

ਜਲੰਧਰ ਵਿੱਚ ਹੋਣਗੇ ਲੀਗ ਮੁਕਾਬਲੇ, ਮੋਹਾਲੀ ਵਿੱਚ ਖੇਡੇ ਜਾਣਗੇ ਸੈਮੀਫਾਈਨਲ ਤੇ ਫਾਈਨਲ
ਹਾਕੀ ਵਿਸ਼ਵ ਕੱਪ-2030 ਦੀ ਮੇਜ਼ਬਾਨੀ ਲਈ ਪੰਜਾਬ ਤਿਆਰ: ਭਗਵੰਤ ਸਿੰਘ ਮਾਨ
ਜਲੰਧਰ, 27 ਅਕਤੂਬਰ (ਹਿੰ.ਸ.)| ਪੰਜਾਬ ਨੇ ਪਹਿਲੀ ਵਾਰ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰਦਿਆਂ ਆਪਣੀ ਅਮੀਰ ਹਾਕੀ ਵਿਰਾਸਤ ਵਿੱਚ ਇੱਕ ਹੋਰ ਇਤਿਹਾਸਕ ਅਧਿਆਇ ਜੋੜਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਖੇ ਟੂਰਨਾਮੈਂਟ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਸ ਕੌਮਾਂਤਰੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਨਾਲ ਪੰਜਾਬੀ ਹਾਕੀ ਖਿਡਾਰੀਆਂ ਦਾ ਆਪਣੀ ਧਰਤੀ 'ਤੇ ਖੇਡਣ ਦਾ ਵਰ੍ਹਿਆਂ ਪੁਰਾਣਾ ਸੁਪਨਾ ਸਾਕਾਰ ਹੋਇਆ ਹੈ। ਟੂਰਨਾਮੈਂਟ ਦੇ ਸਾਰੇ ਲੀਗ ਮੈਚ ਜਲੰਧਰ ਵਿੱਚ, ਜਦਕਿ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਮੋਹਾਲੀ ਵਿੱਚ ਕਰਵਾਏ ਜਾਣਗੇ।
ਮੁੱਖ ਮੰਤਰੀ ਨੇ ਬੰਗਲਾਦੇਸ਼, ਚੀਨ, ਜਾਪਾਨ, ਦੱਖਣੀ ਕੋਰੀਆ ਅਤੇ ਮਲੇਸ਼ੀਆ ਸਮੇਤ ਭਾਗ ਲੈਣ ਵਾਲੀਆਂ ਟੀਮਾਂ ਦਾ ਸਵਾਗਤ ਕੀਤਾ ਅਤੇ ਸਾਰੀਆਂ ਛੇ ਟੀਮਾਂ ਦੇ ਕਪਤਾਨਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਹਾਕੀ ਦੇ ਵਿਸ਼ਵ ਮੰਚ 'ਤੇ ਆਪਣਾ ਪੁਰਾਣਾ ਰੁਤਬਾ ਮੁੜ ਹਾਸਲ ਕਰਨ ਲਈ ਵਚਨਬੱਧ ਹੈ ਅਤੇ ਸੂਬਾ ਸਾਲ 2030 ਵਿੱਚ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਲਈ ਵੀ ਤਿਆਰੀ ਕਰ ਰਿਹਾ ਹੈ।
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਅਤੇ ਹਾਕੀ ਦਾ ਰਿਸ਼ਤਾ ਬਹੁਤ ਪੁਰਾਣਾ ਹੈ। ਭਾਰਤੀ ਹਾਕੀ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਆਪਣੀ ਮਿਹਨਤ, ਅਨੁਸ਼ਾਸਨ ਅਤੇ ਖੇਡ ਭਾਵਨਾ ਨਾਲ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਬਲਬੀਰ ਸਿੰਘ ਸੀਨੀਅਰ, ਊਧਮ ਸਿੰਘ, ਪ੍ਰਿਥੀਪਾਲ ਸਿੰਘ, ਅਜੀਤ ਪਾਲ ਸਿੰਘ, ਸੁਰਜੀਤ ਸਿੰਘ ਅਤੇ ਪਰਗਟ ਸਿੰਘ ਵਰਗੇ ਮਹਾਨ ਖਿਡਾਰੀਆਂ ਦੇ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਇਨ੍ਹਾਂ ਦੀਆਂ ਪ੍ਰਾਪਤੀਆਂ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਹਨ।
ਉਨ੍ਹਾਂ ਦੱਸਿਆ ਕਿ 1928 ਦੀਆਂ ਐਮਸਟਰਡਮ ਓਲੰਪਿਕ ਤੋਂ ਲੈ ਕੇ 2024 ਦੀਆਂ ਪੈਰਿਸ ਓਲੰਪਿਕ ਤੱਕ ਪੰਜਾਬ ਨੇ ਭਾਰਤੀ ਹਾਕੀ ਨੂੰ ਕਈ ਮਹਾਨ ਖਿਡਾਰੀ ਦਿੱਤੇ ਹਨ। ਉਨ੍ਹਾਂ ਕਿਹਾ ਕਿ 2021 ਦੀਆਂ ਟੋਕੀਓ ਅਤੇ 2024 ਦੀਆਂ ਪੈਰਿਸ ਓਲੰਪਿਕ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਵੱਲੋਂ ਜਿੱਤੇ ਕਾਂਸੀ ਦੇ ਤਗ਼ਮਿਆਂ ਵਿੱਚ ਵੀ ਪੰਜਾਬੀ ਖਿਡਾਰੀਆਂ ਦੀ ਅਹਿਮ ਭੂਮਿਕਾ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਉੱਚ ਪੱਧਰੀ ਸਿਖਲਾਈ ਦੇਣ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਅਨੁਸਾਰ ਪੰਜਾਬ ਵਿੱਚ ਛੇ ਨਵੇਂ ਐਸਟਰੋਟਰਫ ਹਾਕੀ ਮੈਦਾਨ ਬਣਾਏ ਗਏ ਹਨ, ਜਦਕਿ ਦੋ ਹੋਰ ਤਿਆਰ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ, ਜ਼ਮੀਨੀ ਪੱਧਰ 'ਤੇ ਹਾਕੀ ਨੂੰ ਉਤਸ਼ਾਹਿਤ ਕਰਨ ਲਈ 18 ਸਿਕਸ-ਏ-ਸਾਈਡ ਐਸਟਰੋਟਰਫ ਮੈਦਾਨ ਵੀ ਤਿਆਰ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ 'ਖੇਡਾਂ ਵਤਨ ਪੰਜਾਬ ਦੀਆਂ' ਅਤੇ 'ਮੁੱਖ ਮੰਤਰੀ ਖੇਡ ਮੈਦਾਨ' ਵਰਗੀਆਂ ਪਹਿਲਕਦਮੀਆਂ ਰਾਹੀਂ ਖੇਡਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਈ ਜਾ ਰਹੀ ਹੈ। ਸਰਕਾਰ ਦਾ ਉਦੇਸ਼ ਨੌਜਵਾਨ ਖਿਡਾਰੀਆਂ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਆਪਣੀ ਪ੍ਰਤਿਭਾ ਦਿਖਾਉਣ ਲਈ ਬਿਹਤਰ ਮੌਕੇ ਪ੍ਰਦਾਨ ਕਰਨਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਨਾਲ ਪੰਜਾਬ ਵਿੱਚ ਖੇਡ ਸੈਰ-ਸਪਾਟੇ, ਮਹਿਮਾਨਨਵਾਜ਼ੀ, ਖੇਡ ਸਾਮਾਨ ਉਦਯੋਗ ਅਤੇ ਸਥਾਨਕ ਕਾਰੋਬਾਰਾਂ ਨੂੰ ਵੀ ਹੁਲਾਰਾ ਮਿਲੇਗਾ। ਉਨ੍ਹਾਂ ਉਮੀਦ ਜਤਾਈ ਕਿ ਇਹ ਚੈਂਪੀਅਨਸ਼ਿਪ ਵੱਖ-ਵੱਖ ਦੇਸ਼ਾਂ ਦੇ ਖਿਡਾਰੀਆਂ ਵਿਚਕਾਰ ਦੋਸਤੀ ਅਤੇ ਆਪਸੀ ਸਤਿਕਾਰ ਨੂੰ ਮਜ਼ਬੂਤ ਕਰਨ ਦੇ ਨਾਲ ਨੌਜਵਾਨਾਂ ਨੂੰ ਹਾਕੀ ਨਾਲ ਜੁੜਨ ਲਈ ਪ੍ਰੇਰਿਤ ਕਰੇਗੀ।
ਇਸ ਮੌਕੇ ਕੈਬਨਿਟ ਮੰਤਰੀ ਮਹਿੰਦਰ ਭਗਤ, ਵਿਧਾਇਕ ਬਲਕਾਰ ਸਿੰਘ ਅਤੇ ਈਸ਼ਾਨ ਚੱਬੇਵਾਲ, ਖੇਡ ਵਿਭਾਗ ਦੇ ਅਧਿਕਾਰੀ, ਹਾਕੀ ਇੰਡੀਆ ਅਤੇ ਹਾਕੀ ਪੰਜਾਬ ਦੇ ਨੁਮਾਇੰਦੇ, ਸਾਬਕਾ ਓਲੰਪੀਅਨ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH