਕੀਤਾ ਗਿਆ ਤਾਂ ਹੁਕਮ ਦੀ ਤਾਰੀਖ ਤੋਂ ਅਸਲ ਭੁਗਤਾਨ ਹੋਣ ਤੱਕ 12 ਫ਼ੀਸਦੀ ਸਾਲਾਨਾ ਵਿਆਜ ਦੇਣਾ ਪਵੇਗਾ।
ਹਿੰਦੂਸਥਾਨ ਸਮਾਚਾਰ / GURSHARAN SINGH