
ਕੁਰੂਕਸ਼ੇਤਰ ਵਿੱਚ ਹੀਰਕ ਜੈਅੰਤੀ ਸਮਾਰੋਹ ਦੌਰਾਨ ਰਾਸ਼ਟਰਪਤੀ ਨੇ ਜਾਰੀ ਕੀਤਾ ਯਾਦਗਾਰੀ ਲੋਗੋ
ਮਹਿਲਾ ਸਸ਼ਕਤੀਕਰਨ, ਖੇਡਾਂ ਅਤੇ ਖੇਤੀਬਾੜੀ ਵਿੱਚ ਹਰਿਆਣਾ ਦੀਆਂ ਪ੍ਰਾਪਤੀਆਂ ਦੀ ਕੀਤੀ ਸ਼ਲਾਘਾ
ਚੰਡੀਗੜ੍ਹ, 01 ਨਵੰਬਰ (ਹਿੰ.ਸ.)| ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਹਰਿਆਣਾ ਦੀ ਧਰਤੀ ਨੇ ਆਜ਼ਾਦੀ ਸੰਗਰਾਮ ਤੋਂ ਲੈ ਕੇ ਰਾਸ਼ਟਰ ਨਿਰਮਾਣ ਤੱਕ ਹਰ ਖੇਤਰ ਵਿੱਚ ਬੇਮਿਸਾਲ ਯੋਗਦਾਨ ਪਾਇਆ ਹੈ। ਇਸ ਧਰਤੀ ਨੇ ਦੇਸ਼ ਨੂੰ ਬਹਾਦਰ ਸੈਨਿਕਾਂ, ਕਿਸਾਨਾਂ, ਖਿਡਾਰੀਆਂ, ਸਾਹਿਤਕਾਰਾਂ ਅਤੇ ਸਮਾਜ ਸੁਧਾਰਕਾਂ ਦੀ ਅਨਮੋਲ ਵਿਰਾਸਤ ਦਿੱਤੀ ਹੈ। ਉਹ ਐਤਵਾਰ ਨੂੰ ਕੁਰੂਕਸ਼ੇਤਰ ਵਿੱਚ ਹਰਿਆਣਾ ਦੇ ਗਠਨ ਦੇ 60 ਸਾਲ ਪੂਰੇ ਹੋਣ ਮੌਕੇ ਕਰਵਾਏ ਗਏ ਹੀਰਕ ਜੈਅੰਤੀ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨੇ ਸਮਾਰੋਹ ਦਾ ਯਾਦਗਾਰੀ ਲੋਗੋ ਵੀ ਜਾਰੀ ਕੀਤਾ। ਸਮਾਗਮ ਵਿੱਚ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੌਜੂਦ ਸਨ।
ਰਾਸ਼ਟਰਪਤੀ ਨੇ ਕਿਹਾ ਕਿ ਕੁਰੂਕਸ਼ੇਤਰ ਦੀ ਪਾਵਨ ਧਰਤੀ ਤੋਂ ਭਗਵਾਨ ਸ੍ਰੀ ਕ੍ਰਿਸ਼ਨ ਦਾ ਗੀਤਾ ਸੰਦੇਸ਼ ਪੂਰੀ ਦੁਨੀਆ ਵਿੱਚ ਫੈਲਿਆ। ਇਹ ਧਰਤੀ ਭਾਰਤੀ ਸੱਭਿਆਚਾਰ ਅਤੇ ਅਧਿਆਤਮਿਕ ਚੇਤਨਾ ਦਾ ਅਹਿਮ ਕੇਂਦਰ ਹੈ। ਉਨ੍ਹਾਂ ਨੇ ਰਾਓ ਤੁਲਾਰਾਮ, ਦੀਨਬੰਧੂ ਸਰ ਛੋਟੂ ਰਾਮ, ਪੰਡਿਤ ਨੇਕੀਰਾਮ ਸ਼ਰਮਾ ਅਤੇ ਦਾਦਾ ਲਖਮੀਚੰਦ ਵਰਗੀਆਂ ਸ਼ਖ਼ਸੀਅਤਾਂ ਦੇ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਹਰਿਆਣਾ ਦੀ ਵਿਰਾਸਤ ਨੂੰ ਅਮੀਰ ਬਣਾਇਆ।
ਉਨ੍ਹਾਂ ਆਜ਼ਾਦੀ ਅੰਦੋਲਨ ਵਿੱਚ ਹਰਿਆਣਾ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੰਬਾਲਾ ਦੇ ਕਾਂਸ਼ੀ ਰਾਮ ਨੇ ਗ਼ਦਰ ਪਾਰਟੀ ਦੀ ਸਥਾਪਨਾ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ 1915 ਵਿੱਚ ਬ੍ਰਿਟਿਸ਼ ਸਰਕਾਰ ਨੇ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ। ਸਾਲ 1942 ਦੇ ਭਾਰਤ ਛੱਡੋ ਅੰਦੋਲਨ ਵਿੱਚ ਪੇਂਡੂ ਖੇਤਰਾਂ ਅਤੇ ਛੋਟੀ ਉਮਰ ਦੀਆਂ ਕੁੜੀਆਂ ਨੇ ਵੀ ਵਧ-ਚੜ੍ਹ ਕੇ ਹਿੱਸਾ ਲਿਆ। ਉਨ੍ਹਾਂ ਰੇਵਾੜੀ ਦੀ 12 ਸਾਲਾ ਬੱਚੀ ਦੀ ਮਿਸਾਲ ਦਿੱਤੀ, ਜਿਸ ਨੇ ਸਿਵਲ ਨਾ-ਫ਼ੁਰਮਾਨੀ ਅੰਦੋਲਨ ਦੌਰਾਨ ਆਪਣੀ ਬਚਤ ਲੂਣ ਖਰੀਦਣ ਲਈ ਸਮਰਪਿਤ ਕਰ ਦਿੱਤੀ ਸੀ।
ਮਹਿਲਾ ਸਸ਼ਕਤੀਕਰਨ ਦੀ ਗੱਲ ਕਰਦਿਆਂ ਰਾਸ਼ਟਰਪਤੀ ਨੇ ਸੁਚੇਤਾ ਕ੍ਰਿਪਲਾਨੀ, ਸ਼ੰਨੋ ਦੇਵੀ ਅਤੇ ਕਲਪਨਾ ਚਾਵਲਾ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਜਨਮ ਸਮੇਂ ਲਿੰਗ ਅਨੁਪਾਤ 2014 ਦੇ 871 ਤੋਂ ਵਧ ਕੇ ਨਵੰਬਰ 2025 ਵਿੱਚ ਲਗਭਗ 915 ਹੋ ਗਿਆ ਹੈ। ਪਾਣੀਪਤ ਤੋਂ ਸ਼ੁਰੂ ਹੋਇਆ 'ਬੇਟੀ ਬਚਾਓ, ਬੇਟੀ ਪੜ੍ਹਾਓ' ਅਭਿਆਨ ਵੀ ਧੀਆਂ ਪ੍ਰਤੀ ਸਮਾਜਿਕ ਸੋਚ ਬਦਲਣ ਵਿੱਚ ਅਹਿਮ ਸਾਬਤ ਹੋਇਆ ਹੈ।
ਖੇਡਾਂ ਵਿੱਚ ਹਰਿਆਣਾ ਦੀਆਂ ਧੀਆਂ ਦੀ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਮਨੂ ਭਾਕਰ, ਸਵੀਟੀ ਬੂਰਾ ਅਤੇ ਜੈਸਮਿਨ ਲੰਬੋਰੀਆ ਦਾ ਜ਼ਿਕਰ ਕੀਤਾ। ਉਨ੍ਹਾਂ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਮਨੀਸ਼ਾ ਭਾਨਵਾਲਾ ਦੀ ਸੋਨ ਤਗਮੇ ਦੀ ਪ੍ਰਾਪਤੀ ਲਈ ਵਧਾਈ ਦਿੱਤੀ।
ਰਾਸ਼ਟਰਪਤੀ ਨੇ ਕਿਹਾ ਕਿ ਹਰਿਆਣਾ ਖੇਤੀਬਾੜੀ, ਖੇਡਾਂ, ਫੌਜ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਲਗਾਤਾਰ ਅੱਗੇ ਵਧ ਰਿਹਾ ਹੈ। ਜੀਂਦ-ਸੋਨੀਪਤ ਵਿਚਕਾਰ ਹਾਈਡ੍ਰੋਜਨ ਈਂਧਨ ਨਾਲ ਚੱਲਣ ਵਾਲੀ ਰੇਲਗੱਡੀ ਇਸ ਤਰੱਕੀ ਦੀ ਇੱਕ ਅਹਿਮ ਮਿਸਾਲ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਗੀਤਾ ਦੇ ਕਰਮਯੋਗ ਅਤੇ ਲੋਕ ਭਲਾਈ ਦੇ ਸੰਦੇਸ਼ ਤੋਂ ਪ੍ਰੇਰਨਾ ਲੈ ਕੇ ਹਰਿਆਣਾ ਸਮਾਵੇਸ਼ੀ ਅਤੇ ਸਰਬਪੱਖੀ ਵਿਕਾਸ ਦੀਆਂ ਨਵੀਆਂ ਉਚਾਈਆਂ ਹਾਸਲ ਕਰੇਗਾ।
ਹਿੰਦੂਸਥਾਨ ਸਮਾਚਾਰ / GURSHARAN SINGH