ਲੁਧਿਆਣਾ ’ਚ ਐਨਆਰਆਈ ਮਹਿਲਾ ਕਤਲ ਕੇਸ ‘ਚ ਐਸਐਚਓ ਸਮੇਤ 2 ਪੁਲਿਸ ਕਰਮਚਾਰੀਆਂ ਖਿਲਾਫ਼ ਮਾਮਲਾ ਦਰਜ
ਲੁਧਿਆਣਾ, 18 ਮਈ (ਹਿੰ.ਸ.)| ਲੁਧਿਆਣਾ ਦੇ ਚਰਚਿਤ ਐਨਆਰਆਈ ਮਹਿਲਾ ਕਤਲ ਮਾਮਲੇ ਵਿੱਚ ਵੱਡਾ ਮੋੜ ਸਾਹਮਣੇ ਆਇਆ ਹੈ। ਥਾਣਾ ਡੇਹਲੋਂ ਪੁਲਿਸ ਨੇ ਉਸ ਵੇਲੇ ਦੇ ਐਸਐਚਓ ਇੰਸਪੈਕਟਰ ਸੁਖਜਿੰਦਰ ਸਿੰਘ ਅਤੇ ਥਾਣਾ ਮੁਨਸ਼ੀ ਹੈੱਡ ਕਾਂਸਟੇਬਲ ਸੰਜੀਵ ਕੁਮਾਰ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਦੋਹਾਂ ‘ਤੇ ਕਤਲ ਮਾਮਲੇ ਦੀ
ਲੁਧਿਆਣਾ ’ਚ ਐਨਆਰਆਈ ਮਹਿਲਾ ਕਤਲ ਕੇਸ ‘ਚ ਐਸਐਚਓ ਸਮੇਤ 2 ਪੁਲਿਸ ਕਰਮਚਾਰੀਆਂ ਖਿਲਾਫ਼ ਮਾਮਲਾ ਦਰਜ


ਲੁਧਿਆਣਾ, 18 ਮਈ (ਹਿੰ.ਸ.)| ਲੁਧਿਆਣਾ ਦੇ ਚਰਚਿਤ ਐਨਆਰਆਈ ਮਹਿਲਾ ਕਤਲ ਮਾਮਲੇ ਵਿੱਚ ਵੱਡਾ ਮੋੜ ਸਾਹਮਣੇ ਆਇਆ ਹੈ। ਥਾਣਾ ਡੇਹਲੋਂ ਪੁਲਿਸ ਨੇ ਉਸ ਵੇਲੇ ਦੇ ਐਸਐਚਓ ਇੰਸਪੈਕਟਰ ਸੁਖਜਿੰਦਰ ਸਿੰਘ ਅਤੇ ਥਾਣਾ ਮੁਨਸ਼ੀ ਹੈੱਡ ਕਾਂਸਟੇਬਲ ਸੰਜੀਵ ਕੁਮਾਰ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਦੋਹਾਂ ‘ਤੇ ਕਤਲ ਮਾਮਲੇ ਦੀ ਜਾਂਚ ਦੌਰਾਨ ਸਬੂਤਾਂ ਨਾਲ ਛੇੜਛਾੜ, ਸਰਕਾਰੀ ਰਿਕਾਰਡ ਵਿੱਚ ਹੇਰਫੇਰ ਅਤੇ ਜਾਲੀ ਦਸਤਾਵੇਜ਼ ਤਿਆਰ ਕਰਨ ਦੇ ਗੰਭੀਰ ਦੋਸ਼ ਲਗੇ ਹਨ।

ਇਹ ਕਾਰਵਾਈ ਉਸ ਸਮੇਂ ਕੀਤੀ ਗਈ ਜਦੋਂ ਚੱਲ ਰਹੀ ਜਾਂਚ ਦੌਰਾਨ ਕੇਸ ਫਾਈਲ ਵਿੱਚ ਕਈ ਗੰਭੀਰ ਗੜਬੜੀਆਂ ਸਾਹਮਣੇ ਆਈਆਂ। ਉਸ ਵੇਲੇ ਐਸਐਚਓ ਰਹੇ ਸੁਖਜਿੰਦਰ ਸਿੰਘ ਹੀ ਇਸ ਹਾਈ-ਪ੍ਰੋਫਾਈਲ ਕਤਲ ਮਾਮਲੇ ਦੀ ਜਾਂਚ ਦੀ ਅਗਵਾਈ ਕਰ ਰਹੇ ਸਨ।

ਇਹ ਮਾਮਲਾ 72 ਸਾਲਾ ਐਨਆਰਆਈ ਮਹਿਲਾ ਰੁਪਿੰਦਰ ਕੌਰ ਦੇ ਲਾਪਤਾ ਹੋਣ ਅਤੇ ਬਾਅਦ ਵਿੱਚ ਕਤਲ ਨਾਲ ਜੁੜਿਆ ਹੈ। ਜਾਣਕਾਰੀ ਮੁਤਾਬਕ 18 ਅਗਸਤ 2025 ਨੂੰ ਕਿਲਾ ਰਾਏਪੁਰ ਦੇ ਰਹਿਣ ਵਾਲੇ ਸੁਖਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਸੀ ਕਿ ਰੁਪਿੰਦਰ ਕੌਰ ਘਰੋਂ ਦਿੱਲੀ ਏਅਰਪੋਰਟ ਜਾਣ ਲਈ ਨਿਕਲੀ ਸੀ, ਪਰ ਉਸ ਤੋਂ ਬਾਅਦ ਲਾਪਤਾ ਹੋ ਗਈ।

ਜਾਂਚ ਦੌਰਾਨ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਰੁਪਿੰਦਰ ਕੌਰ ਦੀ ਹੱਤਿਆ ਸੁਖਜੀਤ ਸਿੰਘ ਦੇ ਘਰ ਵਿੱਚ ਕੀਤੀ ਗਈ। ਦੋਸ਼ ਹੈ ਕਿ ਕਤਲ ਤੋਂ ਬਾਅਦ ਲਾਸ਼ ਨੂੰ ਸਾੜਿਆ ਗਿਆ ਅਤੇ ਸਬੂਤ ਮਿਟਾਉਣ ਲਈ ਫਰਸ਼ ਤੋੜ ਕੇ ਦੁਬਾਰਾ ਬਣਾਇਆ ਗਿਆ, ਜਦਕਿ ਸੀਸੀਟੀਵੀ ਕੈਮਰੇ ਵੀ ਬਦਲੇ ਗਏ।

ਪੁਲਿਸ ਨੇ ਪਹਿਲਾਂ ਇਸ ਮਾਮਲੇ ਵਿੱਚ ਸੁਖਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਨੇ ਪੁੱਛਗਿੱਛ ਦੌਰਾਨ ਕਥਿਤ ਤੌਰ ‘ਤੇ ਖੁਲਾਸਾ ਕੀਤਾ ਕਿ ਉਸਨੇ ਯੂਕੇ ਵਿੱਚ ਰਹਿੰਦੇ ਐਨਆਰਆਈ ਚਰਨਜੀਤ ਸਿੰਘ ਦੇ ਕਹਿਣ ‘ਤੇ ਇਹ ਕਤਲ ਕੀਤਾ ਸੀ। ਇਸਦੇ ਬਦਲੇ ਉਸਨੂੰ 50 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ। ਇਸ ਤੋਂ ਬਾਅਦ ਚਰਨਜੀਤ ਸਿੰਘ, ਉਸਦਾ ਭਰਾ ਮਨਵੀਰ ਸਿੰਘ ਉਰਫ਼ ਮਨੀ ਪਹਲਵਾਨ ਅਤੇ ਦਾਨਿਸ਼ ਉਰਫ਼ ਦਿਨੇਸ਼ ਕੁਮਾਰ ਨੂੰ ਵੀ ਕੇਸ ਵਿੱਚ ਨਾਮਜ਼ਦ ਕੀਤਾ ਗਿਆ।

ਮਾਮਲੇ ਵਿੱਚ ਨਵਾਂ ਮੋੜ ਉਸ ਵੇਲੇ ਆਇਆ ਜਦੋਂ ਮਨਵੀਰ ਸਿੰਘ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਅਗਾਉ ਜ਼ਮਾਨਤ ਦੀ ਅਰਜ਼ੀ ਦਾਇਰ ਕਰਦੇ ਹੋਏ ਦਾਅਵਾ ਕੀਤਾ ਕਿ ਕੇਸ ਫਾਈਲ ਵਿੱਚ ਇੱਕ ਗਵਾਹ ਦਾ ਬਿਆਨ ਜਾਲੀ ਹੈ। ਉਸ ਨੇ ਕਿਹਾ ਕਿ ਜਿਸ ਗਵਾਹ ਦਾ ਬਿਆਨ 19 ਸਤੰਬਰ 2025 ਨੂੰ ਦਰਜ ਦਿਖਾਇਆ ਗਿਆ, ਉਸਦੀ ਮੌਤ ਇਸ ਤੋਂ ਪਹਿਲਾਂ ਹੀ 29 ਮਈ 2025 ਨੂੰ ਹੋ ਚੁੱਕੀ ਸੀ।

ਇਸ ਖੁਲਾਸੇ ਤੋਂ ਬਾਅਦ ਬਣਾਈ ਗਈ ਐਸਆਈਟੀ ਨੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਵਿਵਾਦਿਤ ਬਿਆਨ ‘ਤੇ ਐਸਐਚਓ ਦੇ ਅਸਲੀ ਦਸਤਖ਼ਤ ਨਹੀਂ ਸਨ। ਬਾਅਦ ਵਿੱਚ ਸੁਖਜਿੰਦਰ ਸਿੰਘ ਨੇ ਵੀ ਲਿਖਤੀ ਸਫਾਈ ਵਿੱਚ ਕਿਹਾ ਕਿ ਇਹ ਦਸਤਖ਼ਤ ਜਾਲੀ ਹਨ ਅਤੇ ਉਸਦੇ ਤਬਾਦਲੇ ਤੋਂ ਬਾਅਦ ਕੇਸ ਫਾਈਲ ਹੈੱਡ ਕਾਂਸਟੇਬਲ ਸੰਜੀਵ ਕੁਮਾਰ ਕੋਲ ਸੀ। ਐਸਆਈਟੀ ਜਾਂਚ ਵਿੱਚ ਹੋਰ ਵੀ ਸ਼ੱਕੀ ਬਿਆਨ ਸਾਹਮਣੇ ਆਏ ਹਨ, ਜਿਨ੍ਹਾਂ ‘ਤੇ ਵੀ ਜਾਲੀ ਦਸਤਖ਼ਤ ਹੋਣ ਦੇ ਸਬੂਤ ਮਿਲੇ ਹਨ। ਇਸ ਤੋਂ ਬਾਅਦ ਪੁਲਿਸ ਨੇ ਦੋਹਾਂ ਖ਼ਿਲਾਫ਼ ਨਵਾਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande