
ਪਟਿਆਲਾ, 03 ਅਕਤੂਬਰ (ਹਿੰ.ਸ.)| ਭਾਸ਼ਾ ਵਿਭਾਗ ਪੰਜਾਬ ਵੱਲੋਂ ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀ ਕਵੀ ਅਤੇ ਪੰਜਾਬੀ ਦੇ ਪਹਿਲੇ ਨਾਵਲਕਾਰ ਭਾਈ ਵੀਰ ਸਿੰਘ ਨੂੰ ਸਮਰਪਿਤ ਸਾਹਿਤਕ ਗੋਸ਼ਟੀ ਦੇਹਰਾਦੂਨ ਸਥਿਤ ਡਾ. ਬਲਵੀਰ ਸਿੰਘ ਸਾਹਿਤ ਸਦਨ ਵਿਖੇ ਕਰਵਾਈ ਗਈ। ਇਹ ਸਮਾਗਮ ਵਿਭਾਗ ਵੱਲੋਂ ਚਲਾਈ ਜਾ ਰਹੀ ‘ਪੰਜਾਬੋਂ ਬਾਹਰ ਸਮਾਗਮਾਂ’ ਦੀ ਲੜੀ ਤਹਿਤ ਪੰਜਾਬੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ।
ਸਮਾਗਮ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪਕੁਲਪਤੀ ਡਾ. ਜਗਦੀਪ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਸ੍ਰੀ ਹੇਮਕੁੰਡ ਸਾਹਿਬ ਟਰੱਸਟ ਦੇ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ। ਡਾ. ਅਮਰਜੀਤ ਸਿੰਘ ਅਤੇ ਪ੍ਰੋ. ਕਮਲਵੀਰ ਸਿੰਘ ਨੇ ਭਾਈ ਵੀਰ ਸਿੰਘ ਦੀ ਸ਼ਖ਼ਸੀਅਤ ਅਤੇ ਸਾਹਿਤਕ ਰਚਨਾ ਦੇ ਵੱਖ-ਵੱਖ ਪੱਖਾਂ ਬਾਰੇ ਵਿਚਾਰ ਸਾਂਝੇ ਕੀਤੇ।
ਨੌਜਵਾਨ ਚਿੰਤਕ ਪ੍ਰੋ. ਕਮਲਵੀਰ ਸਿੰਘ ਨੇ ‘ਬਸਤੀਵਾਦੀ ਦੌਰ ’ਚ ਭਾਈ ਵੀਰ ਸਿੰਘ ਦੀਆਂ ਲਿਖਤਾਂ’ ਵਿਸ਼ੇ ’ਤੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਸਾਹਿਤ ਦੇ ਨਿਰਮਾਤਾਵਾਂ ਵਿੱਚੋਂ ਇੱਕ ਸਨ। ਉਨ੍ਹਾਂ ਆਪਣੀਆਂ ਰਚਨਾਵਾਂ ਰਾਹੀਂ ਬਸਤੀਵਾਦੀ ਨੀਤੀਆਂ ਦੇ ਪ੍ਰਭਾਵਾਂ ਨੂੰ ਉਭਾਰਨ ਦੇ ਨਾਲ-ਨਾਲ ਪੰਜਾਬੀ ਸਮਾਜ ਵਿੱਚ ਨਵੇਂ ਵਿਚਾਰਾਂ ਅਤੇ ਨਵੇਂ ਨਾਇਕਾਂ ਦੀ ਸਿਰਜਣਾ ਕੀਤੀ।
ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਭਾਈ ਵੀਰ ਸਿੰਘ ਦੇ ਸਾਹਿਤ ਦੀਆਂ ਵੱਖ-ਵੱਖ ਪਰਤਾਂ ਨੂੰ ਇਕੱਠੇ ਰੱਖ ਕੇ ਸਮਝਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਰਚਨਾ ਨੂੰ ਕਿਸੇ ਇੱਕ ਵਿਚਾਰਧਾਰਕ ਚੌਖਟੇ ਤੱਕ ਸੀਮਤ ਕਰਕੇ ਨਹੀਂ ਦੇਖਿਆ ਜਾਣਾ ਚਾਹੀਦਾ। ਪ੍ਰੋ. ਸੁਦਰਸ਼ਨ ਗਾਸੋ ਨੇ ਕਿਹਾ ਕਿ ਸਾਹਿਤ ਨੂੰ ਸਿਰਫ਼ ਕੁਝ ਨਿਰਧਾਰਤ ਸੂਤਰਾਂ ਵਿੱਚ ਬੰਨ੍ਹ ਕੇ ਦੇਖਣ ਨਾਲ ਉਸ ਨਾਲ ਨਿਆਂ ਨਹੀਂ ਹੋ ਸਕਦਾ। ਉਨ੍ਹਾਂ ਪੰਜਾਬੀ ਸਾਹਿਤ ’ਤੇ ਗੁਰਬਾਣੀ ਦੇ ਡੂੰਘੇ ਪ੍ਰਭਾਵ ਦਾ ਵੀ ਜ਼ਿਕਰ ਕੀਤਾ। ਨਰਿੰਦਰਜੀਤ ਸਿੰਘ ਬਿੰਦਰਾ ਨੇ ਭਾਈ ਵੀਰ ਸਿੰਘ ਦੇ ਸ੍ਰੀ ਹੇਮਕੁੰਡ ਸਾਹਿਬ ਨਾਲ ਰਹੇ ਸਬੰਧਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਭਾਈ ਵੀਰ ਸਿੰਘ ਨਾਲ ਸਬੰਧਤ ਕਿਸੇ ਵੀ ਪ੍ਰੋਜੈਕਟ ਲਈ ਸਹਿਯੋਗ ਦੇਣ ਵਾਸਤੇ ਤਿਆਰ ਹੈ।
ਮੁੱਖ ਮਹਿਮਾਨ ਡਾ. ਜਗਦੀਪ ਸਿੰਘ ਨੇ ਕਿਹਾ ਕਿ ਭਾਈ ਵੀਰ ਸਿੰਘ ਨੂੰ ਆਧੁਨਿਕ ਪੰਜਾਬੀ ਸਾਹਿਤ ਦਾ ਨਿਰਮਾਤਾ ਹੋਣ ਦੇ ਨਾਲ-ਨਾਲ ਇੱਕ ਅਧਿਆਤਮਕ ਸ਼ਖ਼ਸੀਅਤ ਵਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਭਾਈ ਵੀਰ ਸਿੰਘ ਨਾਲ ਸਬੰਧਤ ਅਜਾਇਬ ਘਰ ਸਥਾਪਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ, ਤਾਂ ਜੋ ਉਨ੍ਹਾਂ ਦੀ ਵਿਰਾਸਤ ਨੂੰ ਸੰਭਾਲਿਆ ਜਾ ਸਕੇ।
ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਧੰਨਵਾਦ ਕਰਦਿਆਂ ਕਿਹਾ ਕਿ ਵਿਭਾਗ ਵੱਲੋਂ ਭਾਈ ਵੀਰ ਸਿੰਘ ਵਰਗੀ ਮਹਾਨ ਸਾਹਿਤਕ ਸ਼ਖ਼ਸੀਅਤ ਦੀ ਵਿਰਾਸਤ ਅਤੇ ਯੋਗਦਾਨ ਬਾਰੇ ਸੰਵਾਦ ਨੂੰ ਅੱਗੇ ਵਧਾਉਣ ਦਾ ਯਤਨ ਕੀਤਾ ਗਿਆ ਹੈ। ਸਮਾਗਮ ਵਿੱਚ ਕਈ ਸਥਾਨਕ ਸ਼ਖ਼ਸੀਅਤਾਂ ਅਤੇ ਸਾਹਿਤ ਪ੍ਰੇਮੀ ਹਾਜ਼ਰ ਰਹੇ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ। ਅੰਤ ਵਿੱਚ ਮਹਿਮਾਨਾਂ, ਬੁਲਾਰਿਆਂ ਅਤੇ ਡਾ. ਬਲਵੀਰ ਸਿੰਘ ਸਾਹਿਤ ਕੇਂਦਰ ਦੇ ਇੰਚਾਰਜ ਡਾ. ਕੁਲਵਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ / GURSHARAN SINGH