ਮੁੱਖ ਮੰਤਰੀ ਮਾਨ ਨਾਲ ਮੁਲਾਕਾਤ 'ਤੇ ਬਾਬਾ ਲੱਖਾ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪਿਆ ਸਪਸ਼ਟੀਕਰਨ, ਮੰਗੀ ਮੁਆਫ਼ੀ
ਅੰਮ੍ਰਿਤਸਰ, 03 ਅਕਤੂਬਰ (ਹਿੰ.ਸ.)| ਨਾਨਕਸਰ ਕਲੇਰਾਂ, ਜਗਰਾਉਂ ਦੇ ਬਾਬਾ ਲੱਖਾ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਲਿਖਤੀ ਸਪਸ਼ਟੀਕਰਨ ਅਤੇ ਮੁਆਫ਼ੀਨਾਮਾ ਸੌਂਪਿਆ ਹੈ। ਉਨ੍ਹਾਂ ਮੰਨਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ
ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਲਿਖਤੀ ਸਪਸ਼ਟੀਕਰਨ ਦਿੰਦੇ ਹੋਏ ਬਾਬਾ ਲੱਖਾ ਸਿੰਘ।


ਅੰਮ੍ਰਿਤਸਰ, 03 ਅਕਤੂਬਰ (ਹਿੰ.ਸ.)| ਨਾਨਕਸਰ ਕਲੇਰਾਂ, ਜਗਰਾਉਂ ਦੇ ਬਾਬਾ ਲੱਖਾ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਲਿਖਤੀ ਸਪਸ਼ਟੀਕਰਨ ਅਤੇ ਮੁਆਫ਼ੀਨਾਮਾ ਸੌਂਪਿਆ ਹੈ। ਉਨ੍ਹਾਂ ਮੰਨਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਹਦਾਇਤਾਂ ਨੂੰ ਦੇਖਦਿਆਂ ਉਨ੍ਹਾਂ ਨੂੰ ਮੁੱਖ ਮੰਤਰੀ ਨਾਲ ਮੁਲਾਕਾਤ ਨਹੀਂ ਕਰਨੀ ਚਾਹੀਦੀ ਸੀ ਅਤੇ ਇਸ ਨੂੰ ਆਪਣੀ ਗਲਤੀ ਦੱਸਿਆ।

ਇਹ ਮਾਮਲਾ ਪੰਜਾਬ ਸਰਕਾਰ ਵੱਲੋਂ ਲਿਆਂਦੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026 ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਸਾਹਮਣੇ ਆਇਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਕਾਨੂੰਨ ਦੀਆਂ ਕੁਝ ਧਾਰਾਵਾਂ 'ਤੇ ਇਤਰਾਜ਼ ਜਤਾਇਆ ਗਿਆ ਹੈ ਅਤੇ ਵਿਆਪਕ ਸਹਿਮਤੀ ਬਣਨ ਤੱਕ ਇਸ ਦੇ ਅਮਲ ਨੂੰ ਰੋਕਣ ਦੀ ਗੱਲ ਵੀ ਕਹੀ ਗਈ ਹੈ।

ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਦਿੱਤੇ ਆਪਣੇ ਸਪਸ਼ਟੀਕਰਨ ਵਿੱਚ ਬਾਬਾ ਲੱਖਾ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਮੁਲਾਕਾਤ ਨਾਨਕਸਰ ਸੰਪਰਦਾ ਵੱਲੋਂ ਚਲਾਏ ਜਾ ਰਹੇ ਇੱਕ ਹਸਪਤਾਲ ਨਾਲ ਸਬੰਧਤ ਕੁਝ ਪ੍ਰਸ਼ਾਸਨਿਕ ਮਾਮਲਿਆਂ ਨੂੰ ਲੈ ਕੇ ਹੋਈ ਸੀ। ਉਨ੍ਹਾਂ ਮੁਤਾਬਕ ਸਬੰਧਤ ਸਰਕਾਰੀ ਅਧਿਕਾਰੀਆਂ ਨੇ ਇਨ੍ਹਾਂ ਸਮੱਸਿਆਵਾਂ ਦਾ ਆਪਣੇ ਪੱਧਰ 'ਤੇ ਹੱਲ ਕਰਨ ਵਿੱਚ ਅਸਮਰੱਥਤਾ ਜਤਾਈ ਸੀ ਅਤੇ ਮੁੱਖ ਮੰਤਰੀ ਤੋਂ ਦਿਸ਼ਾ-ਨਿਰਦੇਸ਼ ਲੈਣ ਦੀ ਸਲਾਹ ਦਿੱਤੀ ਸੀ। ਇਸੇ ਕਾਰਨ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ।

ਬਾਬਾ ਲੱਖਾ ਸਿੰਘ ਨੇ ਕਿਹਾ ਕਿ ਉਹ ਹਮੇਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਸਮਰਪਿਤ ਰਹੇ ਹਨ ਅਤੇ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਪੂਰੀ ਸ਼ਰਧਾ ਤੇ ਨਿਮਰਤਾ ਨਾਲ ਸਵੀਕਾਰ ਕਰਦੇ ਹਨ।

ਉਨ੍ਹਾਂ ਉਨ੍ਹਾਂ ਰਿਪੋਰਟਾਂ ਦਾ ਵੀ ਖੰਡਨ ਕੀਤਾ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਬੇਅਦਬੀ ਨਾਲ ਸਬੰਧਤ ਕਾਨੂੰਨ ਦੀ ਪ੍ਰਸ਼ੰਸਾ ਕੀਤੀ ਸੀ। ਬਾਬਾ ਲੱਖਾ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕਾਨੂੰਨ ਦੇ ਸਮਰਥਨ ਵਿੱਚ ਕੋਈ ਬਿਆਨ ਨਹੀਂ ਦਿੱਤਾ ਅਤੇ ਇਸ ਸਬੰਧੀ ਪ੍ਰਕਾਸ਼ਿਤ ਜਾਣਕਾਰੀ ਸਹੀ ਨਹੀਂ ਸੀ।

ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ ਨੇ ਪੁਸ਼ਟੀ ਕੀਤੀ ਕਿ ਬਾਬਾ ਲੱਖਾ ਸਿੰਘ ਦਾ ਸਪਸ਼ਟੀਕਰਨ ਅਤੇ ਮੁਆਫ਼ੀਨਾਮਾ ਜਥੇਦਾਰ ਨੂੰ ਪ੍ਰਾਪਤ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਅੱਗੇ ਰੱਖਿਆ ਜਾਵੇਗਾ। ਮੀਟਿੰਗ ਵਿੱਚ ਬਾਬਾ ਲੱਖਾ ਸਿੰਘ ਦੇ ਪੱਖ 'ਤੇ ਵਿਚਾਰ ਕਰਨ ਤੋਂ ਬਾਅਦ ਅਗਲਾ ਫ਼ੈਸਲਾ ਲਿਆ ਜਾਵੇਗਾ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande