ਮੋਗਾ ਤੋਂ ‘ਆਪ’ ਵਿਧਾਇਕ ਅਮਨਦੀਪ ਕੌਰ ਅਰੋੜਾ ਦੇ ਟਿਕਾਣਿਆਂ ’ਤੇ ਦੂਜੇ ਦਿਨ ਵੀ ਈਡੀ ਦੀ ਛਾਪੇਮਾਰੀ ਜਾਰੀ
ਨੈਸ਼ਨਲ ਹਾਈਵੇ-754ਏ ਲਈ ਐਕਵਾਇਰ ਕੀਤੀ ਸਰਕਾਰੀ ਜ਼ਮੀਨ ਦੇ ਕਥਿਤ ਫਰਜ਼ੀ ਇੰਤਕਾਲ ਤੇ ਮੁਆਵਜ਼ਾ ਘੁਟਾਲੇ ਦੀ ਜਾਂਚ ਮੋਗਾ, 05 ਨਵੰਬਰ (ਹਿੰ.ਸ.)| ਆਮ ਆਦਮੀ ਪਾਰਟੀ ਦੀ ਮੋਗਾ ਤੋਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਟਿਕਾਣਿਆਂ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਛਾਪੇਮਾਰੀ ਵੀਰਵਾਰ ਨੂੰ ਦੂਜੇ ਦਿ
ਮੋਗਾ ਤੋਂ ‘ਆਪ’ ਵਿਧਾਇਕ ਅਮਨਦੀਪ ਕੌਰ ਅਰੋੜਾ ਦੇ ਟਿਕਾਣਿਆਂ ’ਤੇ ਦੂਜੇ ਦਿਨ ਵੀ ਈਡੀ ਦੀ ਛਾਪੇਮਾਰੀ ਜਾਰੀ


ਨੈਸ਼ਨਲ ਹਾਈਵੇ-754ਏ ਲਈ ਐਕਵਾਇਰ ਕੀਤੀ ਸਰਕਾਰੀ ਜ਼ਮੀਨ ਦੇ ਕਥਿਤ ਫਰਜ਼ੀ ਇੰਤਕਾਲ ਤੇ ਮੁਆਵਜ਼ਾ ਘੁਟਾਲੇ ਦੀ ਜਾਂਚ

ਮੋਗਾ, 05 ਨਵੰਬਰ (ਹਿੰ.ਸ.)| ਆਮ ਆਦਮੀ ਪਾਰਟੀ ਦੀ ਮੋਗਾ ਤੋਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਟਿਕਾਣਿਆਂ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਛਾਪੇਮਾਰੀ ਵੀਰਵਾਰ ਨੂੰ ਦੂਜੇ ਦਿਨ ਵੀ ਜਾਰੀ ਰਹੀ। ਇਹ ਕਾਰਵਾਈ ਨੈਸ਼ਨਲ ਹਾਈਵੇ-754ਏ ਦੇ ਨਿਰਮਾਣ ਲਈ ਐਕਵਾਇਰ ਕੀਤੀ ਗਈ ਸਰਕਾਰੀ ਜ਼ਮੀਨ ਦੇ ਕਥਿਤ ਫਰਜ਼ੀ ਇੰਤਕਾਲ ਅਤੇ ਮੁਆਵਜ਼ਾ ਘੁਟਾਲੇ ਨਾਲ ਜੁੜੇ ਮਾਮਲੇ ਵਿੱਚ ਕੀਤੀ ਜਾ ਰਹੀ ਹੈ। ਈਡੀ ਦੀਆਂ ਟੀਮਾਂ ਨੇ 4 ਨਵੰਬਰ ਸਵੇਰੇ ਕਰੀਬ 6 ਵਜੇ ਵਿਧਾਇਕ ਦੀ ਰਿਹਾਇਸ਼ ਸਮੇਤ ਪਰਿਵਾਰਕ ਮੈਂਬਰਾਂ ਅਤੇ ਕਰੀਬੀਆਂ ਨਾਲ ਸਬੰਧਤ ਕੁੱਲ 7 ਟਿਕਾਣਿਆਂ ’ਤੇ ਇੱਕੋ ਸਮੇਂ ਤਲਾਸ਼ੀ ਸ਼ੁਰੂ ਕੀਤੀ ਸੀ। 5 ਨਵੰਬਰ ਸਵੇਰੇ ਤੱਕ ਇਹ ਕਾਰਵਾਈ ਜਾਰੀ ਸੀ।

ਇਸ ਮਾਮਲੇ ਦੀ ਸ਼ੁਰੂਆਤ 16 ਜੂਨ 2024 ਨੂੰ ਧਰਮਕੋਟ ਥਾਣੇ ਵਿੱਚ ਪੰਜਾਬ ਪੁਲਿਸ ਵੱਲੋਂ ਦਰਜ ਐੱਫਆਈਆਰ ਤੋਂ ਹੋਈ ਸੀ। ਮਾਮਲਾ ਮੋਗਾ ਦੇ ਪਿੰਡ ਆਦਰਮਾਨ ਦੀ ਸਰਕਾਰੀ ਜ਼ਮੀਨ ਨਾਲ ਸਬੰਧਤ ਹੈ। ਦੋਸ਼ ਹਨ ਕਿ ਹਾਈਵੇ ਨਿਰਮਾਣ ਲਈ ਜ਼ਮੀਨ ਐਕਵਾਇਰ ਕਰਨ ਸਮੇਂ ਮਾਲ ਰਿਕਾਰਡ ਵਿੱਚ ਕਥਿਤ ਜਾਅਲੀ ਇੰਤਕਾਲ ਤਿਆਰ ਕਰਕੇ ਸਰਕਾਰੀ ਜ਼ਮੀਨ ਨੂੰ ਨਿੱਜੀ ਜ਼ਮੀਨ ਦਿਖਾਇਆ ਗਿਆ ਅਤੇ ਮੁਆਵਜ਼ਾ ਹਾਸਲ ਕੀਤਾ ਗਿਆ।

ਇਸ ਮਾਮਲੇ ਵਿੱਚ ਦਿਲਖੁਸ਼ ਕੁਮਾਰੀ ਨੂੰ 1,00,65,724 ਰੁਪਏ ਮੁਆਵਜ਼ਾ ਜਾਰੀ ਹੋਣ ਦੀ ਗੱਲ ਸਾਹਮਣੇ ਆਈ ਹੈ। ਜਾਂਚ ਵਿੱਚ ਜ਼ਮੀਨ ਪੰਜਾਬ ਸਰਕਾਰ ਦੀ ਪਾਈ ਗਈ। ਮੁਹਾਲੀ ਦੀ ਫੋਰੈਂਸਿਕ ਲੈਬ ਨੇ ਵੀ ਦਸਤਾਵੇਜ਼ਾਂ ’ਤੇ ਦਰਜ ਦਸਤਖ਼ਤਾਂ ਨੂੰ ਕਥਿਤ ਤੌਰ ’ਤੇ ਜਾਅਲੀ ਦੱਸਿਆ ਸੀ।

ਈਡੀ ਨੇ ਵਿਧਾਇਕ ਦੀ ਰਿਹਾਇਸ਼ ਤੋਂ ਇਲਾਵਾ ਮੋਗਾ ਦੇ ਡੋਸਾਂਝ ਰੋਡ ਸਥਿਤ ਕੈਂਪ ਦਫ਼ਤਰ, ਜੀਟੀ ਰੋਡ ਦੇ ਆਈਕਨ ਹਾਈਟਸ ਫਲੈਟ, ਖੰਨਾ ਨੇੜਲੇ ਪਿੰਡ ਲਿਬੜਾ ਅਤੇ ਬਾਘਾਪੁਰਾਣਾ ਦੇ ਆਸ਼ੀਰਵਾਦ ਨਸ਼ਾ ਮੁਕਤੀ ਤੇ ਮੁੜ ਵਸੇਬਾ ਹਸਪਤਾਲ ਸਮੇਤ ਹੋਰ ਟਿਕਾਣਿਆਂ ਦੀ ਤਲਾਸ਼ੀ ਲਈ। ਹਸਪਤਾਲ ਦਾ ਸਬੰਧ ਵਿਧਾਇਕ ਦੇ ਪਤੀ ਡਾ. ਰਾਕੇਸ਼ ਅਰੋੜਾ ਨਾਲ ਦੱਸਿਆ ਗਿਆ ਹੈ।

ਈਡੀ ਦੀ ਕਾਰਵਾਈ ਦੇ ਵਿਰੋਧ ਵਿੱਚ ‘ਆਪ’ ਵਰਕਰਾਂ ਨੇ ਵਿਧਾਇਕ ਦੀ ਰਿਹਾਇਸ਼ ਦੇ ਬਾਹਰ ਕੇਂਦਰ ਸਰਕਾਰ ਅਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਸੀ। ਪਾਰਟੀ ਆਗੂਆਂ ਨੇ ਇਸ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੱਤਾ। ਜ਼ਿਕਰਯੋਗ ਹੈ ਕਿ ‘ਆਪ’ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਪਹਿਲੀ ਸੂਚੀ ਵਿੱਚ ਡਾ. ਅਮਨਦੀਪ ਕੌਰ ਅਰੋੜਾ ਨੂੰ ਮੁੜ ਮੋਗਾ ਤੋਂ ਉਮੀਦਵਾਰ ਐਲਾਨਿਆ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande