ਨੈਸ਼ਨਲ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਹਰਸ਼ਵੀਰ ਸਿੰਘ ਸੇਖੋਂ ਨੇ ਜਿੱਤਿਆ ਸੋਨ ਤਗਮਾ
10 ਕਿਲੋਮੀਟਰ ਸਕਰੈਚ ਰੇਸ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਪੰਜਾਬ ਦਾ ਵਧਾਇਆ ਮਾਣ; ਚੈਂਪੀਅਨਸ਼ਿਪ ਦੇ ਪਹਿਲੇ ਦਿਨ ਸੂਬੇ ਦੀ ਸੁਨਹਿਰੀ ਸ਼ੁਰੂਆਤ ਪਟਿਆਲਾ, 02 ਨਵੰਬਰ (ਹਿੰ.ਸ.)| ਝਾਰਖੰਡ ਦੇ ਰਾਂਚੀ ਵਿੱਚ ਚੱਲ ਰਹੀ 78ਵੀਂ ਸੀਨੀਅਰ, 55ਵੀਂ ਜੂਨੀਅਰ ਅਤੇ 41ਵੀਂ ਸਬ-ਜੂਨੀਅਰ ਨੈਸ਼ਨਲ ਟਰੈਕ ਸਾਈਕਲਿੰਗ ਚੈਂਪੀਅ
ਹਰਸ਼ਵੀਰ ਸਿੰਘ ਸੇਖੋਂ ਨੂੰ ਤਗਮੇ ਦਿੰਦੇ ਹੋਏ ਪ੍ਰਬੰਧਕ।


10 ਕਿਲੋਮੀਟਰ ਸਕਰੈਚ ਰੇਸ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਪੰਜਾਬ ਦਾ ਵਧਾਇਆ ਮਾਣ; ਚੈਂਪੀਅਨਸ਼ਿਪ ਦੇ ਪਹਿਲੇ ਦਿਨ ਸੂਬੇ ਦੀ ਸੁਨਹਿਰੀ ਸ਼ੁਰੂਆਤ

ਪਟਿਆਲਾ, 02 ਨਵੰਬਰ (ਹਿੰ.ਸ.)| ਝਾਰਖੰਡ ਦੇ ਰਾਂਚੀ ਵਿੱਚ ਚੱਲ ਰਹੀ 78ਵੀਂ ਸੀਨੀਅਰ, 55ਵੀਂ ਜੂਨੀਅਰ ਅਤੇ 41ਵੀਂ ਸਬ-ਜੂਨੀਅਰ ਨੈਸ਼ਨਲ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਪੰਜਾਬ ਨੇ ਪਹਿਲੇ ਹੀ ਦਿਨ ਸੋਨ ਤਗਮਾ ਜਿੱਤ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਪੰਜਾਬ ਦੇ ਅੰਤਰਰਾਸ਼ਟਰੀ ਸਾਈਕਲਿਸਟ ਹਰਸ਼ਵੀਰ ਸਿੰਘ ਸੇਖੋਂ ਨੇ ਸੀਨੀਅਰ ਵਰਗ ਦੀ ਵਿਅਕਤੀਗਤ 10 ਕਿਲੋਮੀਟਰ ਸਕਰੈਚ ਰੇਸ ਵਿੱਚ ਪਹਿਲਾ ਸਥਾਨ ਹਾਸਲ ਕਰਦਿਆਂ ਸੋਨ ਤਗਮਾ ਆਪਣੇ ਨਾਮ ਕੀਤਾ।

ਸਾਈਕਲਿੰਗ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਹਰਸ਼ਵੀਰ ਨੇ ਸਖ਼ਤ ਮੁਕਾਬਲੇ ਦੌਰਾਨ ਸ਼ਾਨਦਾਰ ਖੇਡ ਅਤੇ ਬਿਹਤਰੀਨ ਰਫ਼ਤਾਰ ਦਾ ਪ੍ਰਦਰਸ਼ਨ ਕਰਦਿਆਂ ਇਹ ਪ੍ਰਾਪਤੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਮਿਲੇ ਸੋਨ ਤਗਮੇ ਨਾਲ ਪੰਜਾਬ ਦੀ ਸਮੁੱਚੀ ਟੀਮ ਦਾ ਹੌਸਲਾ ਵਧਿਆ ਹੈ ਅਤੇ ਹੋਰ ਖਿਡਾਰੀਆਂ ਨੂੰ ਵੀ ਅਗਲੇ ਮੁਕਾਬਲਿਆਂ ਲਈ ਪ੍ਰੇਰਨਾ ਮਿਲੀ ਹੈ।

ਕਾਹਲੋਂ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਐਸੋਸੀਏਸ਼ਨ ਦੀ ਨਵੀਂ ਪ੍ਰਬੰਧਕੀ ਟੀਮ ਬਣਨ ਤੋਂ ਬਾਅਦ ਪੰਜਾਬ ਦੀ ਟੀਮ ਪਹਿਲੀ ਵਾਰ ਇਸ ਰਾਸ਼ਟਰੀ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਰਹੀ ਹੈ। ਉਨ੍ਹਾਂ ਮੁਤਾਬਕ ਇਹ ਜਿੱਤ ਖਿਡਾਰੀਆਂ ਦੀ ਸਖ਼ਤ ਮਿਹਨਤ, ਕੋਚਾਂ ਦੀ ਅਗਵਾਈ ਅਤੇ ਐਸੋਸੀਏਸ਼ਨ ਦੇ ਸਾਂਝੇ ਯਤਨਾਂ ਦਾ ਨਤੀਜਾ ਹੈ।

ਹਰਸ਼ਵੀਰ ਦੀਆਂ ਪਿਛਲੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਏਸ਼ੀਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ ਅਤੇ ਕਈ ਅੰਤਰਰਾਸ਼ਟਰੀ ਤਗਮੇ ਵੀ ਜਿੱਤ ਚੁੱਕੇ ਹਨ। ਉਨ੍ਹਾਂ ਦੀ ਇਹ ਰਾਸ਼ਟਰੀ ਪੱਧਰ ਦੀ ਜਿੱਤ ਨੌਜਵਾਨ ਸਾਈਕਲਿਸਟਾਂ ਲਈ ਪ੍ਰੇਰਨਾ ਬਣੇਗੀ।

ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ, ਖਜ਼ਾਨਚੀ ਬੀ.ਐੱਸ. ਸੂਦਨ ਅਤੇ ਮੀਤ ਪ੍ਰਧਾਨ ਐੱਸ.ਪੀ. ਸਿੰਘ ਨੇ ਹਰਸ਼ਵੀਰ ਨੂੰ ਵਧਾਈ ਦਿੰਦਿਆਂ ਉਮੀਦ ਜਤਾਈ ਕਿ ਪੰਜਾਬ ਦੇ ਖਿਡਾਰੀ ਆਉਣ ਵਾਲੇ ਮੁਕਾਬਲਿਆਂ ਵਿੱਚ ਵੀ ਤਗਮੇ ਜਿੱਤ ਕੇ ਸੂਬੇ ਦਾ ਨਾਮ ਰੌਸ਼ਨ ਕਰਨਗੇ।

ਇਸ ਪ੍ਰਾਪਤੀ ’ਤੇ ਮੁੱਖ ਸਰਪ੍ਰਸਤ ਦਰਸ਼ਨ ਸਿੰਘ ਧਾਲੀਵਾਲ, ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਚੇਅਰਮੈਨ ਉਂਕਾਰ ਸਿੰਘ, ਜਨਰਲ ਸਕੱਤਰ ਮਨਿੰਦਰਪਾਲ ਸਿੰਘ ਅਤੇ ਓਲੰਪੀਅਨ ਤੇ ਅਰਜੁਨ ਐਵਾਰਡੀ ਸਵਰਨ ਸਿੰਘ ਵਿਰਕ ਨੇ ਵੀ ਮੁਬਾਰਕਬਾਦ ਦਿੱਤੀ।

ਪੰਜਾਬ ਟੀਮ ਦੇ ਮੁੱਖ ਕੋਚ ਸਤਵਿੰਦਰ ਸਿੰਘ, ਕੋਚ ਭੁਪਿੰਦਰ ਕੁਮਾਰ, ਇਕਵਿੰਦਰ ਸਿੰਘ, ਮਹਿਲਾ ਕੋਚ ਹਰਪ੍ਰੀਤ ਕੌਰ ਅਤੇ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨੇ ਵੀ ਹਰਸ਼ਵੀਰ ਨੂੰ ਵਧਾਈ ਦਿੰਦਿਆਂ ਅਗਲੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande