
ਫ਼ਰੀਦਕੋਟ, 17 ਅਪ੍ਰੈਲ (ਹਿੰ.ਸ.)। ਜ਼ਿਲ੍ਹਾ ਫ਼ਰੀਦਕੋਟ ਵਿੱਚ ਅੱਠਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਟੌਪਰ ਵਿਦਿਆਰਥੀਆਂ ਨੂੰ ਡਿਪਟੀ ਕਮਿਸ਼ਨਰ ਫ਼ਰੀਦਕੋਟ ਪੂਨਮਦੀਪ ਕੌਰ ਆਈ.ਏ.ਐਸ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਟੌਪਰ ਵਿਦਿਆਰਥੀਆਂ ਨੂੰ ਪ੍ਰਤੀ ਵਿਦਿਆਰਥੀ 11000 ਰੁਪਏ ਦੇ ਚੈਕ ਵੰਡੇ ਅਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਜ਼ਿਕਰਯੋਗ ਹੈ ਜ਼ਿਲ੍ਹੇ ਦੀਆਂ ਅੱਠਵੀਂ ਜਮਾਤੀ ਦੀਆਂ ਵਿਦਿਆਰਥਣਾਂ ਜਿਨ੍ਹਾਂ ਵਿੱਚ ਤਮੰਨਾ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਨੇ 600/600 ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਜਸ਼ਨਦੀਪ ਕੌਰ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟਸੁੱਖੀਆ ਨੇ 598/600 ਅੰਕ ਲੈ ਕੇ ਪੰਜਾਬ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਮਨਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਪੰਜਗਰਾਈ ਕਲਾਂ ਅਤੇ ਮੁਸਕਾਨਪ੍ਰੀਤ ਕੌਰ ਸਰਕਾਰੀ ਹਾਈ ਸਕੂਲ, ਢੀਮਾਂਵਾਲੀ ਨੇ 585/600 ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਦਿਆਰਥੀਆਂ ਦੀ ਮਿਹਨਤ ਅਤੇ ਲਗਨ ਹੀ ਉਨ੍ਹਾਂ ਦੀ ਕਾਮਯਾਬੀ ਦਾ ਅਸਲ ਮੰਤਰ ਹੈ ਅਤੇ ਜ਼ਿਲ੍ਹੇ ਦੇ ਇਹ ਹੋਣਹਾਰ ਵਿਦਿਆਰਥੀ ਹੋਰਨਾਂ ਲਈ ਪ੍ਰੇਰਣਾ ਦਾ ਸਰੋਤ ਹਨ। ਉਨ੍ਹਾਂ ਨੇ ਮਾਪਿਆਂ ਅਤੇ ਅਧਿਆਪਕਾਂ ਦੀ ਭੂਮਿਕਾ ਦੀ ਵੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਨਾਲ ਹੀ ਵਿਦਿਆਰਥੀ ਉੱਚੀਆਂ ਮੰਜਿਲਾਂ ਤੱਕ ਪਹੁੰਚਦੇ ਹਨ। ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਅੰਜਨਾ ਕੌਂਸਲ, ਜਸਬੀਰ ਸਿੰਘ ਜੱਸੀ, ਪ੍ਰਿੰ. ਦੀਪਕ ਕੁਮਾਰ, ਹੈਡ ਮਾਸਟਰ ਰਵਿੰਦਰ ਸਿੰਘ, ਸੋਨੀ ਥਾਪਰ, ਕੁਸਮ ਕਾਲੜਾ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ