
ਪਿੰਡ ਵਾਸੀਆਂ ਨੇ ਚਿੱਟੇ ਦੇ ਨਸ਼ੇ ਦੀ ਵਿਕਰੀ ਨੂੰ ਲੈ ਕੇ ਲਾਏ ਗੰਭੀਰ ਦੋਸ਼ ਡੀਐੱਸਪੀ ਨੇ ਕਿਹਾ, ਮਾਂ ਦੇ ਬਿਆਨਾਂ ਦੇ ਆਧਾਰ ’ਤੇ ਦਰਜ ਹੋਵੇਗਾ ਕੇਸ
ਫਾਜ਼ਿਲਕਾ, 29 ਅਕਤੂਬਰ (ਹਿੰ.ਸ.)| ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਘੱਟਿਆਂਵਾਲੀ ਜੱਟਾਂ ਵਿੱਚ ਵੀਰਵਾਰ ਨੂੰ 17 ਸਾਲਾ ਨੌਜਵਾਨ ਦੀ ਲਾਸ਼ ਇੱਕ ਘਰ ਦੇ ਬੈੱਡ ’ਤੇ ਪਈ ਮਿਲਣ ਨਾਲ ਪਿੰਡ ਵਿੱਚ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ ਅਭਿਜੋਤ ਸਿੰਘ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਕੇ ’ਤੇ ਇਕੱਠੇ ਹੋ ਗਏ। ਪਿੰਡ ਵਾਸੀਆਂ ਨੇ ਨੌਜਵਾਨ ਦੀ ਮੌਤ ਪਿੱਛੇ ਚਿੱਟੇ ਦੇ ਨਸ਼ੇ ਨੂੰ ਜ਼ਿੰਮੇਵਾਰ ਦੱਸਦਿਆਂ ਪਿੰਡ ਵਿੱਚ ਨਸ਼ੇ ਦੀ ਕਥਿਤ ਵਿਕਰੀ ਨੂੰ ਲੈ ਕੇ ਗੰਭੀਰ ਦੋਸ਼ ਲਾਏ ਹਨ। ਹਾਲਾਂਕਿ, ਨੌਜਵਾਨ ਦੀ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਪੁਲਿਸ ਜਾਂਚ ਅਤੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਹੋ ਸਕੇਗੀ।
ਪਿੰਡ ਵਾਸੀਆਂ ਬਾਜ ਸਿੰਘ, ਗੁਰਦਾਸ ਸਿੰਘ ਅਤੇ ਵਕੀਲ ਸਿੰਘ ਨੇ ਦੱਸਿਆ ਕਿ ਅਭਿਜੋਤ ਸਿੰਘ ਦਸਵੀਂ ਜਮਾਤ ਪਾਸ ਸੀ। ਪਰਿਵਾਰਕ ਮੈਂਬਰ ਜਦੋਂ ਉਸ ਦੀ ਭਾਲ ਕਰਦੇ ਹੋਏ ਪਿੰਡ ਦੇ ਇੱਕ ਘਰ ਵਿੱਚ ਪਹੁੰਚੇ ਤਾਂ ਉਹ ਉੱਥੇ ਬੈੱਡ ’ਤੇ ਮ੍ਰਿਤਕ ਹਾਲਤ ਵਿੱਚ ਮਿਲਿਆ। ਨੌਜਵਾਨ ਦੀ ਅਚਾਨਕ ਹੋਈ ਮੌਤ ਕਾਰਨ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਅਭਿਜੋਤ ਸਿੰਘ ਦੇ ਪਿਤਾ ਹਰਜਿੰਦਰ ਸਿੰਘ ਦੀ ਵੀ ਕਰੀਬ ਸਵਾ ਸਾਲ ਪਹਿਲਾਂ ਮੌਤ ਹੋ ਗਈ ਸੀ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਉਨ੍ਹਾਂ ਦੀ ਮੌਤ ਵੀ ਚਿੱਟੇ ਦੇ ਨਸ਼ੇ ਕਾਰਨ ਹੋਈ ਸੀ ਅਤੇ ਉਸ ਸਮੇਂ ਉਨ੍ਹਾਂ ਦੀ ਲਾਸ਼ ਨਹਿਰ ਦੇ ਕੰਢੇ ਮਿਲੀ ਸੀ। ਹੁਣ ਅਭਿਜੋਤ ਦੀ ਮੌਤ ਤੋਂ ਬਾਅਦ ਪਰਿਵਾਰ ਵਿੱਚ ਉਸ ਦੀ ਮਾਂ ਅਤੇ ਦਾਦੀ ਹੀ ਰਹਿ ਗਈਆਂ ਹਨ।
ਪਿੰਡ ਵਾਸੀਆਂ ਨੇ ਕਿਹਾ ਕਿ ਨਸ਼ੇ ਨੇ ਇਸ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ ਹੈ। ਉਨ੍ਹਾਂ ਨੇ ਪਿੰਡ ਵਿੱਚ ਨਸ਼ੇ ਦੀ ਕਥਿਤ ਵਿਕਰੀ ’ਤੇ ਚਿੰਤਾ ਪ੍ਰਗਟ ਕਰਦਿਆਂ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਜਿਸ ਘਰ ਵਿੱਚੋਂ ਅਭਿਜੋਤ ਸਿੰਘ ਦੀ ਲਾਸ਼ ਮਿਲੀ ਹੈ, ਉੱਥੇ ਨਸ਼ੇ ਦੀ ਵਿਕਰੀ ਹੁੰਦੀ ਹੈ। ਉਨ੍ਹਾਂ ਨੇ ਮੌਕੇ ’ਤੇ ਨਸ਼ੇ ਦੇ ਸੇਵਨ ਵਿੱਚ ਵਰਤੇ ਜਾਣ ਵਾਲੇ ਲਾਈਟਰ ਅਤੇ ਹੋਰ ਸਾਮਾਨ ਵੀ ਦਿਖਾਇਆ।
ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਟੀਮ ਮੌਕੇ ’ਤੇ ਪਹੁੰਚੀ। ਪੁਲਿਸ ਅਧਿਕਾਰੀਆਂ ਨੇ ਪਿੰਡ ਵਾਸੀਆਂ ਨੂੰ ਬਿਆਨ ਦਰਜ ਕਰਵਾਉਣ ਲਈ ਕਿਹਾ। ਡੀਐੱਸਪੀ ਬੀਐੱਸ ਰੰਧਾਵਾ ਨੇ ਦੱਸਿਆ ਕਿ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ ਹੈ ਅਤੇ ਮ੍ਰਿਤਕ ਦੀ ਮਾਤਾ ਹਰਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਇਸ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਿਸ ਵੱਲੋਂ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਬਾਰੇ ਸਥਿਤੀ ਸਪੱਸ਼ਟ ਹੋ ਸਕੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH