
ਦਸਤਾਵੇਜ਼ ਪੇਸ਼ ਨਾ ਕਰਨ ’ਤੇ ਵਿਭਾਗ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ, ਗੋਦਾਮ ਸੀਲ; ਖਾਦਾਂ ਦੇ ਨਮੂਨੇ ਜਾਂਚ ਲਈ ਲੈਬ ਭੇਜੇ ਜਾਣਗੇ
ਬਠਿੰਡਾ, 29 ਅਕਤੂਬਰ (ਹਿੰ.ਸ.)| ਬਠਿੰਡਾ ਜ਼ਿਲ੍ਹੇ ਦੀ ਭੁੱਚੋ ਮੰਡੀ ਵਿੱਚ ਖਾਦ ਇਨਫੋਰਸਮੈਂਟ ਟੀਮ ਨੇ ਇੱਕ ਗੋਦਾਮ ’ਤੇ ਛਾਪਾ ਮਾਰ ਕੇ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦਾ ਸ਼ੱਕੀ ਸਟਾਕ ਬਰਾਮਦ ਕੀਤਾ ਹੈ। ਗੋਦਾਮ ਵਿੱਚੋਂ ਡੀਏਪੀ, ਟੀਐੱਸਪੀ, ਐੱਨਪੀਕੇ, ਪੋਟਾਸ਼ ਅਤੇ ਕੀਟਨਾਸ਼ਕ ਦਵਾਈਆਂ ਮਿਲੀਆਂ ਹਨ। ਇਸ ਮਾਮਲੇ ਵਿੱਚ ਥਾਣਾ ਨਥਾਣਾ ਪੁਲਿਸ ਨੇ ਗੋਦਾਮ ਦੇ ਸੰਚਾਲਕ ਵਿਸ਼ਾਲ ਗੋਇਲ ਖ਼ਿਲਾਫ਼ ਵੱਖ-ਵੱਖ ਕਾਨੂੰਨੀ ਧਾਰਾਵਾਂ ਤਹਿਤ ਐੱਫਆਈਆਰ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਖਾਦ ਇੰਸਪੈਕਟਰ ਦੀ ਸ਼ਿਕਾਇਤ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਹੈ। ਸ਼ਿਕਾਇਤ ਅਨੁਸਾਰ, ਭੁੱਚੋ ਮੰਡੀ ਤੋਂ ਲਹਿਰਾ ਬੇਗਾ ਰੋਡ ’ਤੇ ਸਥਿਤ ਗੋਦਾਮ ਦਾ ਸੰਚਾਲਕ ਵਿਸ਼ਾਲ ਗੋਇਲ ਹੈ ਅਤੇ ਸਬੰਧਤ ਫਰਮ ਦਾ ਨਾਂ ਐੱਮ/ਐੱਸ ਐੱਸਆਰ ਗੋਇਲ ਟਰੇਡਿੰਗ ਦੱਸਿਆ ਗਿਆ ਹੈ।
ਜਾਣਕਾਰੀ ਅਨੁਸਾਰ, 28 ਅਕਤੂਬਰ ਨੂੰ ਮਿਲੀ ਸੂਚਨਾ ਦੇ ਆਧਾਰ ’ਤੇ ਖਾਦ ਇੰਸਪੈਕਟਰ ਸੁਖਪ੍ਰੀਤ ਸਿੰਘ ਨੇ ਵਿਭਾਗੀ ਟੀਮ ਨਾਲ ਗੋਦਾਮ ਦੀ ਜਾਂਚ ਕੀਤੀ। ਇਸ ਦੌਰਾਨ ਉੱਥੇ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦਾ ਸ਼ੱਕੀ ਸਟਾਕ ਮਿਲਿਆ। ਗੋਦਾਮ ਵਿੱਚ ਚਿੱਟੇ ਰੰਗ ਦੇ ਬੈਗਾਂ ਵਿੱਚ ਕੁਝ ਪਦਾਰਥ ਵੀ ਰੱਖੇ ਹੋਏ ਸਨ। ਇਸ ਤੋਂ ਇਲਾਵਾ ਵੱਖ-ਵੱਖ ਕੰਪਨੀਆਂ ਦੇ ਖਾਦਾਂ ਵਾਲੇ ਖਾਲੀ ਬੈਗ ਵੀ ਬਰਾਮਦ ਹੋਏ।
ਅਧਿਕਾਰੀਆਂ ਨੇ ਫਰਮ ਦੇ ਸੰਚਾਲਕ ਤੋਂ ਗੋਦਾਮ ਵਿੱਚ ਪਈਆਂ ਖਾਦਾਂ ਅਤੇ ਕੀਟਨਾਸ਼ਕਾਂ ਸਬੰਧੀ ਦਸਤਾਵੇਜ਼, ਖਰੀਦ ਬਿੱਲ ਅਤੇ ਹੋਰ ਰਿਕਾਰਡ ਮੰਗਿਆ। ਸ਼ਿਕਾਇਤ ਮੁਤਾਬਕ, ਉਹ ਮੌਕੇ ’ਤੇ ਸਬੰਧਤ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ। ਇਸ ਤੋਂ ਬਾਅਦ ਵਿਭਾਗੀ ਅਧਿਕਾਰੀਆਂ ਨੇ ਕਾਨੂੰਨੀ ਕਾਰਵਾਈ ਲਈ ਪੁਲਿਸ ਨੂੰ ਸ਼ਿਕਾਇਤ ਦਿੱਤੀ। ਵਿਭਾਗੀ ਟੀਮ ਵੱਲੋਂ ਗੋਦਾਮ ਨੂੰ ਸੀਲ ਕੀਤੇ ਜਾਣ ਦੀ ਵੀ ਜਾਣਕਾਰੀ ਹੈ।
ਬਲਾਕ ਨਥਾਣਾ ਦੇ ਖੇਤੀਬਾੜੀ ਵਿਕਾਸ ਅਧਿਕਾਰੀ ਨੇ ਕਾਰਵਾਈ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਗੋਦਾਮ ਵਿੱਚੋਂ ਬਰਾਮਦ ਖਾਦਾਂ ਦੇ ਨਮੂਨੇ ਲਏ ਜਾਣਗੇ। ਇਨ੍ਹਾਂ ਵਿੱਚ ਡੀਏਪੀ, ਟੀਐੱਸਪੀ, ਐੱਨਪੀਕੇ ਅਤੇ ਪੋਟਾਸ਼ ਦੇ ਨਮੂਨੇ ਸ਼ਾਮਲ ਹੋਣਗੇ। ਨਮੂਨਿਆਂ ਨੂੰ ਜਾਂਚ ਲਈ ਪ੍ਰਯੋਗਸ਼ਾਲਾ ਵਿੱਚ ਭੇਜਿਆ ਜਾਵੇਗਾ, ਤਾਂ ਜੋ ਖਾਦਾਂ ਦੀ ਗੁਣਵੱਤਾ ਅਤੇ ਅਸਲ ਸਥਿਤੀ ਦਾ ਪਤਾ ਲੱਗ ਸਕੇ। ਕੀਟਨਾਸ਼ਕ ਦਵਾਈਆਂ ਦੇ ਮਾਮਲੇ ਵਿੱਚ ਵੀ ਵਿਭਾਗ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ।
ਖਾਦ ਇੰਸਪੈਕਟਰ ਦੀ ਸ਼ਿਕਾਇਤ ’ਤੇ ਪੁਲਿਸ ਨੇ ਖਾਦ ਕੰਟਰੋਲ ਆਰਡਰ, 1985 ਦੀਆਂ ਧਾਰਾਵਾਂ 7 ਅਤੇ 8, ਜ਼ਰੂਰੀ ਵਸਤਾਂ ਐਕਟ, 1955 ਦੀਆਂ ਧਾਰਾਵਾਂ 3 ਅਤੇ 7 ਅਤੇ ਕੀਟਨਾਸ਼ਕ ਐਕਟ, 1968 ਦੀ ਧਾਰਾ 29(1)(C) ਤਹਿਤ ਕੇਸ ਦਰਜ ਕੀਤਾ ਹੈ। ਮਾਮਲੇ ਦੀ ਜਾਂਚ ਇੰਸਪੈਕਟਰ ਜਗਦੀਪ ਸਿੰਘ ਨੂੰ ਸੌਂਪੀ ਗਈ ਹੈ।
ਪੁਲਿਸ ਅਨੁਸਾਰ, ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਖਾਦਾਂ ਅਤੇ ਕੀਟਨਾਸ਼ਕਾਂ ਦੇ ਨਮੂਨਿਆਂ ਦੀ ਪ੍ਰਯੋਗਸ਼ਾਲਾ ਰਿਪੋਰਟ ਆਉਣ ਤੋਂ ਬਾਅਦ ਉਨ੍ਹਾਂ ਦੀ ਗੁਣਵੱਤਾ ਅਤੇ ਨਿਯਮਾਂ ਦੀ ਸੰਭਾਵਿਤ ਉਲੰਘਣਾ ਸਬੰਧੀ ਸਥਿਤੀ ਸਪੱਸ਼ਟ ਹੋ ਸਕੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH