
ਪਟਿਆਲਾ, 17 ਅਪ੍ਰੈਲ (ਹਿੰ.ਸ.)। ਪਟਿਆਲਾ ਪੁਲਿਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਫਾਇਰਿੰਗ ਕਰਨ ਵਾਲੇ ਵਿਅਕਤੀ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ।
ਐਸ.ਐਸ.ਪੀ. ਪਟਿਆਲਾ ਵਰੁਣ ਸ਼ਰਮਾ, ਆਈ.ਪੀ.ਐਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਜੋਬਨਵੀਰ ਸਿੰਘ ਉਰਫ ਜੋਬਨ ਪੁੱਤਰ ਨੈਬ ਸਿੰਘ ਵਾਸੀ ਘੁਮਾਦਾ ਥਾਣਾ ਖੇੜੀ ਗੰਡਿਆ ਜ਼ਿਲ੍ਹਾ ਪਟਿਆਲਾ ਜੋ ਕਿ ਖਾਲਸਾ ਕਾਲਜ ਵਿੱਚ ਪੜਦਾ ਹੈ, ਮਿਤੀ 10.04.2026 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਆਪਣੇ ਦੋਸਤਾਂ ਨੂੰ ਮਿਲਣ ਲਈ ਗਿਆ ਸੀ। ਉਹ ਆਪਣੇ ਦੋਸਤਾਂ ਨਾਲ ਗੋਲ ਮਾਰਕੀਟ ਪੰਜਾਬੀ ਯੂਨੀਵਰਸਿਟੀ ਨੇੜੇ ਚਾਹ ਪੀ ਰਹੇ ਸੀ ਕਿ ਇਸ ਦੌਰਾਨ ਹਰਸ਼ਪ੍ਰੀਤ ਸਿੰਘ ਮੰਡਲਾ ਵਾਸੀ ਖੇੜੀ ਪੰਡਤਾ ਅਤੇ ਗੁਰਦਰਸ਼ਨ ਸਿੰਘ ਮਾਂਗਟ ਵਾਸੀ ਨਾਭਾ ਆਏ, ਜਿਨ੍ਹਾਂ ਦਾ ਆਪਸ ਵਿੱਚ ਤਕਰਾਰ ਹੋ ਗਿਆ ਸੀ ਇਸ ਦੌਰਾਨ ਹਰਸ਼ਪ੍ਰੀਤ ਸਿੰਘ ਮੰਡਲਾ ਨੇ ਜੋਬਨਵੀਰ ਸਿੰਘ ਉਰਫ ਜੋਬਨ ’ਤੇ ਜਾਨੋਂ ਮਾਰਨ ਦੀ ਨੀਯਤ ਨਾਲ ਫਾਇਰ ਕੀਤੇ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਸਬੰਧੀ ਮੁਕੱਦਮਾ ਨੰਬਰ 83 ਮਿਤੀ 10.04.2026 ਅ/ਧ 109,115(2),3(5) ਬੀ.ਐਨ.ਐਸ. 25 ਅਸਲਾ ਐਕਟ ਥਾਣਾ ਅਰਬਨ ਅਸਟੇਟ ਪਟਿਆਲਾ ਦਰਜ ਕੀਤਾ ਗਿਆ ਸੀ।
ਐਸ.ਐਸ.ਪੀ ਪਟਿਆਲਾ ਨੇ ਦੱਸਿਆ ਮਿਤੀ 16.04.2026 ਨੂੰ ਸੀ.ਆਈ.ਏ.ਪਟਿਆਲਾ ਦੀ ਪੁਲਿਸ ਪਾਰਟੀ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਮੁਲਜ਼ਮ ਹਰਸ਼ਪ੍ਰੀਤ ਸਿੰਘ ਮੰਡਲਾ ਪੁੱਤਰ ਕਰਮਜੀਤ ਸਿੰਘ ਵਾਸੀ ਪੰਡਤਾ ਖੇੜੀ ਜ਼ਿਲ੍ਹਾ ਪਟਿਆਲਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਕੋਲੋਂ ਵਾਰਦਾਤ ਵਿੱਚ ਵਰਤਿਆਂ ਪਿਸਤੌਲ ਸਮੇਤ ਰੋਂਦ ਬਰਾਮਦ ਕੀਤੇ ਗਏ। ਮੁਲਜ਼ਮ ਹਰਸ਼ਪ੍ਰੀਤ ਸਿੰਘ ਮੰਡਲਾ ਕੋਲੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸਨੂੰ ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ