ਲੁਧਿਆਣਾ ’ਚ ਬੇਕਾਬੂ ਵਰਨਾ ਕਾਰ ਨੇ 5 ਲੋਕਾਂ ਨੂੰ ਦਰੜਿਆ, ਸਬਜ਼ੀ ਵਿਕਰੇਤਾ ਦੀ ਮੌਕੇ ’ਤੇ ਮੌਤ
ਸਕੂਟੀ ਸਮੇਤ ਕਈ ਮੀਟਰ ਤੱਕ ਘਸੀਟਿਆ, 4 ਹੋਰ ਜ਼ਖ਼ਮੀ; ਭੀੜ ਦੇਖ ਕੇ ਘਬਰਾ ਗਿਆ ਸੀ ਕਾਰ ਚਲਾ ਰਿਹਾ ਨੌਜਵਾਨ, ਪੁਲਿਸ ਨੇ ਕੀਤਾ ਗ੍ਰਿਫ਼ਤਾਰ ਲੁਧਿਆਣਾ, 05 ਨਵੰਬਰ (ਹਿੰ.ਸ.)| ਸ਼ਹਿਰ ਦੇ ਈਸਾ ਨਗਰੀ ਪੁਲੀ ਇਲਾਕੇ ਵਿੱਚ ਵੀਰਵਾਰ (5 ਨਵੰਬਰ) ਸਵੇਰੇ ਕਰੀਬ ਸਵਾ 8 ਵਜੇ ਇੱਕ ਤੇਜ਼ ਰਫ਼ਤਾਰ ਵਰਨਾ ਕਾਰ ਬੇਕਾਬੂ ਹੋ
ਲੁਧਿਆਣਾ ’ਚ ਬੇਕਾਬੂ ਵਰਨਾ ਕਾਰ ਨੇ 5 ਲੋਕਾਂ ਨੂੰ ਦਰੜਿਆ, ਸਬਜ਼ੀ ਵਿਕਰੇਤਾ ਦੀ ਮੌਕੇ ’ਤੇ ਮੌਤ


ਸਕੂਟੀ ਸਮੇਤ ਕਈ ਮੀਟਰ ਤੱਕ ਘਸੀਟਿਆ, 4 ਹੋਰ ਜ਼ਖ਼ਮੀ; ਭੀੜ ਦੇਖ ਕੇ ਘਬਰਾ ਗਿਆ ਸੀ ਕਾਰ ਚਲਾ ਰਿਹਾ ਨੌਜਵਾਨ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਲੁਧਿਆਣਾ, 05 ਨਵੰਬਰ (ਹਿੰ.ਸ.)| ਸ਼ਹਿਰ ਦੇ ਈਸਾ ਨਗਰੀ ਪੁਲੀ ਇਲਾਕੇ ਵਿੱਚ ਵੀਰਵਾਰ (5 ਨਵੰਬਰ) ਸਵੇਰੇ ਕਰੀਬ ਸਵਾ 8 ਵਜੇ ਇੱਕ ਤੇਜ਼ ਰਫ਼ਤਾਰ ਵਰਨਾ ਕਾਰ ਬੇਕਾਬੂ ਹੋ ਕੇ ਸੜਕ ’ਤੇ ਕਹਿਰ ਬਣ ਕੇ ਦੌੜੀ। ਕਾਰ ਨੇ ਰਸਤੇ ਵਿੱਚ ਆਉਣ ਵਾਲੇ ਕਰੀਬ 5 ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਹਾਦਸੇ ਵਿੱਚ ਸਕੂਟੀ ਸਵਾਰ ਸਬਜ਼ੀ ਵਿਕਰੇਤਾ ਜਗਤਾਰ ਸਿੰਘ ਗੋਸ਼ਾ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਚਾਰ ਹੋਰ ਲੋਕ ਜ਼ਖ਼ਮੀ ਹੋ ਗਏ। ਕਾਰ ਚਾਲਕ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਲੋਕਾਂ ਨੇ ਉਸ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮ੍ਰਿਤਕ ਦੀ ਪਛਾਣ ਜਗਤਾਰ ਸਿੰਘ ਗੋਸ਼ਾ ਵਜੋਂ ਹੋਈ ਹੈ, ਜੋ ਬੂਥਗੜ੍ਹ ਦੀ ਸਰਸਾਲੀ ਕਲੋਨੀ ਦਾ ਰਹਿਣ ਵਾਲਾ ਸੀ। ਸਥਾਨਕ ਲੋਕਾਂ ਅਨੁਸਾਰ ਉਹ ਪਿਛਲੇ ਕਰੀਬ 20 ਸਾਲਾਂ ਤੋਂ ਇਲਾਕੇ ਵਿੱਚ ਸਾਗ-ਸਬਜ਼ੀ ਵੇਚਣ ਦਾ ਕੰਮ ਕਰਦਾ ਸੀ।

ਚਸ਼ਮਦੀਦ ਰਮੇਸ਼ ਬਾਂਗੜ ਨੇ ਦੱਸਿਆ ਕਿ ਕਾਰ ਚਲਾ ਰਿਹਾ ਨੌਜਵਾਨ ਨਵਾਂ ਡਰਾਈਵਰ ਸੀ ਅਤੇ ਗੱਡੀ ਚਲਾਉਣੀ ਸਿੱਖ ਰਿਹਾ ਸੀ। ਬਾਜ਼ਾਰ ਵਿੱਚ ਭੀੜ ਦੇਖ ਕੇ ਉਹ ਘਬਰਾ ਗਿਆ ਅਤੇ ਕਾਰ ਬੇਕਾਬੂ ਹੋ ਗਈ। ਕਾਰ ਨੇ ਸਬਜ਼ੀ ਵਿਕਰੇਤਾ ਗੋਸ਼ਾ ਨੂੰ ਸਕੂਟੀ ਸਮੇਤ ਕਾਫ਼ੀ ਦੂਰ ਤੱਕ ਘਸੀਟਿਆ ਅਤੇ ਕੁਚਲ ਦਿੱਤਾ।

ਚਸ਼ਮਦੀਦ ਅਨੁਸਾਰ, ਕਾਰ ਲਗਭਗ 50 ਮੀਟਰ ਅੱਗੇ ਜਾ ਕੇ ਸੜਕ ਕਿਨਾਰੇ ਖੜ੍ਹੀ ਮਾਂ-ਧੀ ਦੀ ਸਕੂਟੀ ਨਾਲ ਟਕਰਾ ਗਈ। ਇਸ ਤੋਂ ਬਾਅਦ ਇੱਕ ਹੋਰ ਸਕੂਟੀ ਨਾਲ ਟਕਰਾਉਣ ਕਾਰਨ ਕਾਰ ਰੁਕ ਗਈ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ ਅਤੇ ਲੋਕਾਂ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ।

ਜ਼ਖ਼ਮੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਕਾਰ ਕਾਫ਼ੀ ਤੇਜ਼ ਰਫ਼ਤਾਰ ਨਾਲ ਆ ਰਹੀ ਸੀ। ਪਹਿਲਾਂ ਇਸ ਨੇ ਸਬਜ਼ੀ ਵਿਕਰੇਤਾ ਨੂੰ ਟੱਕਰ ਮਾਰੀ ਅਤੇ ਫਿਰ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਉਹ ਬੇਹੋਸ਼ ਹੋ ਗਿਆ ਸੀ। ਉਸ ਦੇ ਸਿਰ, ਉਂਗਲ ਅਤੇ ਪਿੱਠ ’ਤੇ ਸੱਟਾਂ ਲੱਗੀਆਂ ਹਨ।

ਥਾਣਾ ਡਿਵੀਜ਼ਨ ਨੰਬਰ-3 ਦੇ ਐੱਸਐੱਚਓ ਗੁਰਜੀਤ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਤਮਨਜੋਤ ਸਿੰਘ ਵਾਸੀ ਫੀਲਡ ਗੰਜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਦੀ ਉਮਰ ਕਰੀਬ 20 ਤੋਂ 22 ਸਾਲ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande