ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਵੱਲੋਂ ਤਿਮਾਹੀ ਮੀਟਿੰਗ ਦਾ ਆਯੋਜਨ
ਅਗਲੀ ਨੈਸ਼ਨਲ ਲੋਕ ਅਦਾਲਤ 9 ਮਈ ਨੂੰ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਵੱਲੋਂ ਆਯੋਜਿਤ ਤਿਮਾਹੀ ਮੀਟਿੰਗ ਦਾ ਦ੍ਰਿਸ਼।


ਫਾਜ਼ਿਲਕਾ, 15 ਅਪ੍ਰੈਲ (ਹਿੰ.ਸ.)। ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ (ਮੋਹਾਲੀ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (ਡੀਐਲਐਸਏ), ਫਾਜ਼ਿਲਕਾ ਦੀ ਤਿਮਾਹੀ ਮੀਟਿੰਗ ਬੁੱਧਵਾਰ ਨੂੰ ਧਰਮਿੰਦਰ ਪਾਲ ਸਿੰਗਲਾ, ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਦੀ ਰਹਿਨੁਮਾਈ ਹੇਠ ਆਯੋਜਿਤ ਕੀਤੀ ਗਈ।

ਮੀਟਿੰਗ ਵਿੱਚ ਅਮਨਪ੍ਰੀਤ ਕੌਰ ਸੰਧੂ, ਡਿਪਟੀ ਕਮਿਸ਼ਨਰ, ਫਾਜ਼ਿਲਕਾ, ਗੁਰਮੀਤ ਸਿੰਘ, ਸੀਨੀਅਰ ਕਪਤਾਨ ਪੁਲਿਸ, ਕੇ.ਕੇ. ਸਿੰਗਲਾ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਾਜ਼ਿਲਕਾ, ਰੂਚੀ ਸਵਪਨ ਸ਼ਰਮਾ, ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ, ਗੁਰਦਿੱਤ ਸਿੰਘ, ਡਿਪਟੀ ਸੁਪਰਡੈਂਟ, ਸਬ-ਜੇਲ੍ਹ ਫਾਜਿਲਕਾ, ਵਜੀਰ ਕੰਬੋਜ, ਜ਼ਿਲ੍ਹਾ ਅਟਾਰਨੀ, ਫਾਜ਼ਿਲਕਾ, ਸੁਤੰਤਰਜੋਤ ਸਿੰਘ ਗਿੱਲ, ਪ੍ਰਧਾਨ, ਬਾਰ ਐਸੋਸੀਏਸ਼ਨ, ਫਾਜ਼ਿਲਕਾ, ਗੁਰਦੀਪ ਸੰਘ, ਡੀ.ਪੀ.ਆਰ.ਓ, ਫਾਜ਼ਿਲਕਾ ਹਾਜ਼ਰ ਰਹੇ।

ਮੀਟਿੰਗ ਦੌਰਾਨ ਜ਼ਿਲ੍ਹੇ ਵਿੱਚ ਮੁਫ਼ਤ ਕਾਨੂੰਨੀ ਸਹਾਇਤਾ ਦੀ ਪ੍ਰਦਾਨਗੀ, ਲੋਕ ਅਦਾਲਤਾਂ ਦੇ ਆਯੋਜਨ, ਪੈਰਾ ਲੀਗਲ ਵਲੰਟੀਅਰਾਂ ਦੀ ਕਾਰਗੁਜ਼ਾਰੀ, ਜਾਗਰੂਕਤਾ ਪ੍ਰੋਗਰਾਮਾਂ ਅਤੇ ਹੋਰ ਕਾਨੂੰਨੀ ਸੇਵਾਵਾਂ ਨਾਲ ਸਬੰਧਿਤ ਵਿਸ਼ਿਆਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਚੇਅਰਮੈਨ ਵੱਲੋਂ ਸੰਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਜ਼ਰੂਰਤਮੰਦ ਅਤੇ ਯੋਗ ਵਿਅਕਤੀਆਂ ਤੱਕ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਭਾਵਸ਼ਾਲੀ ਅਤੇ ਸਮੇਂ-ਸਿਰ ਪਹੁੰਚਾਈ ਜਾਵੇ।

ਇਸ ਤੋਂ ਇਲਾਵਾ ਯੂ.ਟੀ.ਆਰ.ਸੀ ਕਮੇਟੀ ਦੀ ਤਿਮਾਹੀ ਮੀਟਿੰਗ ਧਰਮਿੰਦਰ ਪਾਲ ਸਿੰਗਲਾ, ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜਿਲਕਾ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਹਵਾਲਾਤੀਆਂ ਜਿਨ੍ਹਾਂ ਨੂੰ ਜਮਾਨਤ ਮਿਲ ਚੁੱਕੀ ਹੈ ਪਰ ਰਿਹਾਅ ਨਹੀਂ ਹੋਏ, ਅਨੁਕੂਲ ਅਪਰਾਧ ਅਤੇ ਹਵਾਲਾਤੀਆਂ ਜਿਨ੍ਹਾਂ ਨੂੰ ਲਾਭ ਮਿਲ ਸਕਦੇ ਹਨ, ਆਦਿ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ।

ਇਹ ਜਾਣਕਾਰੀ ਵੀ ਦਿੱਤੀ ਗਈ ਕਿ ਅਗਲੀ ਨੈਸ਼ਨਲ ਲੋਕ ਅਦਾਲਤ ਮਿਤੀ 09 ਮਈ 2026 ਨੂੰ ਜ਼ਿਲ੍ਹਾ ਫਾਜ਼ਿਲਕਾ ਵਿੱਚ ਆਯੋਜਿਤ ਕੀਤੀ ਜਾਵੇਗੀ, ਜਿਸ ਵਿੱਚ ਵੱਖ-ਵੱਖ ਕਿਸਮ ਦੇ ਮਾਮਲਿਆਂ ਨੂੰ ਆਪਸੀ ਸਹਿਮਤੀ ਨਾਲ ਨਿਪਟਾਇਆ ਜਾਵੇਗਾ। ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਲੋਕ ਅਦਾਲਤ ਦਾ ਲਾਭ ਉਠਾ ਕੇ ਆਪਣੇ ਲੰਬਿਤ ਮਾਮਲਿਆਂ ਦਾ ਤੇਜ਼, ਸੁਖਾਲਾ ਅਤੇ ਖਰਚਾ ਰਹਿਤ ਨਿਪਟਾਰਾ ਕਰਵਾਉਣ। ਇਸਦੇ ਨਾਲ ਹੀ ਜੇ ਕੋਈ ਵੀ ਵਿਅਕਤੀ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕਰਨਾ ਚਾਹੁੰਦਾ ਹੈ, ਤਾਂ ਉਹ ਟੋਲ-ਫ੍ਰੀ ਨੰਬਰ 15100 ਜਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਦੇ ਦਫ਼ਤਰੀ ਨੰਬਰ 01638-261500 ’ਤੇ ਸੰਪਰਕ ਕਰ ਸਕਦਾ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande