
ਯੂਥ ਅਕਾਲੀ ਦਲ ਵੱਲੋਂ ਫਰੀਦਕੋਟ ਇਲਾਕੇ ਦੇ ਕੋਟਕਪੂਰਾ, ਫਰੀਦਕੋਟ ਅਤੇ ਜੈਤੋ ਵਿੱਚ ਮੀਟਿੰਗਾਂ; ਨੌਜਵਾਨਾਂ ਨੇ ਕਾਲੀਆਂ ਦਸਤਾਰਾਂ ਸਜਾ ਕੇ ਜਤਾਇਆ ਰੋਸ
ਫਰੀਦਕੋਟ, 02 ਨਵੰਬਰ (ਹਿੰ.ਸ.)| ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਘਨੌਰ ਹਲਕੇ ਦੇ ਇੰਚਾਰਜ ਸਰਬਜੀਤ ਸਿੰਘ ਝਿੰਜਰ ਨੇ ਕੋਟਕਪੂਰਾ, ਫਰੀਦਕੋਟ ਅਤੇ ਜੈਤੋ (ਐੱਸ.ਸੀ.) ਹਲਕਿਆਂ ਵਿੱਚ ਨੌਜਵਾਨ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ। ਇਨ੍ਹਾਂ ਮੀਟਿੰਗਾਂ ਵਿੱਚ ਸਬੰਧਤ ਹਲਕਿਆਂ ਦੇ ਇੰਚਾਰਜ ਮੰਤਰ ਸਿੰਘ ਬਰਾੜ, ਪਰਮਬੰਸ ਸਿੰਘ ਰੋਮਾਣਾ ਅਤੇ ਸੁਬਾ ਸਿੰਘ ਬਾਦਲ ਵੀ ਮੌਜੂਦ ਰਹੇ। ਮੀਟਿੰਗਾਂ ਦਾ ਮਕਸਦ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਨੂੰ ਲਾਮਬੰਦ ਕਰਨਾ, ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਲੋੜਾਂ ਬਾਰੇ ਜਾਣਨਾ ਸੀ।
1 ਨਵੰਬਰ ਨੂੰ 1984 ਦੇ ਸਿੱਖ ਕਤਲੇਆਮ ਦੀ ਬਰਸੀ ਮੌਕੇ ਮੀਟਿੰਗਾਂ ਵਿੱਚ ਸ਼ਾਮਲ ਨੌਜਵਾਨਾਂ ਨੇ ਕਾਲੀਆਂ ਦਸਤਾਰਾਂ ਸਜਾ ਕੇ ਅਤੇ ਦਸਤਾਰਾਂ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਪ੍ਰਗਟਾਇਆ। ਇਸ ਮੌਕੇ ਝਿੰਜਰ ਨੇ ਕਿਹਾ ਕਿ 1984 ਵਿੱਚ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ। ਚਾਰ ਦਹਾਕਿਆਂ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਪੀੜਤ ਪਰਿਵਾਰ ਇਨਸਾਫ਼ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰਾਂ ਬਦਲੀਆਂ, ਕਮਿਸ਼ਨ ਬਣੇ, ਪਰ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲੀਆਂ।
ਮੌਜੂਦਾ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਝਿੰਜਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਮਾਰ ਤੋਂ ਬਚਾਉਣ ਵਿੱਚ ਅਸਫ਼ਲ ਰਹਿਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਚਿੱਟੇ ਕਾਰਨ ਪਿੰਡਾਂ ਅਤੇ ਸ਼ਹਿਰਾਂ ਵਿੱਚ ਪਰਿਵਾਰ ਪ੍ਰਭਾਵਿਤ ਹੋ ਰਹੇ ਹਨ ਅਤੇ ਨਸ਼ਾ ਸਪਲਾਈ ਕਰਨ ਵਾਲੇ ਨੈੱਟਵਰਕ ਨੂੰ ਤੋੜਨ ਲਈ ਸਰਕਾਰ ਪ੍ਰਭਾਵਸ਼ਾਲੀ ਕਦਮ ਨਹੀਂ ਚੁੱਕ ਸਕੀ।
ਉਨ੍ਹਾਂ ਪੰਜਾਬ ਦੀ ਕਾਨੂੰਨ ਵਿਵਸਥਾ ’ਤੇ ਵੀ ਸਵਾਲ ਚੁੱਕਦਿਆਂ ਤਰਨਤਾਰਨ ਵਿੱਚ ਏਐੱਸਆਈ ਇਕਬਾਲ ਸਿੰਘ ਦੀ ਹੱਤਿਆ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਪੁਲਿਸ ਮੁਲਾਜ਼ਮ ਹੀ ਸੁਰੱਖਿਅਤ ਨਹੀਂ ਹਨ ਤਾਂ ਆਮ ਲੋਕਾਂ ਦੀ ਸੁਰੱਖਿਆ ਬਾਰੇ ਚਿੰਤਾ ਹੋਣਾ ਸੁਭਾਵਿਕ ਹੈ। ਉਨ੍ਹਾਂ ਸੂਬੇ ਵਿੱਚ ਕਤਲ, ਫਿਰੌਤੀਆਂ ਅਤੇ ਗੈਂਗਸਟਰਵਾਦ ਵਧਣ ਦੇ ਦੋਸ਼ ਵੀ ਲਾਏ।
ਝਿੰਜਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਨੌਜਵਾਨਾਂ ਨੂੰ ਸੰਗਠਨ, ਫ਼ੈਸਲੇ ਲੈਣ ਅਤੇ ਚੋਣਾਂ ਵਿੱਚ ਅਹਿਮ ਭੂਮਿਕਾ ਦਿੱਤੀ ਜਾਵੇਗੀ। ਉਨ੍ਹਾਂ ਹਲਕਾ ਇੰਚਾਰਜਾਂ ਨੂੰ ਪਿੰਡਾਂ ਅਤੇ ਵਾਰਡਾਂ ਤੱਕ ਪਹੁੰਚ ਕਰਕੇ ਨੌਜਵਾਨਾਂ ਦੀਆਂ ਰੁਜ਼ਗਾਰ, ਸਿੱਖਿਆ ਅਤੇ ਨਸ਼ਿਆਂ ਨਾਲ ਜੁੜੀਆਂ ਸਮੱਸਿਆਵਾਂ ਸੁਣਨ ਅਤੇ ਪਾਰਟੀ ਲੀਡਰਸ਼ਿਪ ਤੱਕ ਪਹੁੰਚਾਉਣ ਦੀ ਅਪੀਲ ਕੀਤੀ।
ਹਿੰਦੂਸਥਾਨ ਸਮਾਚਾਰ / GURSHARAN SINGH