
ਤਰਨ ਤਾਰਨ, 20 ਅਪ੍ਰੈਲ (ਹਿੰ.ਸ.)| ਸਿਵਲ ਸਰਜਨ ਤਰਨ ਤਾਰਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਜ਼ਿਲਾ ਵਾਸੀਆਂ ਨੂੰ ਸੱਦਾ ਦਿੱਤਾ ਕਿ ਭਾਈਚਾਰੇ ਨਾਲ ਜੁੜਕੇ ਡੇਂਗੂ, ਚਿਕਨਗੁਨੀਆ ਅਤੇ ਮਲੇਰੀਆ ਨੂੰ ਨੱਥ ਪਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਦੀ ਸ਼ੁਰੂਆਤ ਸਾਨੂੰ ਆਪਣੇ ਘਰਾਂ ਤੋਂ ਹੀ ਕਰਨੀ ਚਾਹੀਦੀ ਹੈ।
ਡਾ. ਗੁਰਪ੍ਰੀਤ ਸਿੰਘ ਰਾਏ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਐਪੀਡਿਮੋਲੋਜਿਸਟ ਡਾ. ਰਾਘਵ ਗੁਪਤਾ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੁਖਵੰਤ ਸਿੰਘ ਸਿੱਧੂ ਅਤੇ ਹੈਲਥ ਸੁਪਰਵਾਈਜ਼ਰ ਗੁਰਦੇਵ ਸਿੰਘ ਢਿੱਲੋਂ ਦੀ ਅਗਵਾਈ ਹੇਠ ਡਰਾਈ ਡੇਅ ਸਬੰਧੀ ਟੀਮਾਂ ਵੱਲੋਂ ਅਰਬਨ ਏਰੀਏ ਅਤੇ ਨੇੜਲੇ ਇਲਾਕੇ ਵਿਚ ਘਰ-ਘਰ ਜਾ ਕੇ ਲੋਕਾਂ ਨੂੰ ਡੇਂਗੂ ਬੁਖ਼ਾਰ ਅਤੇ ਇਸ ਤੋਂ ਬਚਾਅ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਡੇਂਗੂ ਬੁਖਾਰ ਐਡਿਸ ਐਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਫ਼ੈਲਦਾ ਹੈ।
ਇਹ ਮੱਛਰ ਸਾਫ਼ ਪਾਣੀ ਵਿਚ ਪਨਪਦਾ ਹੈ ਅਤੇ ਇਹ ਦਿਨ ਅਤੇ ਸ਼ਾਮ ਵੇਲੇ ਕੱਟਦਾ ਹੈ। ਲੋਕਾਂ ਨੂੰ ਕਿਹਾ ਗਿਆ ਕਿ ਆਪਣੇ ਆਲੇ-ਦੁਆਲੇ ਸਾਫ਼-ਸਫ਼ਾਈ ਦਾ ਖਾਸ ਖਿਆਲ ਰੱਖਣ ਅਤੇ ਬਾਰਿਸ਼ ਦੇ ਪਾਣੀ ਨੂੰ ਘਰਾਂ ਲਾਗੇ ਖੜ੍ਹਾ ਨਾ ਹੋਣ ਦੇਣ। ਉਨ੍ਹਾਂ ਨੂੰ ਕੂਲਰਾਂ, ਗਮਲਿਆਂ, ਫਰਿੱਜਾਂ ਦੀਆਂ ਟਰੇਆਂ, ਛੱਤਾਂ ਅਤੇ ਆਲੇ-ਦੁਆਲੇ ਪਏ ਪੁਰਾਣੇ ਟਾਇਰਾਂ, ਭਾਂਡਿਆਂ, ਟੁੱਟੇ ਗਮਲਿਆਂ, ਟੈਂਕੀਆਂ ਵਿਚ ਬਾਰਿਸ਼ ਦਾ ਪਾਣੀ ਨਾ ਇਕੱਠਾ ਹੋਣ ਲਈ ਪੇ੍ਰਿਤ ਕੀਤਾ ਗਿਆ। ਲੋਕਾਂ ਨੂੰ ਦੱਸਿਆ ਗਿਆ ਕਿ ਡੇਂਗੂ ਦੇ ਮੱਛਰ ਕਾਰਨ ਜਿਥੇ ਬੁਖ਼ਾਰ ਹੁੰਦਾ ਹੈ, ਉਥੇ ਸਿਰਦਰਦ, ਮਸੂੜਿਆਂ ਵਿਚੋਂ ਖ਼ੂਨ ਆਉਣਾ, ਮਾਸਪੇਸ਼ੀਆਂ ਵਿਚ ਦਰਦ, ਉਲਟੀਆਂ ਆਉਣਾ ਆਦਿ ਹੋ ਸਕਦੇ ਹਨ।
ਇਸ ਤੋਂ ਬਚਾਅ ਲਈ ਆਪਣੇ ਸਰੀਰ ਨੂੰ ਪੂਰੀ ਤਰਾਂ ਕਵਰ ਕਰ ਕੇ ਰੱਖਣਾ ਚਾਹੀਦਾ ਹੈ। ਰਾਤ ਨੂੰ ਸੌਣ ਸਮੇਂ ਮੱਛਰਦਾਨੀ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਡੇਂਗੂ ਬੁਖ਼ਾਰ ਦਾ ਟੈਸਟ ਅਤੇ ਇਲਾਜ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਕੀਤਾ ਜਾਦਾ ਹੈ। ਕੂਲਰਾਂ, ਫਰਿੱਜਾਂ, ਗਮਲਿਆਂ ਕੰਟੇਨਰਾਂ ਆਦਿ ਵਿਚੋਂ ਲਾਰਵਾ ਚੈੱਕ ਕੀਤਾ ਗਿਆ। ਮਿਲੇ ਲਾਰਵੇ ਨੂੰ ਮੌਕੇ 'ਤੇ ਹੀ ਨਸ਼ਟ ਕਰਵਾਇਆ ਗਿਆ। ਇਸ ਮੌਕੇ ਐਂਟੀ ਲਾਰਵਾ ਬ੍ਰਾਂਚ ਤੋਂ ਮਨਜਿੰਦਰ ਸਿੰਘ, ਜਸਪਿੰਦਰ ਸਿੰਘ ਪ੍ਰਦੀਪ ਸਿੰਘ ਆਦਿ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH