
ਮੋਹਾਲੀ, 15 ਅਪ੍ਰੈਲ (ਹਿੰ.ਸ.)|
ਮੋਹਾਲੀ ਦੇ ਸਿਟੀ ਸੈਂਟਰ ਇਲਾਕੇ ਵਿੱਚ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਕੁੜੀ ਨੇ ਬਿਲਡਿੰਗ ਦੀ 5ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਹਾਦਸੇ ਤੋਂ ਬਾਅਦ ਉਸਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਘਟਨਾ ਬੁੱਧਵਾਰ ਸਵੇਰੇ ਕਰੀਬ 10:30 ਤੋਂ 11 ਵਜੇ ਦੇ ਦਰਮਿਆਨ ਵਾਪਰੀ। ਜਦੋਂ ਯੁਵਤੀ ਦੇ ਡਿੱਗਣ ਦੀ ਆਵਾਜ਼ ਸੁਣੀ ਗਈ ਤਾਂ ਨੇੜਲੇ ਦੁਕਾਨਦਾਰ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਉਸਨੂੰ ਉਠਾ ਕੇ ਹਸਪਤਾਲ ਲੈ ਗਏ।
ਪੁਲਿਸ ਦੇ ਮੁਤਾਬਕ, ਕੁੜੀ ਦੀ ਪਛਾਣ ਤਾਨਿਆ ਵਜੋਂ ਹੋਈ ਹੈ, ਜੋ ਹਰਿਆਣਾ ਦੇ ਅੰਬਾਲਾ ਦੀ ਰਹਿਣ ਵਾਲੀ ਹੈ। ਮੌਕੇ ਤੋਂ ਪੁਲਿਸ ਨੂੰ ਬਿਲਡਿੰਗ ਦੀ 5ਵੀਂ ਮੰਜ਼ਿਲ ਤੋਂ ਉਸਦਾ ਬੈਗ ਮਿਲਿਆ, ਜਿਸ ਵਿੱਚ ਲੰਚ ਬਾਕਸ ਅਤੇ ਸਕੂਟੀ ਦੀ ਚਾਬੀ ਸੀ। ਹੇਠਾਂ ਪਾਰਕਿੰਗ ਵਿੱਚ ਖੜੀ ਸਕੂਟੀ ਵਿੱਚੋਂ ਉਸਦਾ ਆਧਾਰ ਕਾਰਡ ਵੀ ਬਰਾਮਦ ਹੋਇਆ, ਜਿਸ ਨਾਲ ਉਸਦੀ ਪਛਾਣ ਹੋਈ।
ਥਾਣਾ ਏਅਰੋਸਿਟੀ ਦੇ ਐਸਐਚਓ ਅਮਨਦੀਪ ਸਿੰਘ ਨੇ ਦੱਸਿਆ ਕਿ ਕੁੜੀ ਆਪਣੀ ਐਕਟਿਵਾ ਸਕੂਟੀ ‘ਤੇ ਸਿਟੀ ਸੈਂਟਰ ਆਈ ਸੀ। ਹਾਲਾਂਕਿ, ਉਹ ਕਿਵੇਂ ਅਤੇ ਕਿਉਂ ਬਿਲਡਿੰਗ ਦੀ ਪੰਜਵੀਂ ਮੰਜ਼ਿਲ ਤੱਕ ਪਹੁੰਚੀ, ਇਹ ਹਾਲੇ ਸਪੱਸ਼ਟ ਨਹੀਂ ਹੋਇਆ।
ਪੁਲਿਸ ਨੇ ਦੱਸਿਆ ਕਿ ਘਟਨਾ ਵੇਲੇ ਸਵੇਰ ਦਾ ਸਮਾਂ ਅਤੇ ਤਿੱਖੀ ਧੁੱਪ ਹੋਣ ਕਰਕੇ ਮੌਕੇ ‘ਤੇ ਭੀੜ ਘੱਟ ਸੀ ਅਤੇ ਜ਼ਿਆਦਾਤਰ ਦੁਕਾਨਦਾਰ ਆਪਣੀਆਂ ਦੁਕਾਨਾਂ ਖੋਲ੍ਹਣ ਵਿੱਚ ਵਿਆਸਤ ਸਨ। ਪੁਲਿਸ ਨੂੰ ਜਦੋਂ ਤੱਕ ਸੂਚਨਾ ਮਿਲੀ ਅਤੇ ਉਹ ਮੌਕੇ ‘ਤੇ ਪਹੁੰਚੀ, ਉਦੋਂ ਤੱਕ ਕੁੜੀ ਨੂੰ ਦੁਕਾਨਦਾਰ ਹਸਪਤਾਲ ਲੈ ਜਾ ਚੁੱਕੇ ਸਨ।
ਕੁੜੀ ਦਾ ਮੋਬਾਈਲ ਵੀ ਉਸਦੇ ਬੈਗ ਵਿੱਚੋਂ ਮਿਲਿਆ, ਜਿਸ ਦੀ ਮਦਦ ਨਾਲ ਪੁਲਿਸ ਨੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ। ਉਸਨੂੰ ਜੀਰਕਪੁਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੁੜੀ ਨੇ ਖੁਦ ਛਾਲ ਮਾਰੀ ਜਾਂ ਕਿਸੇ ਨੇ ਧੱਕਾ ਦਿੱਤਾ। ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH