
ਚੰਡੀਗੜ੍ਹ, 10 ਨਵੰਬਰ (ਹਿੰ.ਸ.)| ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਹੈ ਕਿ ਸਾਜ਼ੋ-ਸਮਾਨ, ਇਮਾਰਤਾਂ ਨੂੰ ਰੰਗ-ਰੋਗਨ ਕਰਨ ਨਾਲ ਸਿੱਖਿਆ ਕ੍ਰਾਂਤੀ ਨਹੀਂ ਆਉਣੀ ਬਲਕਿ ਉਸ ਦੀ ਵਰਤੋਂ ਲਈ ਅਧਿਆਪਕ ਹੋਣੇ ਚਾਹੀਦੇ ਹਨ।
ਅਵਿਨਾਸ਼ ਰਾਏ ਖੰਨਾ ਮੁੱਖ ਮੰਤਰੀ ਵਲੋਂ ਸਰਕਾਰੀ ਸਕੂਲਾਂ ਵਿੱਚ 40,003 ਕੰਪਿਊਟਰ ਲਗਾਉਣ ਤੇ ਸਿੱਖਿਆ ਕ੍ਰਾਂਤੀ ਲਿਆਉਣ ਦੇ ਦਾਅਵਿਆਂ ਉੱਤੇ ਟਿੱਪਣੀ ਕਰ ਰਹੇ ਸਨ। ਉਨ੍ਹਾਂ ਸਵਾਲ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਇਹ ਦੱਸਣ ਕਿ ਉਨ੍ਹਾਂ ਦੀ ਸਰਕਾਰ ਨੇ ਆਪਣੇ ਪੂਰੇ ਕਾਰਜਕਾਲ ਦੌਰਾਨ ਕਿੰਨੇ ਕੰਪਿਊਟਰ ਟੀਚਰ ਭਰਤੀ ਕੀਤੇ ਹਨ, ਤਾਂ ਜਵਾਬ ਹੋਵੇਗਾ ਇੱਕ ਵੀ ਨਹੀਂ।
ਸਿੱਖਿਆ ਕ੍ਰਾਂਤੀ ਦਾ ਦਾਅਵਾ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਮਿਡਲ ਸਕੂਲਾਂ ਵਿੱਚ ਕੰਪਿਊਟਰ ਪੜਾਉਣ ਵਾਲੇ ਅਧਿਆਪਕ ਹੀ ਨਹੀਂ ਹਨ। ਸੀਨੀਅਰ ਸੈਕੰਡਰੀ ਸਕੂਲਾਂ ਦੇ ਟੀਚਰਾਂ ਨੂੰ ਤਿੰਨ-ਤਿੰਨ ਦਿਨ ਭੇਜ ਕੇ ਕੰਮ ਚਲਾਇਆ ਜਾ ਰਿਹੈ। ਇਸ ਤੋਂ ਇਲਾਵਾ, ਇਨ੍ਹਾਂ ਅਧਿਆਪਕਾਂ ਨੂੰ ਗੈਰ-ਟੀਚਿੰਗ ਕੰਮਾਂ ਵਿੱਚ ਇੰਨਾ ਲਗਾਇਆ ਜਾਂਦਾ ਹੈ ਕਿ ਸਕੂਲ ਵਿੱਚ ਕਲਾਸ ਲੈਣ ਦਾ ਸਮਾਂ ਹੀ ਨਹੀਂ ਬਚਦਾ।
ਖੰਨਾ ਨੇ ਕਿਹਾ ਕਿ 2006-07 ਵਿੱਚ ਸਥਾਪਿਤ ਕੰਪਿਊਟਰ ਲੈਬਾਂ ਅੱਜ ਕਬਾੜ ਬਣ ਚੁੱਕੀਆਂ ਸਨ। 2016 ਵਿੱਚ ਅਕਾਲੀ-ਭਾਜਪਾ ਸਰਕਾਰ ਦੌਰਾਨ ਐੱਨ-ਕੰਪਿਊਟਿੰਗ ਤਕਨੀਕ ਨਾਲ ਪ੍ਰਤੀ ਸਕੂਲ 24 ਕੰਪਿਊਟਰ ਚਲਾਏ ਜਾਂਦੇ ਸਨ, ਜਦਕਿ ਅੱਜ 200 ਵਿਦਿਆਰਥੀਆਂ ਪਿੱਛੇ ਸਿਰਫ਼ 8 ਕੰਪਿਊਟਰ ਦੇਣਾ ਕੰਪਿਊਟਰ ਸਿੱਖਿਆ ਦਾ ਮਜ਼ਾਕ ਹੈ।
ਉਨ੍ਹਾਂ ਕਿਹਾ ਕਿ 2011 ਵਿੱਚ ਰੈਗੂਲਰ ਹੋਏ ਕੰਪਿਊਟਰ ਅਧਿਆਪਕ ਅਜੇ ਵੀ ਪਿਕਟੈਸ ਸੁਸਾਇਟੀ ਅਧੀਨ ਹਨ। ਉਨ੍ਹਾਂ ਨੂੰ ਭੱਤੇ ਅਤੇ ਮੈਡੀਕਲ ਰੀਇੰਬਰਸਮੈਂਟ ਤੋਂ ਵਾਂਝਾ ਰੱਖਿਆ ਗਿਆ ਹੈ। ਛੇਵੇਂ ਤਨਖਾਹ-ਕਮਿਸ਼ਨ ਲਈ ਹਾਈ ਕੋਰਟ ਵਿੱਚ ਜਿੱਤਣ ਦੇ ਬਾਵਜੂਦ ਸਰਕਾਰ ਇਸ ਮੁਤਾਬਕ ਤਨਖਾਹਾਂ ਦੇਣ ਤੋਂ ਭੱਜ ਰਹੀ ਹੈ। ਅਧਿਆਪਕਾਂ ਨੂੰ ਤਨਖਾਹਾਂ ਦੇਣ ਦੀ ਬਜਾਇ ਉਨ੍ਹਾਂ ਖਿਲਾਫ਼ ਸੁਪਰੀਮ ਕੋਰਟ ਵਿੱਚ ਮਹਿੰਗੇ ਵਕੀਲਾਂ ਉੱਤੇ ਲੱਖਾਂ ਰੁਪਏ ਖ਼ਰਚ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH