
ਪੁਲਿਸ ਦਾ ਦੋਸ਼ਭੰਮੇ ਕਲਾਂ ਦੇ ਦਲਜੀਤ ਸਿੰਘ ਦੀ ਮੌਤ ਤੋਂ ਬਾਅਦ ਲਾਸ਼ ਲੈ ਕੇ ਸ਼ਹਿਰ ਵੱਲ ਵਧ ਰਹੀ ਭੀੜ ਨੇ ਕੀਤਾ ਹਮਲਾ ਲੋਹੇ ਦੀ ਰਾਡ ਵੱਜਣ ਨਾਲ ਪੁਲਿਸ ਮੁਲਾਜ਼ਮ ਜ਼ਖ਼ਮੀ
ਮਾਨਸਾ, 29 ਅਕਤੂਬਰ (ਹਿੰ.ਸ.)| ਜ਼ਿਲ੍ਹਾ ਮਾਨਸਾ ਦੇ ਪਿੰਡ ਭੰਮੇ ਕਲਾਂ ਦੇ ਵਸਨੀਕ ਦਲਜੀਤ ਸਿੰਘ ਦੀ ਸ਼ੱਕੀ ਹਾਲਾਤ ਵਿੱਚ ਹੋਈ ਮੌਤ ਤੋਂ ਬਾਅਦ ਦੋ ਦਿਨ ਪਹਿਲਾਂ ਮਾਨਸਾ ਸ਼ਹਿਰ ਵਿੱਚ ਹੋਏ ਹੰਗਾਮੇ ਦੇ ਮਾਮਲੇ ਵਿੱਚ ਪੁਲਿਸ ਨੇ 30 ਤੋਂ 40 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ’ਤੇ ਕਾਨੂੰਨ-ਵਿਵਸਥਾ ਵਿਗਾੜਨ, ਪੁਲਿਸ ਪਾਰਟੀ ’ਤੇ ਹਮਲਾ ਕਰਨ ਅਤੇ ਕਤਲ ਦੀ ਕੋਸ਼ਿਸ਼ ਸਮੇਤ ਗੰਭੀਰ ਦੋਸ਼ ਲਗਾਏ ਹਨ।
ਪੁਲਿਸ ਅਨੁਸਾਰ, ਪਿੰਡ ਭੰਮੇ ਕਲਾਂ ਵਿੱਚ ਇੱਕ ਨੌਜਵਾਨ ਦੀ ਮੌਤ ਤੋਂ ਬਾਅਦ 30 ਤੋਂ 40 ਹਥਿਆਰਬੰਦ ਵਿਅਕਤੀਆਂ ਦੀ ਭੀੜ ਕਥਿਤ ਤੌਰ ’ਤੇ ਲਾਸ਼ ਜਬਰੀ ਲੈ ਕੇ ਮਾਨਸਾ ਸ਼ਹਿਰ ਵੱਲ ਵਧਣ ਲੱਗੀ। ਜਦੋਂ ਪੁਲਿਸ ਟੀਮ ਨੇ ਉਨ੍ਹਾਂ ਨੂੰ ਰੋਕਣ ਅਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਸਥਿਤੀ ਤਣਾਅਪੂਰਨ ਹੋ ਗਈ। ਪੁਲਿਸ ਦਾ ਦੋਸ਼ ਹੈ ਕਿ ਭੀੜ ਵਿੱਚ ਸ਼ਾਮਲ ਵਿਅਕਤੀਆਂ ਨੇ ਪੁਲਿਸ ਮੁਲਾਜ਼ਮਾਂ ’ਤੇ ਗੱਡੀਆਂ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਅਤੇ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਇੱਕ ਜਵਾਨ ਨੂੰ ਜ਼ਖ਼ਮੀ ਕਰ ਦਿੱਤਾ।
ਫ਼ਰੀਦਕੋਟ ਵਾਸੀ ਅਤੇ ਸੁਲਤਾਨਪੁਰ ਲੋਧੀ/ਫ਼ਿਰੋਜ਼ਪੁਰ ਏਆਰਪੀ ਟੀਮ ਨੰਬਰ 08 ਵਿੱਚ ਤਾਇਨਾਤ ਆਰਮਡ ਕੈਡਰ (ਪੀਏਪੀ) ਦੇ ਜਵਾਨ ਕੁਲਦੀਪ ਸਿੰਘ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਨ੍ਹਾਂ ਦੀ ਡਿਊਟੀ ਮਾਨਸਾ ਦੇ ਰਮਦਿੱਤੇਵਾਲਾ ਚੌਕ ਵਿਖੇ ਨਾਕੇ ’ਤੇ ਲੱਗੀ ਹੋਈ ਸੀ। ਸ਼ਾਮ ਕਰੀਬ 5:30 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਭੰਮੇ ਕਲਾਂ ਵਿੱਚ ਇੱਕ ਨੌਜਵਾਨ ਦੀ ਮੌਤ ਤੋਂ ਬਾਅਦ ਕੁਝ ਵਿਅਕਤੀ ਲਾਸ਼ ਲੈ ਕੇ ਸ਼ਹਿਰ ਵੱਲ ਆ ਰਹੇ ਹਨ।
ਕੁਲਦੀਪ ਸਿੰਘ ਅਨੁਸਾਰ, ਜਦੋਂ ਸੀਨੀਅਰ ਅਧਿਕਾਰੀਆਂ ਅਤੇ ਪੁਲਿਸ ਟੀਮ ਨੇ ਭੀੜ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੰਡਾਸਿਆਂ ਅਤੇ ਤਲਵਾਰਾਂ ਨਾਲ ਲੈਸ ਵਿਅਕਤੀਆਂ ਨੇ ਪੁਲਿਸ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ’ਤੇ ਗੱਡੀਆਂ ਚੜ੍ਹਾਉਣ ਦੀ ਕੋਸ਼ਿਸ਼ ਵੀ ਕੀਤੀ।
ਜ਼ਖ਼ਮੀ ਜਵਾਨ ਕੁਲਦੀਪ ਸਿੰਘ ਨੇ ਦੋਸ਼ ਲਗਾਇਆ ਕਿ ਬਚਾਅ ਦੌਰਾਨ ਇੱਕ ਵਿਅਕਤੀ ਨੇ ਉਸ ਦੇ ਸਿਰ ’ਤੇ ਲੋਹੇ ਦੀ ਰਾਡ ਨਾਲ ਵਾਰ ਕੀਤਾ, ਜਿਸ ਕਾਰਨ ਉਸ ਨੂੰ ਗੰਭੀਰ ਸੱਟ ਲੱਗੀ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਹਮਲਾਵਰਾਂ ਨੇ ਉਸ ਸਮੇਤ ਹੋਰ ਪੁਲਿਸ ਮੁਲਾਜ਼ਮਾਂ ਦੀ ਵਰਦੀ ਅਤੇ ਕੱਪੜੇ ਪਾੜ ਦਿੱਤੇ।
ਜ਼ਖ਼ਮੀ ਜਵਾਨ ਨੂੰ ਤੁਰੰਤ ਸਿਵਲ ਹਸਪਤਾਲ ਮਾਨਸਾ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਥਾਣਾ ਸਿਟੀ-1 ਮਾਨਸਾ ਦੇ ਏਐੱਸਆਈ ਜਗਦੀਪ ਸਿੰਘ ਨੇ ਹਸਪਤਾਲ ਪਹੁੰਚ ਕੇ ਜ਼ਖ਼ਮੀ ਜਵਾਨ ਦੇ ਬਿਆਨ ਦਰਜ ਕੀਤੇ।
ਪੁਲਿਸ ਨੇ 30 ਤੋਂ 40 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਧਰ, ਪਿੰਡ ਭੰਮੇ ਕਲਾਂ ਦੇ ਦਲਜੀਤ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਏਮਜ਼ ਹਸਪਤਾਲ ਵਿੱਚ ਕਰਵਾਇਆ ਗਿਆ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH