ਵੇਰਕਾ ਵੱਲੋਂ ਫੌਜ ਨੂੰ ਭੇਜੇ ਗਏ ਦੁੱਧ ਪਾਊਡਰ ਦਾ ਆਰਡਰ ਰੱਦ, 3 ਅਧਿਕਾਰੀ ਮੁਅੱਤਲ
ਚੰਡੀਗੜ੍ਹ, 27 ਮਾਰਚ (ਹਿੰ.ਸ.)। ਭਾਰਤੀ ਫੌਜ ਵੱਲੋਂ ਮਿਲਕ ਯੂਨੀਅਨ ਲੁਧਿਆਣਾ ਰਾਹੀਂ ਸਪਲਾਈ ਕੀਤੇ ਗਏ ਦੁੱਧ ਪਾਊਡਰ ਦੀਆਂ ਖੇਪਾਂ ਰੱਦ ਕੀਤੇ ਜਾਣ ਤੋਂ ਬਾਅਦ ਮਿਲਕਫੈੱਡ ਨੇ ਸਖ਼ਤ ਰੁਖ ਅਖਤਿਆਰ ਕਰ ਲਿਆ ਹੈ। ਪੰਜਾਬ ਵਿੱਚ ਵੇਰਕਾ ਮਿਲਕ ਪਲਾਂਟ ਦੇ ਜਨਰਲ ਮੈਨੇਜਰ ਸਮੇਤ ਤਿੰਨ ਸੀਨੀਅਰ ਅਧਿਕਾਰੀਆਂ ਨੂੰ ਮੁਅੱਤਲ
ਵੇਰਕਾ ਵੱਲੋਂ ਫੌਜ ਨੂੰ ਭੇਜੇ ਗਏ ਦੁੱਧ ਪਾਊਡਰ ਦਾ ਆਰਡਰ ਰੱਦ, 3 ਅਧਿਕਾਰੀ ਮੁਅੱਤਲ


ਚੰਡੀਗੜ੍ਹ, 27 ਮਾਰਚ (ਹਿੰ.ਸ.)। ਭਾਰਤੀ ਫੌਜ ਵੱਲੋਂ ਮਿਲਕ ਯੂਨੀਅਨ ਲੁਧਿਆਣਾ ਰਾਹੀਂ ਸਪਲਾਈ ਕੀਤੇ ਗਏ ਦੁੱਧ ਪਾਊਡਰ ਦੀਆਂ ਖੇਪਾਂ ਰੱਦ ਕੀਤੇ ਜਾਣ ਤੋਂ ਬਾਅਦ ਮਿਲਕਫੈੱਡ ਨੇ ਸਖ਼ਤ ਰੁਖ ਅਖਤਿਆਰ ਕਰ ਲਿਆ ਹੈ। ਪੰਜਾਬ ਵਿੱਚ ਵੇਰਕਾ ਮਿਲਕ ਪਲਾਂਟ ਦੇ ਜਨਰਲ ਮੈਨੇਜਰ ਸਮੇਤ ਤਿੰਨ ਸੀਨੀਅਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਭਾਰਤੀ ਫ਼ੌਜ ਨੂੰ ਭੇਜੇ ਗਏ ਦੁੱਧ ਪਾਊਡਰ ਦੇ ਸੈਂਪਲ ਕੁਆਲਿਟੀ ਜਾਂਚ ਵਿੱਚ ਫੇਲ੍ਹ ਹੋਣ ਅਤੇ 125 ਮੀਟ੍ਰਿਕ ਟਨ ਦੀ ਪੂਰੀ ਖੇਪ ਵਾਪਸ ਕਰਨ ਤੋਂ ਬਾਅਦ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਭਾਰਤੀ ਫ਼ੌਜ ਨੇ 'ਵੇਰਕਾ' ਤੋਂ ਮੰਗਵਾਏ ਗਏ ਵੱਡੇ ਪੱਧਰ ਦੇ ਸਕਿਮਡ ਮਿਲਕ ਪਾਊਡਰ ਦਾ ਆਰਡਰ ਰੱਦ ਕਰ ਦਿੱਤਾ। ਮਾਮਲੇ ਵਿਚ ਲੁਧਿਆਣਾ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਯੂਨੀਅਨ ਨੂੰ ਲਿਖੇ ਗਏ ਪੱਤਰ ਵਿਚ ਜੰਮੂ ਵਿਚ ਤਾਇਨਾਤ ਆਰਮੀ ਸਰਵਿਸ ਕੋਰ ਯੂਨਿਟ ਦੇ ਅਫਸਰ ਕਮਾਂਡਿੰਗ ਨੇ ਸਪੱਸ਼ਟ ਕੀਤਾ ਹੈ ਕਿ ਵੇਰਕਾ ਦੀ ਲੁਧਿਆਣਾ ਯੂਨਿਟ ਵੱਲੋਂ ਭੇਜੇ ਗਏ ਲਗਭਗ 125 ਮੀਟ੍ਰਿਕ ਟਨ ਸਕਿਮਡ ਦੁੱਧ ਪਾਊਡਰ ਨੂੰ ਰੱਦ ਕੀਤਾ ਜਾ ਰਿਹਾ ਹੈ। ਇਸ ਵਿਚ 58.338 ਟਨ ਅਤੇ 66.654 ਟਨ ਦੇ ਦੋ ਵੱਖ-ਵੱਖ ਲੌਟ ਸ਼ਾਮਲ ਹਨ। ਰੱਦ ਕਰਨ ਦਾ ਮੁੱਖ ਕਾਰਨ ਉਤਪਾਦ ਦੀ ਮਿਆਰ ਨਾਲ ਜੁੜੀਆਂ ਤਕਨੀਕੀ ਖਾਮੀਆਂ ਦੱਸਿਆ ਗਿਆ ਹੈ। ਇਸ ਪੱਤਰ ਦੀ ਇੱਕ ਕਾਪੀ ਰੱਖਿਆ ਮੰਤਰਾਲੇ ਅਧੀਨ ਖਰੀਦ ਤੇ ਖੁਰਾਕ ਨਿਰੀਖਣ ਵਿਭਾਗ ਦੇ ਡਾਇਰੈਕਟਰ ਜਨਰਲ ਨੂੰ ਵੀ ਭੇਜੀ ਗਈ ਹੈ।

ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮਿਲਕਫੈੱਡ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦੇ ਹੋਏ ਜਨਰਲ ਮੈਨੇਜਰ ਸਮੇਤ ਤਿੰਨ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ। ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਗੁਪਤਾ (ਆਈਏਐਸ) ਵੱਲੋਂ ਜਾਰੀ ਹੁਕਮਾਂ ਅਨੁਸਾਰ, ਇਹ ਕਾਰਵਾਈ ਗੁਣਵੱਤਾ ਨਿਯੰਤਰਣ ਵਿੱਚ ਹੋਈ ਗੰਭੀਰ ਲਾਪਰਵਾਹੀ ਕਾਰਨ ਕੀਤੀ ਗਈ ਹੈ। ਭਾਰਤੀ ਫੌਜ ਨੇ ਦੁੱਧ ਪਾਊਡਰ ਦੀਆਂ ਦੋ ਖੇਪਾਂ (58.338 ਮੀਟ੍ਰਿਕ ਟਨ ਅਤੇ 66.654 ਮੀਟ੍ਰਿਕ ਟਨ) ਵਿੱਚ ਬਾਹਰੀ ਪਦਾਰਥ ਹੋਣ ਕਾਰਨ ਇਨ੍ਹਾਂ ਨੂੰ ਰੱਦ ਕਰ ਦਿੱਤਾ ਸੀ।

ਇਸ ਘਟਨਾ ਨੂੰ ਸੰਸਥਾ ਦੀ ਭਰੋਸੇਯੋਗਤਾ ਨੂੰ ਢਾਹ ਲਾਉਣ ਵਾਲੀ ਅਤੇ ਸੇਵਾ ਨਿਯਮਾਂ ਅਧੀਨ ਵੱਡਾ ਦੁਰਵਿਵਹਾਰ ਮੰਨਿਆ ਗਿਆ ਹੈ। ਕੁਆਲਿਟੀ ਮੈਨੇਜਰ ਹੋਣ ਦੇ ਨਾਤੇ, ਗੁਰਇਕਬਾਲ ਸਿੰਘ 'ਤੇ ਕੰਮ ਵਿੱਚ ਲਾਪਰਵਾਹੀ ਵਰਤਣ ਦੇ ਦੋਸ਼ ਲੱਗੇ ਹਨ। ਇਸ ਘਟਨਾ ਨੇ ਫੌਜੀ ਖਰੀਦ ਵਿਭਾਗ ਤੇ ਸਹਿਕਾਰੀ ਉਤਪਾਦਕਾਂ ਵਿਚਾਲੇ ਗੁਣਵੱਤਾ ਸਬੰਧੀ ਚਰਚਾ ਛੇੜ ਦਿੱਤੀ ਹੈ। ਫੌਜ ਵੱਲੋਂ ਇਸ ਤਰ੍ਹਾਂ ਦਾ ਵੱਡਾ ਆਰਡਰ ਰੱਦ ਹੋਣਾ ਇੱਕ ਗੰਭੀਰ ਮਾਮਲਾ ਮੰਨਿਆ ਜਾ ਰਿਹਾ ਹੈ ਕਿਉਂਕਿ ਵੇਰਕਾ ਪੰਜਾਬ ਵਿਚ ਦੁੱਧ ਉਤਪਾਦਨ ਤੇ ਉਸਦੀ ਪ੍ਰੋਸੈਸਿੰਗ ਵਿਚ ਲੰਮੇ ਸਮੇਂ ਤੋਂ ਇੱਕ ਭਰੋਸੇਯੋਗ ਨਾਮ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande