ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਦੋ ਅਹਿਮ ਸਮਝੌਤੇ, ਆਟੋਮੋਟਿਵ ਤੇ ਫੁੱਟਵੀਅਰ ਖੇਤਰਾਂ ਵਿੱਚ ਮਿਲੇਗੀ ਸਿਖਲਾਈ
ਐਫ.ਡੀ.ਡੀ.ਆਈ., ਐਨ.ਆਈ.ਆਈ.ਐਫ.ਟੀ. ਅਤੇ ਐਸ.ਆਈ.ਏ.ਡੀ.ਐਸ. ਨਾਲ ਕੀਤੀ ਭਾਈਵਾਲੀ, ਨੌਜਵਾਨਾਂ ਲਈ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਮੌਕੇ ਵਧਾਉਣ ''ਤੇ ਜ਼ੋਰ : ਅਮਨ ਅਰੋੜਾ ਚੰਡੀਗੜ੍ਹ, 10 ਨਵੰਬਰ (ਹਿੰ.ਸ.)| ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਉਦਯੋਗਾਂ ਦੀਆਂ ਲੋੜਾਂ ਅਨੁਸਾਰ ਹੁਨਰਮੰਦ ਬਣਾਉਣ
ਐਮਓਯੂ ਦਿਖਾਉਂਦੇ ਹੋਏ ਅਧਿਕਾਰੀ।


ਐਫ.ਡੀ.ਡੀ.ਆਈ., ਐਨ.ਆਈ.ਆਈ.ਐਫ.ਟੀ. ਅਤੇ ਐਸ.ਆਈ.ਏ.ਡੀ.ਐਸ. ਨਾਲ ਕੀਤੀ ਭਾਈਵਾਲੀ, ਨੌਜਵਾਨਾਂ ਲਈ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਮੌਕੇ ਵਧਾਉਣ 'ਤੇ ਜ਼ੋਰ : ਅਮਨ ਅਰੋੜਾ

ਚੰਡੀਗੜ੍ਹ, 10 ਨਵੰਬਰ (ਹਿੰ.ਸ.)| ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਉਦਯੋਗਾਂ ਦੀਆਂ ਲੋੜਾਂ ਅਨੁਸਾਰ ਹੁਨਰਮੰਦ ਬਣਾਉਣ ਅਤੇ ਉਨ੍ਹਾਂ ਲਈ ਰੋਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਵਾਸਤੇ ਦੋ ਅਹਿਮ ਸਮਝੌਤੇ ਸਹੀਬੱਧ ਕੀਤੇ ਗਏ ਹਨ। ਪੰਜਾਬ ਹੁਨਰ ਵਿਕਾਸ ਮਿਸ਼ਨ (ਪੀਐਸਡੀਐਮ) ਵੱਲੋਂ ਇਹ ਸਮਝੌਤੇ ਆਟੋਮੋਟਿਵ, ਡਰਾਈਵਿੰਗ, ਫੁੱਟਵੀਅਰ ਅਤੇ ਫੈਸ਼ਨ ਨਿਰਮਾਣ ਖੇਤਰਾਂ ਵਿੱਚ ਵਿਸ਼ੇਸ਼ ਸਿਖਲਾਈ ਪ੍ਰਦਾਨ ਕਰਨ ਲਈ ਕੀਤੇ ਗਏ ਹਨ।

ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਇਸ ਪਹਿਲਕਦਮੀ ਨੂੰ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਲਈ ਮਹੱਤਵਪੂਰਨ ਕਦਮ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਨੌਜਵਾਨਾਂ ਨੂੰ ਸਿਰਫ਼ ਡਿਗਰੀਆਂ ਤੱਕ ਸੀਮਤ ਰੱਖਣਾ ਨਹੀਂ, ਸਗੋਂ ਉਨ੍ਹਾਂ ਨੂੰ ਅਜਿਹੇ ਵਿਹਾਰਕ ਹੁਨਰ ਪ੍ਰਦਾਨ ਕਰਨਾ ਹੈ, ਜਿਨ੍ਹਾਂ ਦੀ ਉਦਯੋਗਾਂ ਵਿੱਚ ਅਸਲ ਮੰਗ ਹੈ।

ਉਨ੍ਹਾਂ ਦੱਸਿਆ ਕਿ ਪਹਿਲਾ ਸਮਝੌਤਾ ਸਟੇਟ ਇੰਸਟੀਚਿਊਟ ਆਫ਼ ਆਟੋਮੋਟਿਵ ਐਂਡ ਡਰਾਈਵਿੰਗ ਸਕਿੱਲਜ਼ (ਐਸਆਈਏਡੀਐਸ), ਮਾਹੂਆਣਾ ਨਾਲ ਕੀਤਾ ਗਿਆ ਹੈ। ਇਸ ਤਹਿਤ ਆਟੋਮੋਟਿਵ ਅਤੇ ਡਰਾਈਵਿੰਗ ਖੇਤਰਾਂ ਵਿੱਚ ਕਿੱਤਾਮੁਖੀ ਸਿਖਲਾਈ ਦਿੱਤੀ ਜਾਵੇਗੀ, ਤਾਂ ਜੋ ਨੌਜਵਾਨਾਂ ਨੂੰ ਆਵਾਜਾਈ ਅਤੇ ਵਾਹਨ ਉਦਯੋਗ ਦੀਆਂ ਲੋੜਾਂ ਅਨੁਸਾਰ ਤਿਆਰ ਕੀਤਾ ਜਾ ਸਕੇ।

ਦੂਜਾ ਸਮਝੌਤਾ ਪੀਐਸਡੀਐਮ, ਨਾਰਦਰਨ ਇੰਡੀਆ ਇੰਸਟੀਚਿਊਟ ਆਫ਼ ਫੈਸ਼ਨ ਟੈਕਨਾਲੋਜੀ (ਐਨਆਈਆਈਐਫਟੀ), ਉਦਯੋਗ ਤੇ ਵਣਜ ਵਿਭਾਗ ਅਤੇ ਫੁੱਟਵੀਅਰ ਡਿਜ਼ਾਈਨ ਐਂਡ ਡਿਵੈਲਪਮੈਂਟ ਇੰਸਟੀਚਿਊਟ (ਐਫਡੀਡੀਆਈ) ਦਰਮਿਆਨ ਕੀਤਾ ਗਿਆ ਹੈ। ਇਸ ਤਹਿਤ ਫੁੱਟਵੀਅਰ ਅਤੇ ਫੈਸ਼ਨ ਨਿਰਮਾਣ ਖੇਤਰ ਵਿੱਚ ਉਦਯੋਗ ਆਧਾਰਿਤ ਸਿਖਲਾਈ ਦਿੱਤੀ ਜਾਵੇਗੀ।

ਇਸ ਸਿਖਲਾਈ ਵਿੱਚ ਫੁੱਟਵੀਅਰ ਅੱਪਰ ਸਟਿੱਚਿੰਗ ਟੈਕਨੀਸ਼ੀਅਨ, ਸਪੋਰਟਸ ਫੁੱਟਵੀਅਰ ਅਸੈਂਬਲੀ ਟੈਕਨੀਸ਼ੀਅਨ, ਫੁੱਟਵੀਅਰ ਸੀਏਡੀ/ਸੀਏਐਮ ਅਪਰੇਟਰ ਅਤੇ ਫੁੱਟਵੀਅਰ ਪੈਟਰਨ ਕਟਰ ਵਰਗੇ ਕਿੱਤੇ ਸ਼ਾਮਲ ਹਨ।

ਪੀਐਸਡੀਐਮ ਦੀ ਡਾਇਰੈਕਟਰ ਅੰਮ੍ਰਿਤ ਸਿੰਘ ਨੇ ਦੱਸਿਆ ਕਿ ਦੋਵੇਂ ਸਮਝੌਤਿਆਂ ਤਹਿਤ ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਰੇਮਵਰਕ (ਐਨਐਸਕਿਊਐਫ) ਆਧਾਰਿਤ ਸਿਖਲਾਈ, ਅਪ੍ਰੈਂਟਿਸਸ਼ਿਪ, ਪਲੇਸਮੈਂਟ ਅਤੇ ਉੱਦਮਤਾ ਵਿਕਾਸ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

ਅਮਨ ਅਰੋੜਾ ਨੇ ਕਿਹਾ ਕਿ ਇਨ੍ਹਾਂ ਸੰਸਥਾਵਾਂ ਦੀ ਮੁਹਾਰਤ ਨਾਲ ਨੌਜਵਾਨਾਂ ਨੂੰ ਵਿਸ਼ਵ ਪੱਧਰੀ ਸਿਖਲਾਈ ਮਿਲੇਗੀ ਅਤੇ ਉਨ੍ਹਾਂ ਦੀ ਰੋਜ਼ਗਾਰ ਪ੍ਰਾਪਤੀ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ। ਸਰਕਾਰ ਅਜਿਹੀਆਂ ਭਾਈਵਾਲੀਆਂ ਰਾਹੀਂ ਨੌਜਵਾਨਾਂ ਨੂੰ ਆਤਮਨਿਰਭਰ ਬਣਾਉਣ ਅਤੇ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੋਰ ਹੁਲਾਰਾ ਦੇਣ ਲਈ ਵਚਨਬੱਧ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande