
ਫਾਜ਼ਿਲਕਾ, 05 ਨਵੰਬਰ (ਹਿੰ.ਸ.)| ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਅਤੇ ਹਥਿਆਰਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਜ਼ਿਲ੍ਹਾ ਮੈਜਿਸਟ੍ਰੇਟ ਅਮਰਪ੍ਰੀਤ ਕੌਰ ਸੰਧੂ ਨੇ ਕਿਸੇ ਵੀ ਧਾਰਮਿਕ ਸਮਾਗਮ, ਮੇਲੇ, ਵਿਆਹ, ਜਲੂਸ ਅਤੇ ਹੋਰ ਜਨਤਕ ਇਕੱਠਾਂ ਦੌਰਾਨ ਹਥਿਆਰ ਲਿਜਾਣ ਅਤੇ ਉਨ੍ਹਾਂ ਦਾ ਪ੍ਰਦਰਸ਼ਨ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ। ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ-2023 ਦੀ ਧਾਰਾ 163 ਅਧੀਨ ਜਾਰੀ ਕੀਤੇ ਇਹ ਹੁਕਮ 31 ਦਸੰਬਰ 2026 ਤੱਕ ਲਾਗੂ ਰਹਿਣਗੇ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਜ਼ਿਲ੍ਹੇ ਦੀ ਹੱਦ ਅੰਦਰ ਕਿਸੇ ਮੇਲੇ, ਧਾਰਮਿਕ ਸਮਾਗਮ, ਵਿਆਹ, ਜਲੂਸ ਜਾਂ ਹੋਰ ਇਕੱਠ ਵਿੱਚ ਹਥਿਆਰ ਨਹੀਂ ਲਿਜਾ ਸਕੇਗਾ। ਇਸ ਵਿੱਚ ਤੇਜ਼ਧਾਰ ਹਥਿਆਰ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਵਿਦਿਅਕ ਸੰਸਥਾਵਾਂ ਦੇ ਘੇਰੇ ਅੰਦਰ ਵੀ ਹਥਿਆਰ ਲਿਜਾਣ ਦੀ ਮਨਾਹੀ ਹੋਵੇਗੀ। ਕਿਸੇ ਵੀ ਜਨਤਕ ਥਾਂ ’ਤੇ ਤੇਜ਼ਧਾਰ ਹਥਿਆਰਾਂ ਨੂੰ ਲਹਿਰਾਉਣ ਜਾਂ ਪ੍ਰਦਰਸ਼ਿਤ ਕਰਨ ’ਤੇ ਵੀ ਪਾਬੰਦੀ ਰਹੇਗੀ।
ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਹੁਕਮ ਹਥਿਆਰਬੰਦ ਸੈਨਾਵਾਂ, ਪੁਲਿਸ, ਹੋਮਗਾਰਡ ਅਤੇ ਹੋਰ ਸਰਕਾਰੀ ਕਰਮਚਾਰੀਆਂ ’ਤੇ ਲਾਗੂ ਨਹੀਂ ਹੋਣਗੇ, ਜੋ ਆਪਣੀ ਸਰਕਾਰੀ ਡਿਊਟੀ ਦੌਰਾਨ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਹਥਿਆਰ ਰੱਖਦੇ ਹਨ। ਇਸੇ ਤਰ੍ਹਾਂ ਵਿਦਿਅਕ ਅਤੇ ਵਪਾਰਕ ਅਦਾਰਿਆਂ, ਹੋਟਲਾਂ ਤੇ ਮੈਰਿਜ ਪੈਲੇਸਾਂ ਦੇ ਸੁਰੱਖਿਆ ਗਾਰਡ ਅਤੇ ਕਰਮਚਾਰੀ ਵੀ ਆਪਣੀ ਨਿਯਮਤ ਡਿਊਟੀ ਦੌਰਾਨ ਹਥਿਆਰ ਰੱਖ ਸਕਣਗੇ।
ਹੁਕਮਾਂ ਅਨੁਸਾਰ ਸੋਸ਼ਲ ਮੀਡੀਆ ’ਤੇ ਹਥਿਆਰ ਲਹਿਰਾਉਂਦੇ ਜਾਂ ਪ੍ਰਦਰਸ਼ਿਤ ਕਰਦੇ ਹੋਏ ਤਸਵੀਰਾਂ ਅਤੇ ਵੀਡੀਓਜ਼ ਅਪਲੋਡ ਕਰਨ ’ਤੇ ਵੀ ਪੂਰਨ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ ਕਿਸੇ ਵੀ ਸਮਾਗਮ ਜਾਂ ਪ੍ਰੋਗਰਾਮ ਵਿੱਚ ਅਜਿਹੇ ਗੀਤ ਗਾਉਣ ਅਤੇ ਨਾਟਕ ਕਰਨ ਦੀ ਮਨਾਹੀ ਹੋਵੇਗੀ, ਜਿਨ੍ਹਾਂ ਰਾਹੀਂ ਹਥਿਆਰ ਰੱਖਣ, ਉਨ੍ਹਾਂ ਦੀ ਵਰਤੋਂ ਜਾਂ ਜਨਤਕ ਪ੍ਰਦਰਸ਼ਨ ਦੀ ਵਡਿਆਈ ਕੀਤੀ ਜਾਂਦੀ ਹੋਵੇ। ਅਜਿਹੀ ਸਮੱਗਰੀ ਸੋਸ਼ਲ ਮੀਡੀਆ ’ਤੇ ਅਪਲੋਡ ਕਰਨ ਦੀ ਵੀ ਇਜਾਜ਼ਤ ਨਹੀਂ ਹੋਵੇਗੀ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਹਥਿਆਰਾਂ ਦਾ ਜਨਤਕ ਪ੍ਰਦਰਸ਼ਨ ਲੋਕਾਂ ਵਿੱਚ ਡਰ ਅਤੇ ਅਸੁਰੱਖਿਆ ਦੀ ਭਾਵਨਾ ਪੈਦਾ ਕਰਦਾ ਹੈ ਅਤੇ ਇਸ ਨਾਲ ਅਮਨ-ਕਾਨੂੰਨ ਦੀ ਸਥਿਤੀ ਵਿਗੜਨ ਦਾ ਖ਼ਦਸ਼ਾ ਰਹਿੰਦਾ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲਾਇਸੈਂਸਸ਼ੁਦਾ ਹਥਿਆਰਾਂ ਦੀ ਦੁਰਵਰਤੋਂ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਇਸ ਲਈ ਲੋਕਾਂ ਦੀ ਸੁਰੱਖਿਆ ਅਤੇ ਅਮਨ-ਸ਼ਾਂਤੀ ਬਣਾਈ ਰੱਖਣ ਦੇ ਮੱਦੇਨਜ਼ਰ ਇਹ ਪਾਬੰਦੀ ਲਗਾਈ ਗਈ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH