
ਫਾਜ਼ਿਲਕਾ, 27 ਮਾਰਚ (ਹਿੰ.ਸ.)। ਪਸ਼ੂ ਪਾਲਣ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਸ਼ੂ ਪਾਲਣ ਵਿਭਾਗ ਫਾਜ਼ਿਲਕਾ ਵੱਲੋਂ ਪਿੰਡ ਕਿੱਲਿਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਵਿਖੇ ਸਾਹੀਵਾਲ ਕਾਫ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸਦਾ ਉਦਘਾਟਨ ਖੇਤੀਬਾੜੀ ਤੇ ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਤੇ ਫੂਡ ਪ੍ਰੋਸੈਸਿੰਗ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕੀਤਾ ਗਿਆ।
ਇਸ ਸਾਹੀਵਾਲ ਕਾਫ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਪੁੱਜੇ ਪਸ਼ੂ ਪਾਲਕਾ ਨੂੰ ਸੰਬੋਧਿਤ ਕਰਦਿਆ ਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਪਸ਼ੂ ਪਾਲਕਾਂ ਨੂੰ ਹਰ ਤਰ੍ਹਾਂ ਦੀ ਸਹੂਲੀਅਤ ਦੇਣ ਲਈ ਵਚਨਬੱਧ ਹੈ। ਉਨ੍ਹਾਂ ਨੇ ਪਸ਼ੂ ਪਾਲਕਾ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਗਤੀਵਿਧੀਆਂ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਆਪਣੇ ਗਿਆਨ ਵਿਚ ਵਾਧਾ ਕਰਨ ਅਤੇ ਪਸ਼ੂ ਪਾਲਣ ਦੇ ਧੰਦੇ ਨੂੰ ਤਰੱਕੀ ਵੱਲ ਲੈ ਕੇ ਜਾਣ।
ਉਨ੍ਹਾਂ ਕਿਹਾ ਕਿ ਸਾਹੀਵਾਲ ਗਾਵਾਂ ਦੇ ਨਸਲ ਸੁਧਾਰ ਅਤੇ ਦੁੱਧ ਉਤਪਾਦਨ ਵਧਾਉਣ ਲਈ ਪਸ਼ੂ ਪਾਲਕ ਪਸ਼ੂਆਂ ਦਾ ਗਰਭਦਾਨ ਕਰਾਉਣ ਸਮੇਂ ਡਾਕਟਰਾਂ ਨੂੰ ਚੰਗੀ ਨਸਲ ਦੇ ਸੀਮਨ ਵਰਤੋਂ ਕਰਨ ਨੂੰ ਕਹਿਣ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਵੀ ਵਧੀਆ ਨਸਲ ਦੇ ਸਾਹੀਵਾਲ ਸੀਮਨ ਨਾਲ ਮਸਨੂਈ ਗਰਭਦਾਨ ਕੀਤਾ ਜਾਂਦਾ ਹੈ।
ਹਲਕਾ ਇੰਚਾਰਜ ਅਬੋਹਰ ਅਰੁਣ ਨਾਰੰਗ ਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਉਪਕਾਰ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਹੀਵਾਲ ਨਸਲ ਨੂੰ ਪ੍ਰਫੁੱਲਿਤ ਕਰਨ ਲਈ ਨਸਲ ਸੁਧਾਰ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਪਸ਼ੂ ਹਸਪਤਾਲਾਂ ਵਿੱਚ ਵੀ ਚੰਗੀ ਨਸਲ ਦੇ ਸੀਮਨ ਤੇ ਪਸ਼ੂਆਂ ਦੀਆਂ ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਪਸ਼ੂ ਪਾਲਕਾਂ ਦੀ ਹਰ ਸੰਭਵ ਮਦਦ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਅਨੇਕਾਂ ਹੀ ਹਲਕੇ ਦੇ ਪਿੰਡਾਂ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਸ਼ੂ ਹਸਪਤਾਲ ਦੀ ਰੈਨੋਵੇਸ਼ਨ ਕੀਤੀ ਗਈ ਹੈ, ਜਿਸ ਲਈ ਉਹ ਪੰਜਾਬ ਸਰਕਾਰ ਦੇ ਤਹਿ ਦਿਲੋਂ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਸਾਡੇ ਹਲਕੇ ਵਿੱਚ ਵੀ ਜੋ ਵੀ ਪਸ਼ੂ ਹਸਪਤਾਲ ਬਣਨ ਵਾਲੇ ਰਹਿੰਦੇ ਹਨ ਉਹ ਵੀ ਜਲਦੀ ਬਣਵਾਏ ਜਾਣ ਤਾਂ ਜੋ ਸਾਡੇ ਲੋਕ ਇਨਾ ਪਸ਼ੂ ਹਸਪਤਾਲਾਂ ਦਾ ਲਾਭ ਉਠਾ ਸਕਣ।
ਇਸ ਮੌਕੇ ਡਾਇਰੈਕਟਰ ਪਸ਼ੂ ਪਾਲਣ ਡਾ. ਪਰਮਦੀਪ ਸਿੰਘ ਵਾਲੀਆਂ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਪਸ਼ੂ ਪਾਲਣ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।
ਡਿਪਟੀ ਡਾਇਰੈਕਟਰ ਪਸ਼ੂ ਪਾਲਣ ਫਾਜ਼ਿਲਕਾ ਡਾ. ਮਨਦੀਪ ਸਿੰਘ ਨੇ ਕਿਹਾ ਕਿ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀ ਖੁਰਾਕ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ! ਇਸ ਤੋਂ ਇਲਾਵਾ ਪਸ਼ੂ ਪਾਲਕ ਆਪਣੇ ਪੱਠਿਆਂ ਚ ਖਾਦਾਂ ਦੀ ਵਰਤੋਂ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਕਰਨ ਕਿਉਂਕਿ ਜ਼ਿਆਦਾ ਖਾਦਾਂ ਪੱਠਿਆਂ ਵਿੱਚ ਜ਼ਹਿਰਵਾਦ ਦਾ ਕਾਰਨ ਬਣ ਰਹੀਆਂ ਹਨ।ਇਸ ਤੋਂ ਇਲਾਵਾ ਪਸ਼ੂ ਪਾਲਕ ਆਪਣੇ ਪਸ਼ੂਆਂ ਦਾ ਗਰਭ ਦਾਨ ਦੇ ਚੰਗੀ ਨਸਲ ਦੇ ਟੀਕਿਆਂ ਨਾਲ ਹੀ ਕਰਵਾਉਣ। ਇਸ ਮੌਕੇ ਸਾਹੀਵਾਲ ਵੱਛੇ-ਵੱਛੀਆਂ ਦੇ 78 ਪਸ਼ੂ ਪਾਲਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਐਸ. ਡੀ. ਐਮ ਅਬੋਹਰ ਰਵਿੰਦਰ ਸਿੰਘ, ਡਾ. ਹਰਵੀਨ ਕੌਰ ਸੰੰਯੁਕਤ ਨਿਰਦੇਸ਼ਕ, ਮੋਹਨ ਸਿੰਘ, ਡਾ. ਅਮਿਤ ਖੁਰਾਨਾ, ਡਾ. ਕੇਵਲ ਅਰੋੜਾ, ਡਾ. ਗੁਰਦਿੱਤ ਸਿੰਘ, ਡਾ. ਅਮਿਤ ਨੈਨ, ਡਾ. ਮਾਨਵ ਬਿਸ਼ਨੋਈ, ਡਾ. ਹਕੀਕਤ ਚੌਧਰੀ, ਪੀਤਮ ਲਾਲ, ਦੇਸਾ ਸਿੰਘ ਸਰਪੰਚ ਅਤੇ ਸਮੂਹ ਗ੍ਰਾਮ ਪੰਚਾਇਤ ਕਿੱਲਿਆਂ ਵਾਲੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ