
ਅਜਾਇਬ ਸਿੰਘ ਹੁੰਦਲ, ਗੁਰਨਾਮ ਢਿੱਲੋਂ ਅਤੇ ਰਘਬੀਰ ਸਿੰਘ ਭਰਤ ਦੇ ਦੇਹਾਂਤ ’ਤੇ ਸਾਹਿਤਕਾਰਾਂ ਵੱਲੋਂ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ, 26 ਅਕਤੂਬਰ (ਹਿੰ.ਸ.)| ਪੰਜਾਬੀ ਦੇ ਉੱਘੇ ਕਵੀ ਅਤੇ ਲੇਖਕ ਅਜਾਇਬ ਸਿੰਘ ਹੁੰਦਲ, ਗੁਰਨਾਮ ਢਿੱਲੋਂ ਅਤੇ ਮਾਸਟਰ ਰਘਬੀਰ ਸਿੰਘ ਭਰਤ ਦੇ ਸਦੀਵੀ ਵਿਛੋੜੇ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਭਾ ਦੇ ਅਹੁਦੇਦਾਰਾਂ ਨੇ ਕਿਹਾ ਕਿ ਤਿੰਨਾਂ ਲੇਖਕਾਂ ਨੇ ਆਪਣੀਆਂ ਰਚਨਾਵਾਂ, ਵਿਚਾਰਧਾਰਕ ਪ੍ਰਤੀਬੱਧਤਾ ਅਤੇ ਸਾਹਿਤਕ ਸਰਗਰਮੀਆਂ ਰਾਹੀਂ ਪੰਜਾਬੀ ਸਾਹਿਤ ਤੇ ਸੱਭਿਆਚਾਰ ਨੂੰ ਅਮੀਰ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ।
ਅਜਾਇਬ ਸਿੰਘ ਹੁੰਦਲ ਪੰਜਾਬੀ ਕਵਿਤਾ ਦੇ ਸਥਾਪਤ ਹਸਤਾਖਰ ਸਨ। ਉਨ੍ਹਾਂ ਨੇ ਗ਼ਜ਼ਲ ਤੋਂ ਆਪਣੇ ਕਾਵਿ-ਸਫ਼ਰ ਦੀ ਸ਼ੁਰੂਆਤ ਕੀਤੀ ਅਤੇ ਬਾਅਦ ਵਿੱਚ ਆਜ਼ਾਦ ਕਵਿਤਾ ਦੇ ਖੇਤਰ ਵਿੱਚ ਵੀ ਵਿਲੱਖਣ ਪਛਾਣ ਬਣਾਈ। ਉਨ੍ਹਾਂ ਦੀਆਂ ਪ੍ਰਮੁੱਖ ਕਾਵਿ-ਪੁਸਤਕਾਂ ਵਿੱਚ ‘ਅਜੇ ਨਾ ਗਿਣ’, ‘ਫ਼ੈਸਲੇ ਤੋਂ ਬਾਅਦ’, ‘ਮਿੱਟੀ ਸਾਹਵੇਂ ਖੜ੍ਹਾ ਵਾਰਿਸ’, ‘ਆਪਣਾ ਆਪਣਾ ਕੁਰੂਕਸ਼ੇਤਰ’ ਅਤੇ ‘ਕਚਹਿਰੀ ਵਿੱਚ ਖੜ੍ਹਾ ਦਰਖ਼ਤ’ ਸ਼ਾਮਲ ਹਨ। ਭਾਸ਼ਾ ਵਿਭਾਗ, ਪੰਜਾਬ ਵੱਲੋਂ ਉਨ੍ਹਾਂ ਨੂੰ ਸ਼੍ਰੋਮਣੀ ਪੰਜਾਬੀ ਕਵੀ ਦੇ ਸਨਮਾਨ ਨਾਲ ਨਿਵਾਜਿਆ ਗਿਆ ਸੀ।
ਗੁਰਨਾਮ ਢਿੱਲੋਂ ਪ੍ਰਗਤੀਸ਼ੀਲ ਅਤੇ ਇਨਕਲਾਬੀ ਵਿਚਾਰਧਾਰਾ ਦੇ ਪ੍ਰਤੀਨਿਧ ਕਵੀ, ਲੇਖਕ ਤੇ ਆਲੋਚਕ ਸਨ। ਬਰਤਾਨੀਆ ਵਿੱਚ ਰਹਿੰਦਿਆਂ ਵੀ ਉਹ ਪੰਜਾਬੀ ਸਾਹਿਤ ਨਾਲ ਸਰਗਰਮੀ ਨਾਲ ਜੁੜੇ ਰਹੇ। ਉਨ੍ਹਾਂ ਦੀਆਂ ਰਚਨਾਵਾਂ ‘ਲੋਕ ਸ਼ਕਤੀ’, ‘ਨਗਾਰਾ’ ਅਤੇ ‘ਝੂਝਦੇ ਸੂਰਜ’ ਲੋਕ-ਪੱਖੀ ਸਰੋਕਾਰਾਂ, ਸਮਾਜਿਕ ਚੇਤਨਾ ਅਤੇ ਸੰਘਰਸ਼ ਦੀ ਆਵਾਜ਼ ਬਣੀਆਂ।
ਮਾਸਟਰ ਰਘਬੀਰ ਸਿੰਘ ਭਰਤ ਪੰਜਾਬੀ ਸਾਹਿਤ, ਸੱਭਿਆਚਾਰ ਅਤੇ ਪਾਕਿਸਤਾਨੀ ਪੰਜਾਬੀ ਸਾਹਿਤ ਦੇ ਗੂੜ੍ਹੇ ਗਿਆਤਾ ਸਨ। ਮਾਛੀਵਾੜਾ ਸਾਹਿਬ ਵਿੱਚ ਅਧਿਆਪਨ ਦੇ ਨਾਲ-ਨਾਲ ਉਨ੍ਹਾਂ ਨੇ ਸਾਹਿਤਕ ਤੇ ਸਮਾਜਿਕ ਖੇਤਰ ਵਿੱਚ ਵੀ ਸੇਵਾਵਾਂ ਨਿਭਾਈਆਂ। ਉਹ ਸਾਹਿਤ ਸਭਾ ਮਾਛੀਵਾੜਾ ਦੇ ਮੋਢੀਆਂ ਵਿੱਚੋਂ ਸਨ। ਮੌਲਾ ਬਖ਼ਸ਼ ਕੁਸ਼ਤਾ ਦੀ ਪੁਸਤਕ ‘ਪੰਜਾਬੀ ਸ਼ਾਇਰਾਂ ਦਾ ਤਜ਼ਕਰਾ’ ਅਤੇ ਅਫ਼ਜ਼ਲ ਪਰਵੇਜ਼ ਦੀ ਪੁਸਤਕ ‘ਬਨ ਫੁਲਵਾੜੀ’ ਦਾ ਲਿਪੀਅੰਤਰਣ ਉਨ੍ਹਾਂ ਦੇ ਮਹੱਤਵਪੂਰਨ ਕਾਰਜਾਂ ਵਿੱਚ ਸ਼ਾਮਲ ਹੈ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ ਅਤੇ ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜ ਨੇ ਕਿਹਾ ਕਿ ਇਨ੍ਹਾਂ ਲੇਖਕਾਂ ਦੀਆਂ ਰਚਨਾਵਾਂ ਆਉਣ ਵਾਲੀਆਂ ਪੀੜ੍ਹੀਆਂ ਦਾ ਮਾਰਗਦਰਸ਼ਨ ਕਰਦੀਆਂ ਰਹਿਣਗੀਆਂ। ਉਨ੍ਹਾਂ ਵਿਛੜੇ ਲੇਖਕਾਂ ਦੇ ਪਰਿਵਾਰਾਂ ਅਤੇ ਸਾਹਿਤਕ ਸਾਥੀਆਂ ਨਾਲ ਹਮਦਰਦੀ ਪ੍ਰਗਟਾਈ।
ਇਸੇ ਦੌਰਾਨ ਪੰਜਾਬੀ ਲੋਕ ਵਿਰਾਸਤ ਅਕਾਡਮੀ, ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਸਮੇਤ ਕਈ ਸਾਹਿਤਕਾਰਾਂ ਨੇ ਵੀ ਤਿੰਨਾਂ ਲੇਖਕਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੀ ਸਾਹਿਤਕ ਦੇਣ ਨੂੰ ਪੰਜਾਬੀ ਜਗਤ ਦਾ ਅਨਮੋਲ ਸਰਮਾਇਆ ਕਰਾਰ ਦਿੱਤਾ।
ਹਿੰਦੂਸਥਾਨ ਸਮਾਚਾਰ / GURSHARAN SINGH