ਫਾਜ਼ਿਲਕਾ ਤੋਂ ‘ਆਪ’ ਨੇ ਮੁੜ ਨਰਿੰਦਰ ਪਾਲ ਸਿੰਘ ਸਵਨਾ ’ਤੇ ਜਤਾਇਆ ਭਰੋਸਾ, ਸਮਰਥਕਾਂ ਨੇ ਢੋਲ ਦੀ ਥਾਪ ’ਤੇ ਨੱਚ ਕੇ ਮਨਾਈ ਖੁਸ਼ੀ
ਫਾਜ਼ਿਲਕਾ, 02 ਨਵੰਬਰ (ਹਿੰ.ਸ.)| ਆਮ ਆਦਮੀ ਪਾਰਟੀ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੀ ਪਹਿਲੀ ਸੂਚੀ ਵਿੱਚ ਫਾਜ਼ਿਲਕਾ ਤੋਂ ਮੌਜੂਦਾ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੂੰ ਮੁੜ ਉਮੀਦਵਾਰ ਐਲਾਨਿਆ ਗਿਆ ਹੈ। ਟਿਕਟ ਦੇ ਐਲਾਨ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ
ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਦਾ ਹਾਰ ਪਾਕੇ ਖੁਸ਼ੀ ਮਨਾਉਂਦੇ ਹੋਏ ਸਮਰਥਕ।


ਫਾਜ਼ਿਲਕਾ, 02 ਨਵੰਬਰ (ਹਿੰ.ਸ.)| ਆਮ ਆਦਮੀ ਪਾਰਟੀ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੀ ਪਹਿਲੀ ਸੂਚੀ ਵਿੱਚ ਫਾਜ਼ਿਲਕਾ ਤੋਂ ਮੌਜੂਦਾ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੂੰ ਮੁੜ ਉਮੀਦਵਾਰ ਐਲਾਨਿਆ ਗਿਆ ਹੈ। ਟਿਕਟ ਦੇ ਐਲਾਨ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਵਰਕਰਾਂ ਨੇ ਢੋਲ ਦੀ ਥਾਪ ’ਤੇ ਨੱਚ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।

ਇਸ ਮੌਕੇ ਵਿਧਾਇਕ ਸਵਨਾ ਨੇ ਪਾਰਟੀ ਦੇ ਜ਼ਿਲ੍ਹਾ ਅਤੇ ਹਲਕਾ ਅਹੁਦੇਦਾਰਾਂ, ਵੱਖ-ਵੱਖ ਵਿੰਗਾਂ ਦੇ ਆਗੂਆਂ, ਬਲਾਕ ਪ੍ਰਧਾਨਾਂ, ਸਰਪੰਚਾਂ, ਪੰਚਾਂ ਅਤੇ ਹੋਰ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਟਿਕਟ ਦੇ ਐਲਾਨ ਤੋਂ ਕੁਝ ਘੰਟਿਆਂ ਬਾਅਦ ਹੀ ਵੱਡੀ ਗਿਣਤੀ ਵਿੱਚ ਵਰਕਰ ਆਪਣੇ ਖੇਤੀਬਾੜੀ ਅਤੇ ਹੋਰ ਜ਼ਰੂਰੀ ਕੰਮ ਛੱਡ ਕੇ ਪਹੁੰਚੇ ਹਨ, ਜੋ ਉਨ੍ਹਾਂ ਪ੍ਰਤੀ ਪਿਆਰ ਅਤੇ ਸਮਰਥਨ ਦਾ ਪ੍ਰਗਟਾਵਾ ਹੈ।

ਸਵਨਾ ਨੇ ਕਿਹਾ ਕਿ ਪੌਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਅਤੇ ਹਰ ਪਰਿਵਾਰ ਨਾਲ ਸਾਂਝ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਦੇ ਸਰਵੇਖਣ ਵਿੱਚ ਵੀ ਲੋਕਾਂ ਨੇ ਉਨ੍ਹਾਂ ਨੂੰ ਮੁੜ ਮੌਕਾ ਦੇਣ ਦੀ ਇੱਛਾ ਜਤਾਈ। ਉਨ੍ਹਾਂ 2023 ਅਤੇ 2025 ਦੇ ਹੜ੍ਹਾਂ ਦੌਰਾਨ ਕਿਸ਼ਤੀਆਂ ਰਾਹੀਂ ਪ੍ਰਭਾਵਿਤ ਲੋਕਾਂ ਤੱਕ ਰਾਸ਼ਨ, ਦਵਾਈਆਂ, ਲੰਗਰ ਅਤੇ ਪੀਣ ਵਾਲਾ ਪਾਣੀ ਪਹੁੰਚਾਉਣ ਦਾ ਜ਼ਿਕਰ ਵੀ ਕੀਤਾ।

ਵਿਧਾਇਕ ਨੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਫਾਜ਼ਿਲਕਾ ਵਿੱਚ ਵਪਾਰੀਆਂ, ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਪਰੇਸ਼ਾਨ ਕਰਨ ਦੀ ਕੋਈ ਨੀਤੀ ਨਹੀਂ ਅਪਣਾਈ ਗਈ। ਉਨ੍ਹਾਂ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਮੁਫ਼ਤ ਬਿਜਲੀ, 10 ਲੱਖ ਰੁਪਏ ਤੱਕ ਦੇ ਸਿਹਤ ਇਲਾਜ, ਮੁਫ਼ਤ ਰਾਸ਼ਨ, ਸਰਕਾਰੀ ਨੌਕਰੀਆਂ, ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਅਤੇ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦਾ ਜ਼ਿਕਰ ਕੀਤਾ।

ਸਵਨਾ ਨੇ ਕਿਹਾ ਕਿ ਲੋਕਤੰਤਰ ਵਿੱਚ ਹਰ ਕਿਸੇ ਨੂੰ ਟਿਕਟ ਮੰਗਣ ਦਾ ਹੱਕ ਹੈ। ਜਿਨ੍ਹਾਂ ਸਾਥੀਆਂ ਨੇ ਦਾਅਵੇਦਾਰੀ ਕੀਤੀ ਸੀ, ਉਹ ਵੀ ਪਾਰਟੀ ਦਾ ਹਿੱਸਾ ਹਨ ਅਤੇ ਉਨ੍ਹਾਂ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਵਰਕਰਾਂ ਨੂੰ ਘਰ-ਘਰ ਜਾ ਕੇ ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਸ ਵਾਰ ਫਾਜ਼ਿਲਕਾ ਤੋਂ ਪਿਛਲੀ ਚੋਣ ਦੀ 2,700 ਵੋਟਾਂ ਦੀ ਲੀਡ ਤੋਂ ਵੱਧ ਬਹੁਮਤ ਨਾਲ ਜਿੱਤ ਦਰਜ ਕਰਨ ਦਾ ਟੀਚਾ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande