
49 ਮੈਂਬਰੀ ਅਮਰੀਕੀ ਮੈਡੀਕਲ ਵਫ਼ਦ ਨੇ ਦਿੱਤੀਆਂ ਸੇਵਾਵਾਂ, ਸਰਜਰੀ ਤੋਂ ਬਾਅਦ ਦਵਾਈਆਂ ਤੇ ਵਾਕਰ ਵੀ ਮੁਹੱਈਆ ਕਰਵਾਏ
ਅੰਮ੍ਰਿਤਸਰ, 29 ਅਕਤੂਬਰ (ਹਿੰ.ਸ.)| ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੇ ਮਰੀਜ਼ਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਅਮਰੀਕਾ ਦੀ ਸੰਸਥਾ ‘ਆਪਰੇਸ਼ਨ ਵਾਕ ਮਿਡ ਐਟਲਾਂਟਿਕ’ ਅਤੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਸਾਂਝੇ ਉਪਰਾਲੇ ਤਹਿਤ ਸ੍ਰੀ ਗੁਰੂ ਰਾਮ ਦਾਸ ਚੈਰੀਟੇਬਲ ਹਸਪਤਾਲ ਵਿਖੇ 53 ਮਰੀਜ਼ਾਂ ਦੇ ਗੋਡੇ ਬਦਲਣ ਦੇ ਮੁਫ਼ਤ ਆਪ੍ਰੇਸ਼ਨ ਸਫ਼ਲਤਾਪੂਰਵਕ ਕੀਤੇ ਗਏ। ਇਸ ਉਪਰਾਲੇ ਨਾਲ ਗੋਡਿਆਂ ਦੀ ਗੰਭੀਰ ਸਮੱਸਿਆ ਕਾਰਨ ਤੁਰਨ-ਫਿਰਨ ਤੋਂ ਅਸਮਰੱਥ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦੀ ਉਮੀਦ ਮਿਲੀ ਹੈ।
ਕੈਂਪ ਦੀ ਸਫ਼ਲਤਾ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਆਪਰੇਸ਼ਨ ਵਾਕ ਮਿਡ ਐਟਲਾਂਟਿਕ ਦੇ ਡਾ. ਹਰਪਾਲ ਸਿੰਘ ਖਨੂਜਾ ਨੇ ਦੱਸਿਆ ਕਿ ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਆਰਥਿਕ ਤੰਗੀ ਕਾਰਨ ਇਲਾਜ ਤੋਂ ਵਾਂਝੇ ਰਹਿ ਜਾਣ ਵਾਲੇ ਮਰੀਜ਼ਾਂ ਦੀ ਸਹਾਇਤਾ ਕਰਨਾ ਹੈ। ਦੋਵਾਂ ਸੰਸਥਾਵਾਂ ਵੱਲੋਂ ਸਰਜਰੀਆਂ, ਗੋਡੇ ਬਦਲਣ ਲਈ ਇੰਪਲਾਂਟ, ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਇੱਕ ਮਹੀਨੇ ਦੀਆਂ ਦਵਾਈਆਂ ਅਤੇ ਮੁੜ ਵਸੇਬੇ ਲਈ ਵਾਕਰਾਂ ਦਾ ਖ਼ਰਚਾ ਚੁੱਕਿਆ ਗਿਆ। ਸਰਜਰੀਆਂ ਲਈ ਜ਼ਿਮਰ ਬਾਇਓਮੈਟ ਦੇ ਇੰਪਲਾਂਟ ਵਰਤੇ ਗਏ।
ਉਨ੍ਹਾਂ ਦੱਸਿਆ ਕਿ ਇਸ ਸੇਵਾ ਲਈ ਅਮਰੀਕਾ ਤੋਂ 49 ਮੈਂਬਰੀ ਵਫ਼ਦ ਪਹੁੰਚਿਆ, ਜਿਸ ਵਿੱਚ ਡਾਕਟਰ, ਨਰਸਾਂ, ਫਿਜ਼ੀਕਲ ਥੈਰੇਪਿਸਟ ਅਤੇ ਵਲੰਟੀਅਰ ਸ਼ਾਮਲ ਸਨ। ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਦੇ ਆਰਥੋਪੀਡਿਕਸ ਅਤੇ ਐਨੇਸਥੀਜ਼ਿਓਲੋਜੀ ਵਿਭਾਗਾਂ ਦੇ ਮਾਹਿਰਾਂ ਅਤੇ ਸਹਾਇਕ ਸਟਾਫ਼ ਨੇ ਵਫ਼ਦ ਨਾਲ ਮਿਲ ਕੇ ਸਾਰੀਆਂ ਸਰਜਰੀਆਂ ਨੂੰ ਸਫ਼ਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਯੂਨੀਵਰਸਿਟੀ ਦੇ ਡੀਨ ਡਾ. ਏ.ਪੀ. ਸਿੰਘ ਨੇ ਦੱਸਿਆ ਕਿ ਸੰਸਥਾ ਵੱਲੋਂ ਘੱਟ ਖ਼ਰਚੇ ’ਤੇ ਇਲਾਜ ਦੇ ਨਾਲ-ਨਾਲ ਲੋੜਵੰਦ ਮਰੀਜ਼ਾਂ ਲਈ ਮੁਫ਼ਤ ਸਿਹਤ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਪਿਛਲੇ ਸਾਲ ਇਸੇ ਸਹਿਯੋਗ ਨਾਲ 39 ਮਰੀਜ਼ਾਂ ਦੇ ਮੁਫ਼ਤ ਆਪ੍ਰੇਸ਼ਨ ਕੀਤੇ ਗਏ ਸਨ, ਜਦਕਿ ਇਸ ਸਾਲ 53 ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ।
ਇਸ ਮੌਕੇ ਅਮਰੀਕਾ ਤੋਂ ਆਏ ਮੈਡੀਕਲ ਵਫ਼ਦ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਉੱਪਲ, ਡਾ. ਰਾਜ ਕੁਮਾਰ ਅਤੇ ਦੋਵਾਂ ਸੰਸਥਾਵਾਂ ਦੇ ਹੋਰ ਮੈਡੀਕਲ ਮਾਹਿਰ ਤੇ ਅਧਿਕਾਰੀ ਵੀ ਮੌਜੂਦ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH