’ਆਪ’ ਦੇ ਸਿੱਖਿਆ ਮਾਡਲ ’ਤੇ ਸਵਾਲ ਚੁੱਕਣ ਵਾਲੇ ਮੌੜ ਦੇ ਵਿਧਾਇਕ ਸੁਖਵੀਰ ਸਿੰਘ ਮੈਸਰਖਾਨਾ ਪਾਰਟੀ ਤੋਂ ਮੁਅੱਤਲ
ਚੰਡੀਗੜ੍ਹ, 03 ਅਕਤੂਬਰ (ਹਿੰ.ਸ.)| ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ ਮੌੜ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਪਾਰਟੀ ਵੱਲੋਂ ਉਨ੍ਹਾਂ ’ਤੇ ਕਥਿਤ ਪਾਰਟੀ ਵਿਰੋਧੀ ਗਤੀਵਿਧੀਆਂ ਅਤੇ
विधायक सुखवीर सिंह मैसरखाना


ਚੰਡੀਗੜ੍ਹ, 03 ਅਕਤੂਬਰ (ਹਿੰ.ਸ.)| ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ ਮੌੜ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਪਾਰਟੀ ਵੱਲੋਂ ਉਨ੍ਹਾਂ ’ਤੇ ਕਥਿਤ ਪਾਰਟੀ ਵਿਰੋਧੀ ਗਤੀਵਿਧੀਆਂ ਅਤੇ ਅਨੁਸ਼ਾਸਨਹੀਣਤਾ ਦੇ ਦੋਸ਼ ਲਗਾਏ ਗਏ ਹਨ। ਮੁਅੱਤਲੀ ਸਬੰਧੀ ਹੁਕਮ ‘ਆਪ’ ਪੰਜਾਬ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਵੱਲੋਂ ਜਾਰੀ ਕੀਤਾ ਗਿਆ ਹੈ।

ਇਹ ਕਾਰਵਾਈ ਉਸ ਸਮੇਂ ਹੋਈ ਹੈ ਜਦੋਂ ਮਾਈਸਰਖਾਨਾ ਵੱਲੋਂ ਆਪਣੇ ਹਲਕੇ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਅਤੇ ਹੋਰ ਸਿੱਖਿਆ ਸਬੰਧੀ ਸਮੱਸਿਆਵਾਂ ਨੂੰ ਲੈ ਕੇ ਆਪਣੀ ਹੀ ਸਰਕਾਰ ’ਤੇ ਸਵਾਲ ਚੁੱਕੇ ਗਏ ਸਨ। ਇਸ ਤੋਂ ਪਹਿਲਾਂ ਉਨ੍ਹਾਂ ਦੇ ਸੰਭਾਵਿਤ ਅਸਤੀਫ਼ੇ ਨੂੰ ਲੈ ਕੇ ਵੀ ਸਿਆਸੀ ਚਰਚਾਵਾਂ ਚੱਲ ਰਹੀਆਂ ਸਨ।

ਮਾਈਸਰਖਾਨਾ ਨੇ ਸੋਸ਼ਲ ਮੀਡੀਆ ’ਤੇ ਕਰੀਬ 14 ਮਿੰਟ ਦੇ ਲਾਈਵ ਦੌਰਾਨ ਆਪਣੇ ਹਲਕੇ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਕਈ ਅਸਾਮੀਆਂ ਖਾਲੀ ਪਈਆਂ ਹਨ। ਉਨ੍ਹਾਂ ਦਾਅਵਾ ਕੀਤਾ ਸੀ ਕਿ ਉਹ ਇਹ ਮਾਮਲਾ ਪਾਰਟੀ ਲੀਡਰਸ਼ਿਪ, ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਕੋਲ ਵੀ ਉਠਾ ਚੁੱਕੇ ਹਨ, ਪਰ ਸਮੱਸਿਆ ਦਾ ਹੱਲ ਨਹੀਂ ਹੋਇਆ।

ਉਨ੍ਹਾਂ ਬੁਰਜ ਸਾਹਿਮਾ ਸਮੇਤ ਕੁਝ ਸਕੂਲਾਂ ਨੂੰ ਅਪਗ੍ਰੇਡ ਕਰਨ ਅਤੇ ਅਧਿਆਪਕਾਂ ਦੀ ਘਾਟ ਦੂਰ ਕਰਨ ਦੀ ਮੰਗ ਵੀ ਕੀਤੀ ਸੀ। ਵਿਧਾਇਕ ਨੇ ਕਿਹਾ ਸੀ ਕਿ ਜੇਕਰ ਪਾਰਟੀ ਉਨ੍ਹਾਂ ਦੀ ਟਿਕਟ ਕੱਟਣਾ ਚਾਹੁੰਦੀ ਹੈ ਤਾਂ ਕੱਟ ਦੇਵੇ, ਪਰ ਉਹ ਆਪਣੇ ਹਲਕੇ ਦੇ ਲੋਕਾਂ ਨਾਲ ਜੁੜੇ ਮੁੱਦੇ ਉਠਾਉਣ ਤੋਂ ਪਿੱਛੇ ਨਹੀਂ ਹਟਣਗੇ। ਮਾਈਸਰਖਾਨਾ ਨੇ ਇਹ ਵੀ ਦੋਸ਼ ਲਗਾਇਆ ਸੀ ਕਿ ਪਾਰਟੀ ਅਤੇ ਸਰਕਾਰ ਵਿੱਚ ਉਨ੍ਹਾਂ ਦੀਆਂ ਗੱਲਾਂ ਨੂੰ ਲੋੜੀਂਦੀ ਤਵੱਜੋ ਨਹੀਂ ਮਿਲ ਰਹੀ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਨਾਲ ਮੁਲਾਕਾਤ ਦਾ ਸਮਾਂ ਵੀ ਨਹੀਂ ਮਿਲਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਤਰਨਤਾਰਨ ਚੋਣ ਨਾਲ ਸਬੰਧਤ ਕੁਝ ਗੰਭੀਰ ਦਾਅਵੇ ਵੀ ਕੀਤੇ ਸਨ।

ਸੁਖਵੀਰ ਸਿੰਘ ਮਾਈਸਰਖਾਨਾ 2022 ਵਿੱਚ ਪਹਿਲੀ ਵਾਰ ਮੌੜ ਵਿਧਾਨ ਸਭਾ ਹਲਕੇ ਤੋਂ ‘ਆਪ’ ਦੀ ਟਿਕਟ ’ਤੇ ਵਿਧਾਇਕ ਚੁਣੇ ਗਏ ਸਨ। ਪਾਰਟੀ ਵੱਲੋਂ ਜਾਰੀ ਮੁਅੱਤਲੀ ਹੁਕਮ ਵਿੱਚ ਉਨ੍ਹਾਂ ਖ਼ਿਲਾਫ਼ ਪਾਰਟੀ ਵਿਰੋਧੀ ਗਤੀਵਿਧੀਆਂ ਅਤੇ ਅਨੁਸ਼ਾਸਨਹੀਣਤਾ ਦਾ ਹਵਾਲਾ ਦਿੱਤਾ ਗਿਆ ਹੈ। ਮਾਈਸਰਖਾਨਾ ਦੀ ਮੁਅੱਤਲੀ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਇਸ ਮਾਮਲੇ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਫਿਲਹਾਲ ਪਾਰਟੀ ਵੱਲੋਂ ਮੁਅੱਤਲੀ ਦੇ ਹੁਕਮ ਵਿੱਚ ਲਗਾਏ ਗਏ ਦੋਸ਼ਾਂ ਤੋਂ ਇਲਾਵਾ ਇਸ ਮਾਮਲੇ ਬਾਰੇ ਕੋਈ ਵਿਸਥਾਰਤ ਜਨਤਕ ਸਪੱਸ਼ਟੀਕਰਨ ਸਾਹਮਣੇ ਨਹੀਂ ਆਇਆ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande