
ਚੰਡੀਗੜ੍ਹ, 06 ਫਰਵਰੀ (ਹਿੰ.ਸ.)। ਕਾਂਗਰਸ ਹਾਈਕਮਾਨ ਨੇ ਪੰਜਾਬ ਵਿੱਚ ਕਾਰਵਾਈ ਕਰਦਿਆਂ ਸਾਬਕਾ ਕ੍ਰਿਕਟਰ ਅਤੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਹਾਲਾਂਕਿ, ਨਵਜੋਤ ਕੌਰ ਪਹਿਲਾਂ ਹੀ ਪਾਰਟੀ ਤੋਂ ਅਸਤੀਫਾ ਦੇ ਚੁੱਕੀ ਹਨ। ਪਿਛਲੇ ਕੁਝ ਦਿਨਾਂ ਤੋਂ ਸਿੱਧੂ ਜੋੜੇ ਦੇ ਭਾਜਪਾ ਵਿੱਚ ਮੁੜ ਸ਼ਾਮਲ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਨਵਜੋਤ ਸਿੱਧੂ ਇਸ ਪੂਰੇ ਮਾਮਲੇ 'ਤੇ ਚੁੱਪ ਹਨ।
ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਨੇ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਵਿੱਚੋਂ ਕੱਢੇ ਜਾਣ ਦੀ ਜਾਣਕਾਰੀ ਦਿੱਤੀ ਹੈ। ਭੁਪੇਸ਼ ਬਘੇਲ ਅੱਜ ਅੰਮ੍ਰਿਤਸਰ ਵਿੱਚ ਡਾ. ਰਾਜਕੁਮਾਰ ਵੇਰਕਾ ਦੇ ਨਿਵਾਸ ਪਹੁੰਚੇ ਸਨ, ਜਿੱਥੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਵਜੋਤ ਕੌਰ ਸਿੱਧੂ ਨੂੰ ਪਹਿਲਾਂ ਪਾਰਟੀ ਵਿੱਚੋਂ ਮੁਅੱਤਲ ਕੀਤਾ ਗਿਆ ਸੀ, ਜਦੋਂ ਕਿ ਹੁਣ ਉਨ੍ਹਾਂ ਨੂੰ ਕੱਢ ਦਿੱਤਾ ਗਿਆ ਹੈ। ਨਵਜੋਤ ਕੌਰ ਸਿੱਧੂ ਨੇ ਹਾਲ ਹੀ ਵਿੱਚ ਬਿਆਨ ਦਿੱਤਾ ਸੀ ਕਿ ਕਾਂਗਰਸ ਵਿੱਚ 500 ਕਰੋੜ ਰੁਪਏ ਦਾ ਬ੍ਰੀਫਕੇਸ ਦੇਣ ਵਾਲਾ ਹੀ ਮੁੱਖ ਮੰਤਰੀ ਬਣਦਾ ਹੈ। ਇਸ ਤੋਂ ਬਾਅਦ ਨਵਜੋਤ ਕੌਰ ਕਾਂਗਰਸ ਲੀਡਰਸ਼ਿਪ ਦੇ ਨਿਸ਼ਾਨੇ 'ਤੇ ਆ ਗਈ ਸਨੜ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਸੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ