
ਕੌਮਾਂਤਰੀ ਨਾਰਕੋ-ਟੈਰਰ ਨੈੱਟਵਰਕ ਨਾਲ ਜੁੜੇ ਹੋਣ ਦਾ ਖੁਲਾਸਾ, ਦੋਵਾਂ ਮੁਲਜ਼ਮਾਂ 'ਤੇ ਸੀ 60 ਹਜ਼ਾਰ ਰੁਪਏ ਦਾ ਇਨਾਮ
ਪੰਚਕੂਲਾ, 16 ਨਵੰਬਰ (ਹਿੰ.ਸ.)| ਪੰਚਕੂਲਾ ਦੇ ਸੈਕਟਰ-11 ਸਥਿਤ ਅਲੀਫ਼ ਲੈਲਾ ਕਲੱਬ ਵਿੱਚ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਹਰਿਆਣਾ ਐਂਟੀ ਟੈਰਰਿਸਟ ਸਕੁਐਡ (ਏ.ਟੀ.ਐੱਸ.) ਨੇ ਵੱਡੀ ਕਾਰਵਾਈ ਕਰਦਿਆਂ ਪੰਜਾਬ ਤੋਂ ਦੋ ਹੋਰ ਇਨਾਮੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਫਾਜ਼ਿਲਕਾ ਵਾਸੀ ਬਲਵਿੰਦਰ ਸਿੰਘ ਉਰਫ਼ ਛਨਕੂ ਅਤੇ ਸੁਖਵਿੰਦਰ ਸਿੰਘ ਉਰਫ਼ ਸੋਨੂੰ ਵਜੋਂ ਹੋਈ ਹੈ। ਬਲਵਿੰਦਰ ਸਿੰਘ ਉੱਤੇ 50 ਹਜ਼ਾਰ ਰੁਪਏ, ਜਦਕਿ ਸੁਖਵਿੰਦਰ ਸਿੰਘ ਉੱਤੇ 10 ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ।
ਜਾਣਕਾਰੀ ਅਨੁਸਾਰ, ਦੋਵੇਂ ਮੁਲਜ਼ਮ ਗ੍ਰਿਫ਼ਤਾਰੀ ਤੋਂ ਬਚਣ ਲਈ ਲਗਾਤਾਰ ਆਪਣੇ ਟਿਕਾਣੇ ਅਤੇ ਪਛਾਣ ਬਦਲ ਰਹੇ ਸਨ। ਐੱਸ.ਓ.ਜੀ. ਅੰਬਾਲਾ ਦੀ ਵਿਸ਼ੇਸ਼ ਟੀਮ ਨੇ ਯੋਜਨਾਬੱਧ ਕਾਰਵਾਈ ਕਰਦਿਆਂ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ। ਅਦਾਲਤ ਨੇ ਮੁਲਜ਼ਮਾਂ ਨੂੰ ਪੰਜ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ।
ਏ.ਟੀ.ਐੱਸ. ਦੇ ਐੱਸ.ਪੀ. ਕੁਲਦੀਪ ਸਿੰਘ ਅਨੁਸਾਰ, 13 ਸਤੰਬਰ ਨੂੰ ਕਲੱਬ ਵਿੱਚ ਹੋਈ ਗੋਲੀਬਾਰੀ ਦੀ ਜਾਂਚ ਦੌਰਾਨ ਕੌਮਾਂਤਰੀ ਨਾਰਕੋ-ਟੈਰਰ ਨੈੱਟਵਰਕ ਨਾਲ ਜੁੜੇ ਕਈ ਅਹਿਮ ਤੱਥ ਸਾਹਮਣੇ ਆਏ ਹਨ। ਜਾਂਚ ਵਿੱਚ ਅਮਰੀਕਾ ਵਿੱਚ ਬੈਠੇ ਹੈਂਡਲਰਾਂ ਨਾਲ ਮੁਲਜ਼ਮਾਂ ਦੇ ਸੰਪਰਕ, ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਅਤੇ ਡਰੱਗ ਮਨੀ ਦੇ ਲੈਣ-ਦੇਣ ਸਬੰਧੀ ਜਾਣਕਾਰੀਆਂ ਮਿਲੀਆਂ ਹਨ।
ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਤਿੰਨ ਗੱਡੀਆਂ, ਇੱਕ ਮੋਟਰਸਾਈਕਲ, ਦੋ ਨਾਜਾਇਜ਼ ਪਿਸਤੌਲ, 11 ਕਾਰਤੂਸ, 529 ਗ੍ਰਾਮ ਹੈਰੋਇਨ ਅਤੇ ਨਕਦੀ ਗਿਣਨ ਵਾਲੀਆਂ ਤਿੰਨ ਮਸ਼ੀਨਾਂ ਬਰਾਮਦ ਕੀਤੀਆਂ ਗਈਆਂ ਸਨ।
ਫਿਲਹਾਲ ਏ.ਟੀ.ਐੱਸ. ਵੱਲੋਂ ਮੁਲਜ਼ਮਾਂ ਦੇ ਮੋਬਾਈਲ ਫੋਨਾਂ, ਵਿੱਤੀ ਲੈਣ-ਦੇਣ ਅਤੇ ਵਿਦੇਸ਼ਾਂ ਵਿੱਚ ਬੈਠੇ ਹੈਂਡਲਰਾਂ ਨਾਲ ਸੰਪਰਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੂੰ ਉਮੀਦ ਹੈ ਕਿ ਪੁੱਛਗਿੱਛ ਦੌਰਾਨ ਇਸ ਨੈੱਟਵਰਕ ਨਾਲ ਜੁੜੇ ਹੋਰ ਅਹਿਮ ਖੁਲਾਸੇ ਹੋ ਸਕਦੇ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH