ਪੰਜਾਬ ਦੇ ਕੈਮਿਸਟਾਂ ਵੱਲੋਂ ਪ੍ਰੇਗਾਬਾਲਿਨ ਸਮੇਤ ਲੱਤ ਲੱਗਣ ਵਾਲੀਆਂ ਦਵਾਈਆਂ ਦੀ ਵਿਕਰੀ ਬੰਦ ਕਰਨ ਦਾ ਐਲਾਨ
ਪੁਲਿਸ ਤੇ ਸਿਹਤ ਵਿਭਾਗ ਦੀਆਂ ਕਥਿਤ ਬੇਲੋੜੀਆਂ ਛਾਪੇਮਾਰੀਆਂ ਦੇ ਵਿਰੋਧ ਵਿੱਚ ਲਿਆ ਫ਼ੈਸਲਾ ਰਿਟੇਲਰ ਬਚਿਆ ਸਟਾਕ ਹੋਲਸੇਲਰਾਂ ਨੂੰ ਅਤੇ ਹੋਲਸੇਲਰ ਕੰਪਨੀਆਂ ਨੂੰ ਵਾਪਸ ਕਰਨਗੇ ਚੰਡੀਗੜ੍ਹ, 26 ਅਕਤੂਬਰ (ਹਿੰ.ਸ.)| ਪੰਜਾਬ ਦੇ ਕੈਮਿਸਟਾਂ ਨੇ ਪ੍ਰੇਗਾਬਾਲਿਨ, ਟ੍ਰਾਮਾਡੋਲ ਸਮੇਤ ਆਦਤ ਪਾਉਣ ਵਾਲੀਆਂ ਦਵਾਈਆਂ ਅਤੇ
ਪੰਜਾਬ ਦੇ ਕੈਮਿਸਟਾਂ ਵੱਲੋਂ ਪ੍ਰੇਗਾਬਾਲਿਨ ਸਮੇਤ ਲੱਤ ਲੱਗਣ ਵਾਲੀਆਂ ਦਵਾਈਆਂ ਦੀ ਵਿਕਰੀ ਬੰਦ ਕਰਨ ਦਾ ਐਲਾਨ


ਪੁਲਿਸ ਤੇ ਸਿਹਤ ਵਿਭਾਗ ਦੀਆਂ ਕਥਿਤ ਬੇਲੋੜੀਆਂ ਛਾਪੇਮਾਰੀਆਂ ਦੇ ਵਿਰੋਧ ਵਿੱਚ ਲਿਆ ਫ਼ੈਸਲਾ ਰਿਟੇਲਰ ਬਚਿਆ ਸਟਾਕ ਹੋਲਸੇਲਰਾਂ ਨੂੰ ਅਤੇ ਹੋਲਸੇਲਰ ਕੰਪਨੀਆਂ ਨੂੰ ਵਾਪਸ ਕਰਨਗੇ

ਚੰਡੀਗੜ੍ਹ, 26 ਅਕਤੂਬਰ (ਹਿੰ.ਸ.)| ਪੰਜਾਬ ਦੇ ਕੈਮਿਸਟਾਂ ਨੇ ਪ੍ਰੇਗਾਬਾਲਿਨ, ਟ੍ਰਾਮਾਡੋਲ ਸਮੇਤ ਆਦਤ ਪਾਉਣ ਵਾਲੀਆਂ ਦਵਾਈਆਂ ਅਤੇ ਸਾਈਕੋਟ੍ਰੋਪਿਕ ਤੇ ਨਾਰਕੋਟਿਕ ਸ਼੍ਰੇਣੀ ਦੀਆਂ ਦਵਾਈਆਂ ਦੀ ਵਿਕਰੀ ਬੰਦ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਕੈਮਿਸਟਸ ਐਸੋਸੀਏਸ਼ਨ ਦੇ ਇਸ ਫ਼ੈਸਲੇ ਤਹਿਤ ਸੂਬੇ ਦੇ ਰਿਟੇਲ ਕੈਮਿਸਟ ਆਪਣੀਆਂ ਦੁਕਾਨਾਂ ’ਤੇ ਪਿਆ ਸਬੰਧਤ ਦਵਾਈਆਂ ਦਾ ਸਟਾਕ ਹੋਲਸੇਲਰਾਂ ਨੂੰ ਵਾਪਸ ਕਰਨਗੇ, ਜਦਕਿ ਹੋਲਸੇਲਰ ਇਹ ਸਟਾਕ ਕੰਪਨੀਆਂ ਨੂੰ ਮੋੜਨਗੇ। ਐਸੋਸੀਏਸ਼ਨ ਨੇ ਇਹ ਫ਼ੈਸਲਾ ਪੁਲਿਸ ਅਤੇ ਸਿਹਤ ਵਿਭਾਗ ਵੱਲੋਂ ਦਵਾਈ ਵਿਕਰੇਤਾਵਾਂ ਖ਼ਿਲਾਫ਼ ਕੀਤੀਆਂ ਜਾ ਰਹੀਆਂ ਕਥਿਤ ਬੇਲੋੜੀਆਂ ਛਾਪੇਮਾਰੀਆਂ ਅਤੇ ਕਾਰਵਾਈਆਂ ਦੇ ਵਿਰੋਧ ਵਿੱਚ ਲਿਆ ਹੈ।

ਪੰਜਾਬ ਕੈਮਿਸਟਸ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੁਰਿੰਦਰ ਦੁੱਗਲ ਅਤੇ ਜਨਰਲ ਸਕੱਤਰ ਜੀ.ਐੱਸ. ਚਾਵਲਾ ਦੀ ਅਗਵਾਈ ਹੇਠ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਦੇ ਪ੍ਰਧਾਨਾਂ ਅਤੇ ਸਕੱਤਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕੀਤੀ ਗਈ। ਇਸ ਦੌਰਾਨ ਫ਼ੈਸਲੇ ਨੂੰ ਪੰਜਾਬ ਭਰ ਦੇ ਕੈਮਿਸਟਾਂ ਤੱਕ ਪਹੁੰਚਾਉਣ ਅਤੇ ਇਸ ਨੂੰ ਲਾਗੂ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।

ਐਸੋਸੀਏਸ਼ਨ ਦੇ ਜਨਰਲ ਸਕੱਤਰ ਜੀ.ਐੱਸ. ਚਾਵਲਾ ਨੇ ਕਿਹਾ ਕਿ ਸੂਬੇ ਵਿੱਚ ਦਵਾਈ ਵਿਕਰੇਤਾਵਾਂ ਖ਼ਿਲਾਫ਼ ਹੋ ਰਹੀਆਂ ਕਾਰਵਾਈਆਂ ਕਾਰਨ ਵਪਾਰੀਆਂ ਵਿੱਚ ਚਿੰਤਾ ਪਾਈ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਾਂਚ ਦੇ ਨਾਂ ’ਤੇ ਦੁਕਾਨਾਂ ਸੀਲ ਕਰਨ ਅਤੇ ਬੇਲੋੜੀਆਂ ਛਾਪੇਮਾਰੀਆਂ ਨਾਲ ਨਿਰਦੋਸ਼ ਕੈਮਿਸਟਾਂ ਦੀ ਸਾਖ਼ ਨੂੰ ਨੁਕਸਾਨ ਪਹੁੰਚ ਰਿਹਾ ਹੈ।

ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਨਸ਼ਿਆਂ ਵਿਰੁੱਧ ਸਰਕਾਰ ਦੀ ਮੁਹਿੰਮ ਦਾ ਸਮਰਥਨ ਕਰਦੀ ਹੈ, ਪਰ ਬਿਨਾਂ ਢੁੱਕਵੇਂ ਸਬੂਤਾਂ ਦੇ ਸਾਰੇ ਦਵਾਈ ਵਿਕਰੇਤਾਵਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣਾ ਠੀਕ ਨਹੀਂ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕੈਮਿਸਟਾਂ ਨਾਲ ਬੇਲੋੜੀ ਕਾਰਵਾਈ ਬੰਦ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਇਆ ਜਾਵੇ।

ਪਠਾਨਕੋਟ ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਮਹਾਜਨ ਬੱਬਾ ਨੇ ਦੱਸਿਆ ਕਿ ਰਿਟੇਲ ਕੈਮਿਸਟ ਪ੍ਰੇਗਾਬਾਲਿਨ ਅਤੇ ਹੋਰ ਸਬੰਧਤ ਦਵਾਈਆਂ ਦੀ ਵਿਕਰੀ ਤੋਂ ਦੂਰੀ ਬਣਾਉਣਗੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਮਰੀਜ਼ਾਂ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਇਨ੍ਹਾਂ ਦਵਾਈਆਂ ਲਈ ਬਦਲਵੇਂ ਪ੍ਰਬੰਧ ਕਰਨੇ ਚਾਹੀਦੇ ਹਨ। ਐਸੋਸੀਏਸ਼ਨ ਨੇ ਸੁਝਾਅ ਦਿੱਤਾ ਕਿ ਇਨ੍ਹਾਂ ਦਵਾਈਆਂ ਦੀ ਉਪਲਬਧਤਾ ਲਈ ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰਾਂ ਰਾਹੀਂ ਪ੍ਰਬੰਧ ਕੀਤਾ ਜਾਵੇ।

ਜ਼ਿਲ੍ਹਾ ਹੋਲਸੇਲ ਅਤੇ ਰਿਟੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਜੈ ਸੂਦ ਅਤੇ ਜਨਰਲ ਸਕੱਤਰ ਦੀਪਿੰਦਰ ਅਰੋੜਾ ਨੇ ਕਿਹਾ ਕਿ ਦਵਾਈ ਵਿਕਰੇਤਾ ਪ੍ਰਸ਼ਾਸਨ ਦਾ ਸਹਿਯੋਗ ਕਰਨ ਅਤੇ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਹਨ, ਪਰ ਨਿਰਦੋਸ਼ ਵਪਾਰੀਆਂ ਖ਼ਿਲਾਫ਼ ਕਥਿਤ ਧੱਕੇਸ਼ਾਹੀ ਕਾਰਨ ਇਹ ਫ਼ੈਸਲਾ ਲੈਣਾ ਪਿਆ ਹੈ।

ਐਸੋਸੀਏਸ਼ਨ ਦੇ ਆਗੂਆਂ ਨੇ ਇਹ ਵੀ ਕਿਹਾ ਕਿ ਕੋਵਿਡ ਮਹਾਮਾਰੀ ਅਤੇ ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਕੈਮਿਸਟਾਂ ਨੇ ਲੋਕਾਂ ਤੱਕ ਦਵਾਈਆਂ ਪਹੁੰਚਾਉਣ ਵਿੱਚ ਯੋਗਦਾਨ ਪਾਇਆ ਸੀ। ਉਨ੍ਹਾਂ ਝੋਟਾ ਕਤਲ ਮਾਮਲੇ ਤੋਂ ਬਾਅਦ ਦਵਾਈ ਕਾਰੋਬਾਰ ਨਾਲ ਜੁੜੇ ਲੋਕਾਂ ਪ੍ਰਤੀ ਪੈਦਾ ਹੋਏ ਸ਼ੱਕ ’ਤੇ ਵੀ ਚਿੰਤਾ ਪ੍ਰਗਟਾਈ।

ਐਸੋਸੀਏਸ਼ਨ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਨਸ਼ਿਆਂ ਵਿਰੁੱਧ ਕਾਰਵਾਈ ਕਰਦਿਆਂ ਦੋਸ਼ੀਆਂ ਖ਼ਿਲਾਫ਼ ਸਬੂਤਾਂ ਦੇ ਆਧਾਰ ’ਤੇ ਕਦਮ ਚੁੱਕੇ ਜਾਣ ਅਤੇ ਮਰੀਜ਼ਾਂ ਦੀ ਦਵਾਈਆਂ ਤੱਕ ਪਹੁੰਚ ਪ੍ਰਭਾਵਿਤ ਨਾ ਹੋਣ ਦਿੱਤੀ ਜਾਵੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande