
ਖੰਨਾ (ਲੁਧਿਆਣਾ), 17 ਅਪ੍ਰੈਲ (ਹਿੰ.ਸ.)। ਪੰਜਾਬ ਸਰਕਾਰ ਨੇ 2021-22 ਵਿੱਚ ਸਿੱਖਿਆ ਬਜਟ 12,657 ਕਰੋੜ ਰੁਪਏ ਤੋਂ ਵਧਾ ਕੇ 2026-27 ਵਿੱਚ 19,279 ਕਰੋੜ ਰੁਪਏ ਕਰ ਦਿੱਤਾ, ਜੋ ਕਿ ਪੰਜਾਬ ਦੇ ਕਿਸੇ ਵੀ ਖੇਤਰ ਲਈ ਸਭ ਤੋਂ ਵੱਡੀ ਅਲਾਟਮੈਂਟ ਹੈ। ਇਹ ਪੈਸਾ ਸਿਰਫ਼ ਕਾਗਜ਼ਾਂ ਵਿੱਚ ਨਹੀਂ ਸਗੋਂ ਹਰ ਸਕੂਲ ਤੱਕ ਪਹੁੰਚ ਗਿਆ ਹੈ।
ਇਹ ਵਿਚਾਰ ਪੇਂਡੂ ਵਿਕਾਸ ਤੇ ਪੰਚਾਇਤ, ਕਿਰਤ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ 'ਪੰਜਾਬ ਸਿੱਖਿਆ ਕ੍ਰਾਂਤੀ' ਪ੍ਰੋਗਰਾਮ ਤਹਿਤ ਹਲਕਾ ਖੰਨਾ ਦੇ ਰਘਵੀਰ ਸਿੰਘ ਫਰੀਡਮ ਫਾਈਟਰ ਪੀ.ਐਮ ਸ਼੍ਰੀ ਸਰਕਾਰੀ ਹਾਈ ਸਕੂਲ ਖੰਨਾ ਵਿੱਚ 13.2 ਲੱਖ ਰੁਪਏ ਦੀ ਲਾਗਤ ਨਾਲ 'ਬਿਊਟੀ ਐਂਡ ਵੈਲਨੈੱਸ ਲੈਬ' ਅਤੇ ਸਰਕਾਰੀ ਮਿਡਲ ਸਕੂਲ ਖੰਨਾ ਖੁਰਦ ਵਿੱਚ 9.55 ਲੱਖ ਰੁਪਏ ਦੀ ਲਾਗਤ ਨਾਲ ਅਤਿ ਆਧੁਨਿਕ ਸਹੂਲਤਾ ਨਾਲ ਲੈਸ ਕਲਾਸ ਰੂਮ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਮੌਕੇ ਪ੍ਰਗਟ ਕੀਤੇ।
ਮੰਤਰੀ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਬਹੁਤ ਵਧੀਆ ਪ੍ਰੋਜੈਕਟ ਆ ਰਹੇ ਹਨ। ਇਸੇ ਲੜੀ ਤਹਿਤ ਰਘਵੀਰ ਸਿੰਘ ਫਰੀਡਮ ਫਾਈਟਰ ਪੀ.ਐਮ ਸ਼੍ਰੀ ਸਰਕਾਰੀ ਹਾਈ ਸਕੂਲ, ਖੰਨਾ ਦੇ ਵਿੱਚ ਪਹਿਲਾ ਪੰਜਾਬ ਸਰਕਾਰ ਦੀ ਗ੍ਰਾਂਟ ਨਾਲ ਵੱਡੇ ਹਾਲ ਦਾ ਨਿਰਮਾਣ ਕੀਤਾ ਗਿਆ ਅਤੇ ਹੁਣ ਇਸੇ ਹਾਲ ਵਿੱਚ 13.2 ਲੱਖ ਰੁਪਏ ਦੀ ਲਾਗਤ ਨਾਲ 'ਬਿਊਟੀ ਐਂਡ ਵੈਲਨੈੱਸ ਲੈਬ' ਸਥਾਪਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ 'ਬਿਊਟੀ ਐਂਡ ਵੈਲਨੈਸ ਲੈਬ' ਵਿੱਚ 4 ਵੱਡੀਆਂ ਸਲੂਨ ਕੁਰਸੀਆਂ, 2 ਸ਼ੈਂਪੂ ਸਟੇਸ਼ਨ, 2 ਫੇਸ਼ੀਅਲ ਬੈੱਡ, 1 ਹਾਈ ਡਰਾਅ ਫੇਸ਼ੀਅਲ ਮਸ਼ੀਨ, 1 ਸਕਿਨ ਟੈਸਟਿੰਗ ਮਸ਼ੀਨ, 1 ਫੇਸ਼ ਸਟੀਮਰ, 1 ਹੈਡ ਸਟੀਮਰ, 1 ਗਲਵੈਣਿਕ ਮਸ਼ੀਨ, 1 ਸਟਿਲਲਾਈਜਰ, 1 ਮੈਨੀਕਿਊਅਰ ਅਤੇ ਪੈਡੀ ਕੁਰਸੀ ਆਦਿ ਸਮਾਨ ਉਪਲਬਧ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਇਸ ਲੈਬ ਵਿੱਚ ਵਿਦਿਆਰਥੀਆਂ ਦੀ ਸਹੂਲਤ ਲਈ ਨਵਾ ਏ.ਸੀ ਵੀ ਲਗਾਇਆ ਗਿਆ ਹੈ।
ਉਨ੍ਹਾਂ ਕਿ 9ਵੀਂ ਅਤੇ 10ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣ ਲਈ 'ਬਿਊਟੀ ਐਂਡ ਵੈਲਨੈਸ ਲੈਬ' ਵਿੱਚ 2 ਸਾਲ ਦਾ ਵਿਸ਼ਾ ਹੈ। ਜਿਸ ਵਿੱਚ ਵਿਦਿਆਰਥੀਆਂ ਨੂੰ ਫੇਸ਼ੀਅਲ, ਬਲੀਚ, ਮਹਿੰਦੀ, ਮੇਕਅਪ, ਹੇਅਰ ਸਟਾਈਲ, ਹੇਅਰ ਕਟਿੰਗ, ਹੇਅਰ ਸਪਾ, ਹੇਅਰ ਟ੍ਰੀਟਮੈਂਟ, ਹੈਂਡ ਮਸਾਜ, ਮੈਨੀ ਕਿਊਰ (ਹੱਥ ਦੀ ਸੰਭਾਲ) ਅਤੇ ਪੈਡੀ ਕਿਊਰ (ਪੈਰਾਂ ਦੀ ਸੰਭਾਲ) ਦਾ ਹੁਨਰ ਦੇ ਕੇ ਵਿਦਿਆਰਥੀਆਂ ਨੂੰ ਆਪਣੇ ਪੈਰਾਂ 'ਤੇ ਖੜੇ ਹੋਣ ਦੇ ਕਾਬਲ ਬਣਾਇਆ ਜਾਂਦਾ ਹੈ। ਇਥੋਂ ਸਿੱਖ ਕੇ ਬੱਚੇ ਆਪਣਾ ਖਰਚਾ ਆਪ ਚੁੱਕਣ ਦੇ ਕਾਬਲ ਹੋ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਰਘਵੀਰ ਸਿੰਘ ਫਰੀਡਮ ਫਾਈਟਰ ਪੀ.ਐਮ ਸ਼੍ਰੀ ਸਰਕਾਰੀ ਹਾਈ ਸਕੂਲ, ਖੰਨਾ ਦੇ ਦੂਜੇ ਵੱਡੇ ਹਾਲ ਨੂੰ ਵੀ ਪੰਜਾਬ ਸਰਕਾਰ ਵੱਲੋਂ ਤਿਆਰ ਕਰਵਾਇਆ ਗਿਆ ਸੀ ਜਿਸ ਵਿੱਚ ਸ਼ੂਟਿੰਗ ਰੇਂਜ ਚਲਦੀ ਹੈ। ਇਸ ਸ਼ੂਟਿੰਗ ਰੇਂਜ ਵਿੱਚ ਪਤਾ ਨਹੀਂ ਕਿੰਨੇ ਬੱਚੇ ਆਪਣੇ ਸ਼ੂਟਿੰਗ ਵਿੱਚ ਜੌਹਰ ਦਿਖਾ ਕੇ ਬਲਾਕ ਪੱਧਰ, ਜ਼ਿਲ੍ਹਾ ਪੱਧਰ, ਸੂਬਾ ਪੱਧਰ, ਨੈਸ਼ਨਲ ਪੱਧਰ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸਾਡੇ ਬੱਚੇ ਸ਼ੂਟਿੰਗ ਵਿੱਚ ਖੇਡਣ ਜਾ ਰਹੇ ਹਨ।
ਤਰੁਨਪ੍ਰੀਤ ਸਿੰਘ ਸੌਂਦ ਨੇ ਸਰਕਾਰੀ ਮਿਡਲ ਸਕੂਲ ਖੰਨਾ ਖੁਰਦ ਵਿੱਚ 9.55 ਲੱਖ ਰੁਪਏ ਦੀ ਲਾਗਤ ਨਾਲ ਅਤੀ ਆਧੁਨਿਕ ਸਹੂਲਤਾਂ ਵਾਲਾ ਕਲਾਸ ਰੂਮ ਦਾ ਉਦਘਾਟਨ ਕਰਨ ਉਪਰੰਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਲਾਸ ਰੂਮ ਵਿੱਚ 75 ਇੰਚੀ ਐਲ.ਈ.ਡੀ ਪੈਨਲ, 20 ਡਿਊਲ ਡੈਸਕ, ਇੱਕ ਲੈਕਚਰ ਸਟੈਂਡ, ਇੱਕ ਟੇਬਲ, ਇੱਕ ਕੁਰਸੀ, ਇੱਕ ਵਾਈਟ ਬੋਰਡ, ਚਾਰ ਪੱਖੇ, ਇੱਕ ਇਨਵਰਟਰ, ਇੱਕ ਕੈਮਰਾ ਆਦਿ ਸਮਾਨ ਬੱਚਿਆਂ ਦੀ ਸਹੂਲਤ ਲਈ ਲਗਾਇਆ ਗਿਆ ਹੈ ਤਾਂ ਜੋ ਉਹ ਆਪਣੀ ਪੜ੍ਹਾਈ ਵਧੀਆ ਤਰੀਕੇ ਨਾਲ ਕਰ ਸਕਣ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ