
ਜੰਡਿਆਲਾ ਗੁਰੂ/ਅੰਮ੍ਰਿਤਸਰ, 24 ਜੂਨ (ਹਿੰ.ਸ.)। ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਦਸਮੇਸ਼ ਨਗਰ ਵਿਖੇ ਨਵੇਂ 66 ਕੇ.ਵੀ. ਸਬ-ਸਟੇਸ਼ਨ (ਬਿਜਲੀ ਘਰ) ਦਾ ਨੀਂਹ ਪੱਥਰ ਰੱਖਿਆ ਗਿਆ। ਪੰਜਾਬ ਸਰਕਾਰ ਵੱਲੋਂ ਇਸ ਬਿਜਲੀ ਘਰ ਨੂੰ ਬਣਾਉਣ ਲਈ 7 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।
ਬਿਜਲੀ ਘਰ ਦਾ ਨੀਂਹ ਪੱਥਰ ਰੱਖਣ ਮੌਕੇ ਹਾਜ਼ਰ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਪਿੰਡ ਦਸਮੇਸ਼ ਨਗਰ ਅਤੇ ਆਸ-ਪਾਸ ਦੇ ਪਿੰਡਾਂ ਦੇ ਵਸਨੀਕ ਲੰਮੇ ਸਮੇਂ ਤੋਂ ਇਸ ਖੇਤਰ ਵਿੱਚ ਸਬ-ਸਟੇਸ਼ਨ ਦੀ ਮੰਗ ਕਰ ਰਹੇ ਸਨ, ਜਿਸਨੂੰ ਅੱਜ ਪੰਜਾਬ ਸਰਕਾਰ ਵੱਲੋਂ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਦਾ ਮੌਜੂਦਾ ਸਬ-ਸਟੇਸ਼ਨ ਦੂਰ ਹੋਣ ਕਾਰਨ ਖੇਤਰ ਦੇ ਲੋਕਾਂ ਨੂੰ ਬਿਜਲੀ ਸਪਲਾਈ ਸਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਇਸ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਅੱਜ ਇਸ ਮਹੱਤਵਪੂਰਨ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਰਾਜ ਸਰਕਾਰ ਵੱਲੋਂ 66 ਕੇ.ਵੀ. ਸਬ-ਸਟੇਸ਼ਨ ਦੇ ਨਿਰਮਾਣ ’ਤੇ ਲਗਭਗ 7 ਕਰੋੜ ਰੁਪਏ ਖਰਚ ਕੀਤੇ ਜਾਣਗੇ। ਸਬ-ਸਟੇਸ਼ਨ ਵਿੱਚ 66/11 ਕੇ.ਵੀ. ਦਾ 20 ਐੱਮ.ਵੀ.ਏ. ਸਮਰੱਥਾ ਵਾਲਾ ਪਾਵਰ ਟਰਾਂਸਫਾਰਮਰ ਸਥਾਪਿਤ ਕੀਤਾ ਜਾਵੇਗਾ, ਜਿਸ ਨਾਲ ਖੇਤਰ ਦੀ ਬਿਜਲੀ ਸਪਲਾਈ ਵਿੱਚ ਵੱਡੇ ਪੱਧਰ ’ਤੇ ਸੁਧਾਰ ਆਵੇਗਾ।
ਮੰਤਰੀ ਈ.ਟੀ.ਓ. ਨੇ ਦੱਸਿਆ ਕਿ ਇਸ ਸਬ-ਸਟੇਸ਼ਨ ਦੇ ਚਾਲੂ ਹੋਣ ਨਾਲ ਪਿੰਡ ਦਸਮੇਸ਼ ਨਗਰ ਤੋਂ ਇਲਾਵਾ ਅਕਾਲਗੜ੍ਹ ਢੱਪਈਆਂ, ਰਸੂਲਪੁਰ, ਮਾਲੋਵਾਲ, ਬੰਮਾ ਅਤੇ ਖਲੈਹਿਰਾ ਸਮੇਤ ਕਈ ਪਿੰਡਾਂ ਦੇ ਖਪਤਕਾਰਾਂ ਨੂੰ ਵਧੇਰੇ ਭਰੋਸੇਯੋਗ ਅਤੇ ਨਿਰਵਿਘਨ ਬਿਜਲੀ ਸਪਲਾਈ ਪ੍ਰਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ 66 ਕੇ.ਵੀ. ਸਬ-ਸਟੇਸ਼ਨ ਤਰਸਿੱਕਾ ਅਤੇ ਨਵਾਂ ਪਿੰਡ ਤੋਂ ਚੱਲ ਰਹੇ ਕਈ ਫੀਡਰਾਂ ਨੂੰ ਨਵੇਂ ਸਬ-ਸਟੇਸ਼ਨ ਨਾਲ ਜੋੜਿਆ ਜਾਵੇਗਾ, ਜਿਸ ਨਾਲ 11 ਕੇ.ਵੀ. ਲਾਈਨਾਂ ਦੀ ਲੰਬਾਈ ਘਟੇਗੀ ਅਤੇ ਵੋਲਟੇਜ ਸਬੰਧੀ ਸਮੱਸਿਆਵਾਂ ਵਿੱਚ ਵੀ ਕਮੀ ਆਵੇਗੀ।
ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਨਾਲ ਲਗਭਗ 22,705 ਖਪਤਕਾਰਾਂ ਨੂੰ ਅਸਿੱਧੇ ਤੌਰ ’ਤੇ ਅਤੇ 4,604 ਖਪਤਕਾਰਾਂ ਨੂੰ ਸਿੱਧੇ ਤੌਰ ’ਤੇ ਲਾਭ ਮਿਲੇਗਾ। ਇਸ ਤੋਂ ਇਲਾਵਾ ਖੇਤਰ ਵਿੱਚ ਬਿਜਲੀ ਪ੍ਰਣਾਲੀ ਦੀ ਕਾਰਗੁਜ਼ਾਰੀ ਹੋਰ ਮਜ਼ਬੂਤ ਹੋਵੇਗੀ ਅਤੇ ਭਵਿੱਖ ਦੀ ਵਧਦੀ ਮੰਗ ਨੂੰ ਵੀ ਆਸਾਨੀ ਨਾਲ ਪੂਰਾ ਕੀਤਾ ਜਾ ਸਕੇਗਾ।
ਈ.ਟੀ.ਓ. ਨੇ ਕਿਹਾ ਕਿ 66 ਕੇ.ਵੀ. ਦਸਮੇਸ਼ ਨਗਰ ਸਬ-ਸਟੇਸ਼ਨ ਦੇ ਚਾਲੂ ਹੋਣ ਉਪਰੰਤ ਖੇਤਰ ਦੇ ਵਸਨੀਕਾਂ ਨੂੰ ਸ਼ਹਿਰੀ ਖੇਤਰਾਂ ਵਾਂਗ ਕੈਟਾਗਰੀ-1 ਦੀ ਮਿਆਰੀ ਅਤੇ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾਵੇਗੀ, ਜਿਸ ਨਾਲ ਬਿਜਲੀ ਕੱਟਾਂ ਦੀ ਸਮੱਸਿਆ ਤੋਂ ਵੱਡੀ ਰਾਹਤ ਮਿਲੇਗੀ। ਇਸ ਮੌਕੇ ਕੈਬਨਿਟ ਮੰਤਰੀ ਨੇ ਪੀ.ਐੱਸ.ਪੀ.ਸੀ.ਐੱਲ. ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਪਿੰਡ ਦਸਮੇਸ਼ ਨਗਰ ਦੇ ਵਸਨੀਕਾਂ ਨਾਲ ਮਿਲ ਕੇ ਰੁੱਖ ਲਗਾਏ ਅਤੇ ਰੁੱਖ ਲਗਾਓ, ਮਨੁੱਖਤਾ ਬਚਾਓ ਦਾ ਸੰਦੇਸ਼ ਦਿੰਦਿਆਂ ਸਮੂਹ ਪੰਜਾਬ ਵਾਸੀਆਂ ਨੂੰ ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕੀਤੀ। ਇਸ ਮੌਕੇ ਇਲਾਕਾ ਨਿਵਾਸੀਆਂ ਨੇ ਇਸ ਨਵੇਂ ਬਿਜਲੀ ਘਰ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦਾ ਧੰਨਵਾਦ ਕੀਤਾ।
ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਵਿੱਚ ਬਿਜਲੀ ਸਪਲਾਈ ਵਿੱਚ ਸੁਧਾਰ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ 17 ਮਾਰਚ 2026 ਨੂੰ ਵੀ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ ਪਿੰਡ ਗੱਦਲੀ ਵਿਖੇ ਵੀ 66 ਕੇ.ਵੀ. ਸਬ-ਸਟੇਸ਼ਨ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ ਸੀ ਜੋ ਬਹੁਤ ਜਲਦੀ ਮੁਕੰਮਲ ਹੋ ਜਾਵੇਗਾ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ