
ਤਲਵਾੜਾ, 20 ਅਪ੍ਰੈਲ (ਹਿੰ.ਸ.)| ਭਾਖੜਾ ਬਿਆਸ ਪ੍ਰਬੰਧ ਬੋਰਡ ਤਲਵਾੜਾ ਦਾ ਇੰਟਰ ਸਰਕਲ ਬੀਬੀਐਮਬੀ ਕ੍ਰਿਕੇਟ ਟੂਰਨਾਮੈਂਟ ਤੇ ਐਥਲੈਟਿਕਸ ਖੇਡ ਮੁਕਾਬਲਿਆਂ ਦਾ ਅੱਜ ਉਪ ਮੁੱਖ ਇੰਜਨੀਅਰ ਵਿਮਲ ਕੁਮਾਰ ਮੀਨਾ ਨੇ ਉਦਘਾਟਨ ਕੀਤਾ। ਪਹਿਲਾਂ ਕ੍ਰਿਕੇਟ ਮੈਚ ਪਾਵਰਵਿੰਗ ਅਤੇ ਦਫ਼ਤਰ ਮੁੱਖ ਇੰਜਨੀਅਰ ਦੀ ਟੀਮ ਵਿਚਕਾਰ ਖੇਡਿਆ ਗਿਆ।
ਇਸ ਮੌਕੇ ਮੁੱਖ ਮਹਿਮਾਨ ਉਪ ਮੁੱਖ ਇੰਜਨੀਅਰ ਵਿਮਲ ਕੁਮਾਰ ਮੀਨਾ ਨੇ ਕਿਹਾ ਕਿ ਇਹ ਖੇਡ ਟੂਰਨਾਮੈਂਟ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਖੇਡ ਗਤੀਵਿਧੀਆਂ ਨਾਲ ਜੋੜਨ ਵਿਚ ਸਹਾਈ ਸਿੱਧ ਹੁੰਦਾ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਵੱਖ ਵੱਖ ਟੀਮਾਂ ਦੇ ਕ੍ਰਿਕੇਟ ਮੁਕਾਬਲਿਆਂ ਤੋਂ ਇਲਾਵਾ ਐਥਲੈਟਿਕਸ ਦੇ ਮੁਕਾਬਲੇ ਵੀ ਹੋਣਗੇ। ਇਹ ਟੂਰਨਾਮੈਂਟ 27 ਅਪ੍ਰੈਲ ਤੱਕ ਚੱਲੇਗਾ। ਟੂਰਨਾਮੈਂਟ ਨਰਸਰੀ ਗਰਾਉਂਡ ਖੇਡ ਮੈਦਾਨ ਵਿਚ ਹੋ ਰਿਹਾ ਹੈ।
ਨਿਗਰਾਨ ਇੰਜਨੀਅਰ (ਪਾਵਰ ਵਿੰਗ) ਅਜੀਤ ਕੁਮਾਰ ਭੱਟੀ ਨੇ ਕਿਹਾ ਕਿ ਖੇਡਾਂ ਟੀਮ ਭਾਵਨਾ ਅਤੇ ਅਨੁਸ਼ਾਸਨ ਦੀ ਭਾਵਨਾ ਮਜਬੂਤ ਕਰਦੀਆਂ ਹਨ ਅਤੇ ਇਹ ਸਟਾਫ ਦੀ ਸਖਸ਼ੀਅਤ ਉਸਾਰੀ ਵਿਚ ਮਹੱਤਵਪੂਰਨ ਰੋਲ ਅਦਾ ਕਰਨਗੀਆਂ।
ਕਾਰਜਕਾਰੀ ਇੰਜਨੀਅਰ ਟਾਉਨਸ਼ਿਪ ਰਬਿੰਦਰ ਸਿੰਘ ਨੇ ਦੱਸਿਆ ਕਿ ਹਰ ਰੋਜ ਦੋ ਕ੍ਰਿਕੇਟ ਮੈਚ ਹੋਣਗੇ। ਅੱਜ ਦੇ ਪਹਿਲੇ ਮੈਚ ਵਿਚ ਪਾਵਰਵਿੰਗ ਦੀ ਟੀਮ ਨੇ ਪਹਿਲਾਂ ਖੇਡਦਿਆਂ 6 ਵਿਕਟਾਂ ਗੁਆ ਕੇ 188 ਦੌੜਾਂ ਬਣਾਈਆਂ। ਜਵਾਬ ਵਿਚ ਦਫ਼ਤਰ ਮੁੱਖ ਇੰਜਨੀਅਰ ਦੀ ਟੀਮ ਨਿਰਧਾਰਤ 16 ਓਵਰਾਂ ਵਿਚ 7 ਵਿਕਟਾਂ ਗੁਆ ਕੇ 149 ਦੌੜਾਂ ਹੀ ਬਣਾ ਪਾਈ ਅਤੇ ਇਹ ਮੈਚ ਪਾਵਰਵਿੰਗ ਦੀ ਟੀਮ ਨੇ 39 ਦੌੜਾਂ ਦੇ ਫਰਕ ਨਾਲ ਜਿੱਤ ਲਿਆ।
ਇਸ ਮੌਕੇ ਕਾਰਜਕਾਰੀ ਇੰਜਨੀਅਰ ਅਰਵਿੰਦਰਪਾਲ ਸਿੰਘ ਉੱਭੀ ਅਤੇ ਰਾਜੇਸ਼ ਕੁਮਾਰ, ਅਕਾਉਂਟ ਅਫ਼ਸਰ ਵਿਜੈ ਕੁਮਾਰ ਵੀ ਵਿਸੇਸ਼ ਤੌਰ ਤੇ ਹਾਜਰ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH