
ਲੰਬੇ ਬਿਜਲੀ ਕੱਟਾਂ ਨੇ ਸਨਅਤਕਾਰਾਂ ਦਾ ਕੀਤਾ ਭਾਰੀ ਨੁਕਸਾਨ : ਅਨਿਲ ਸਰੀਨ
ਲੁਧਿਆਣਾ, 03 ਅਕਤੂਬਰ (ਹਿੰ.ਸ.)| ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਲੁਧਿਆਣਾ ਦੇ ਉਦਯੋਗਪਤੀਆਂ ਅਤੇ ਵਪਾਰੀਆਂ ‘ਤੇ ਪੁਲਿਸ ਦੁਆਰਾ ਮਾਮਲਾ ਦਰਜ ਕਰਨ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਹ ਐੱਫਆਈਆਰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ । ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਦਯੋਗਪਤੀਆਂ ਅਤੇ ਵਪਾਰੀਆਂ ਵੱਲੋਂ ਲਗਾਤਾਰ 8 ਤੋਂ 10 ਘੰਟੇ ਲੱਗ ਰਹੇ ਬਿਜਲੀ ਕੱਟਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਪਰ ‘ਆਪ’ ਸਰਕਾਰ ਨੇ ਉਨ੍ਹਾਂ ਦੀ ਮੰਗ ਮੰਨਣ ਦੀ ਥਾਂ ‘ਤੇ 250 ਦੇ ਕਰੀਬ ਉਦਯੋਗਪਤੀਆਂ ਅਤੇ ਵਪਾਰੀਆਂ ‘ਤੇ ਮਾਮਲਾ ਦਰਜ ਕਰਕੇ ਉਨ੍ਹਾਂ ਨਾਲ ਧੱਕਾ ਕੀਤਾ ਹੈ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਲੁਧਿਆਣਾ ਦੇ ਪ੍ਰਧਾਨ ਡਾਇੰਗ ਐਸੋਸੀਏਸ਼ਨ ਦੇ ਆਗੂ ਤੇ ਭਾਜਪਾ ਦੇ ਜ਼ਿਲ੍ਹਾ ਇਕਾਈ ਦੇ ਕੈਸ਼ੀਅਰ ਬੌਬੀ ਜ਼ਿੰਦਲ, ਜਿ਼ਲ੍ਹਾ ਜਨਰਲ ਸਕੱਤਰ ਸੇਨੂੰ ਚੁੱਘ, ਕੈਲਾਸ਼ ਚੌਧਰੀ, ਮਹੇਸ਼ ਅਤੇ ਸਤੀਸ਼ ਵੀ ਹਾਜ਼ਰ ਸਨ।
ਸਰੀਨ ਨੇ ਕਿਹਾ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ ਟਰੇਡ ਤੇ ਉਦਯੋਗਾਂ ਨੂੰ 24 ਘੰਟੇ ਤੇ ਸਸਤੀ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ। ਪਰ ਹੁਣ ਸੱਤਾ ਦੇ ਨਸ਼ੇ ਵਿੱਚ ਚੂਰ ‘ਆਪ’ ਸਰਕਾਰ ਦੁਆਰਾ ਬਿਜਲੀ ਦੇ ਲੰਮੇ ਕੱਟ ਲਗਾਏ ਜਾ ਰਹੇ ਹਨ ਅਤੇ ਪ੍ਰਦਰਸ਼ਨ ਕਰਨ ਵਾਲੇ ਉਦਯੋਗਪਤੀਆਂ ਅਤੇ ਵਪਾਰੀਆਂ ਦੀ ਤਾਨਸ਼ਾਹੀ ਰਵੱਈਏ ਨਾਲ ਅਵਾਜ਼ ਦਬਾਈ ਜਾ ਰਹੀ ਹੈ ।
ਸਰੀਨ ਨੇ ਕਿਹਾ ਕਿ ਪੰਜਾਬ ਭਾਜਪਾ ਉਦਯੋਗਪਤੀਆਂ ਅਤੇ ਵਪਾਰੀਆਂ ਨਾਲ ਖੜ੍ਹੀ ਹੈ ਅਤੇ ਕਿਸੇ ਵੀ ਵਪਾਰੀ ਨੂੰ ਪ੍ਰੇਸ਼ਾਨ ਨਹੀਂ ਹੋਣ ਦਿੱਤਾ ਜਾਵੇਗੀ। ਪੰਜਾਬ ਵਿਵਚ ਅਮਨ ਕਾਨੂੰਨ ਦੀ ਮਾੜੀ ਸਥਿਤੀ ‘ਤੇ ਸਵਾਲ ਚੁੱਕਦਿਆਂ ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੀਆਂ ਅਜਿਹੀਆਂ ਨੀਤੀਆ ਕਾਰਨ ਇੰਡਸਟਰੀ ਪਲਾਇਨ ਕਰ ਰਹੀ ਹੈ । ਉਨ੍ਹਾਂ ਮੰਗ ਕੀਤੀ ਕਿ ਸਰਕਾਰ ਉਦਯੋਗਪਤੀਆਂ ਅਤੇ ਵਪਾਰੀਆਂ ਖਿਲ਼ਾਫ ਦਰਜ ਐਫਆਈਆਰ ਤੁਰੰਤ ਵਾਪਸ ਲਵੇ ਅਤੇ ਇੰਡਸਟਰੀ ਨੂੰ ਬਿਨਾਂ ਕੱਟਾਂ ਤੋਂ ਪੂਰਾ ਸਮਾਂ ਬਿਜਲੀ ਸਪਲਾਈ ਦਿੱਤੀ ਜਾਵੇ।
ਹਿੰਦੂਸਥਾਨ ਸਮਾਚਾਰ / GURSHARAN SINGH