
ਮਾਨਸਾ, 16 ਨਵੰਬਰ (ਹਿੰ.ਸ.)| ਮਾਨਸਾ ਸ਼ਹਿਰ ਦੀ ਨੰਗਲ ਕਾਲੋਨੀ ਵਿੱਚ ਸੈਰ ਕਰ ਰਹੀ ਇੱਕ ਬਜ਼ੁਰਗ ਔਰਤ ਨੂੰ ਧੱਕਾ ਮਾਰ ਕੇ ਉਸ ਦੇ ਕੰਨ ਵਿੱਚੋਂ ਸੋਨੇ ਦੀ ਬਾਲੀ ਝਪਟਣ ਵਾਲੇ ਦੋ ਮੁਲਜ਼ਮਾਂ ਨੂੰ ਥਾਣਾ ਸਿਟੀ-1 ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਅਤੇ ਖੋਹੀ ਗਈ ਸੋਨੇ ਦੀ ਬਾਲੀ ਵੀ ਬਰਾਮਦ ਕਰ ਲਈ ਹੈ। ਬਾਲੀ ਦਾ ਵਜ਼ਨ ਕਰੀਬ ਸਵਾ ਤਿੰਨ ਗ੍ਰਾਮ ਅਤੇ ਕੀਮਤ ਲਗਭਗ 40 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਵਾਰਡ ਨੰਬਰ-21 ਦੀ ਨੰਗਲ ਕਾਲੋਨੀ ਵਿੱਚ ਮਾਤਾ ਪ੍ਰਕਾਸ਼ ਰਾਣੀ ਗਲੀ ਵਿੱਚ ਸੈਰ ਕਰ ਰਹੇ ਸਨ। ਇਸ ਦੌਰਾਨ ਕਾਲੇ ਰੰਗ ਦੇ ਸਪਲੈਂਡਰ ਪਲੱਸ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨ ਉੱਥੇ ਪਹੁੰਚੇ। ਮੁਲਜ਼ਮਾਂ ਨੇ ਬਜ਼ੁਰਗ ਔਰਤ ਦੇ ਖੱਬੇ ਕੰਨ ਵਿੱਚੋਂ ਸੋਨੇ ਦੀ ਬਾਲੀ ਝਪਟ ਲਈ ਅਤੇ ਉਨ੍ਹਾਂ ਨੂੰ ਧੱਕਾ ਮਾਰ ਕੇ ਹੇਠਾਂ ਸੁੱਟ ਦਿੱਤਾ। ਇਸ ਤੋਂ ਬਾਅਦ ਦੋਵੇਂ ਮੌਕੇ ਤੋਂ ਫ਼ਰਾਰ ਹੋ ਗਏ।
ਸ਼ਿਕਾਇਤਕਰਤਾ ਅਨਿਲ ਕੁਮਾਰ ਨਾਰੰਗ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਸਿਟੀ-1 ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ। ਐੱਸ.ਪੀ. ਨਰਿੰਦਰ ਸਿੰਘ ਦੀ ਅਗਵਾਈ ਅਤੇ ਥਾਣਾ ਮੁਖੀ ਇੰਸਪੈਕਟਰ ਸੁਖਜੀਤ ਸਿੰਘ ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਨੇ ਤਕਨੀਕੀ ਸਾਧਨਾਂ ਦੀ ਮਦਦ ਨਾਲ ਜਾਂਚ ਕੀਤੀ ਅਤੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪਿੰਡ ਘਰਾਂਗਣਾ ਦੇ ਰਹਿਣ ਵਾਲੇ ਬਲਦੀਪ ਸਿੰਘ ਉਰਫ਼ ਦੀਪ ਅਤੇ ਪਰਵਿੰਦਰ ਸਿੰਘ ਉਰਫ਼ ਗੱਗੀ ਵਜੋਂ ਹੋਈ ਹੈ। ਪੁਲਿਸ ਨੇ ਉਨ੍ਹਾਂ ਕੋਲੋਂ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਅਤੇ ਸੋਨੇ ਦੀ ਬਾਲੀ ਬਰਾਮਦ ਕੀਤੀ ਹੈ।
ਪੁਲਿਸ ਅਧਿਕਾਰੀਆਂ ਮੁਤਾਬਕ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁੱਛਗਿੱਛ ਦੌਰਾਨ ਇਲਾਕੇ ਵਿੱਚ ਹੋਈਆਂ ਹੋਰ ਝਪਟਮਾਰੀ ਦੀਆਂ ਵਾਰਦਾਤਾਂ ਬਾਰੇ ਵੀ ਜਾਣਕਾਰੀ ਮਿਲਣ ਦੀ ਉਮੀਦ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH