
ਮੋਗਾ, 24 ਜੂਨ (ਹਿੰ.ਸ.)| ਮੋਗਾ-ਲੁਧਿਆਣਾ ਮੁੱਖ ਮਾਰਗ 'ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਟਰੱਕ ਦੀ ਚਪੇਟ ਵਿੱਚ ਆਉਣ ਕਾਰਨ 55 ਸਾਲਾ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਪੁਲਿਸ ਨੇ ਮ੍ਰਿਤਕਾ ਦੇ ਪਤੀ ਦੇ ਬਿਆਨਾਂ ਦੇ ਆਧਾਰ 'ਤੇ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਥਾਣਾ ਅਜੀਤਵਾਲ ਦੇ ਸਹਾਇਕ ਥਾਣੇਦਾਰ ਜਗਦੇਵ ਸਿੰਘ ਨੇ ਦੱਸਿਆ ਕਿ ਪਿੰਡ ਕੋਕਰੀ ਫੂਲਾ ਸਿੰਘ ਵਾਲਾ ਦੀ ਵਸਨੀਕ ਚਰਨਜੀਤ ਕੌਰ (55) ਪੈਦਲ ਪੁਲ ਨੇੜੇ ਲੰਘ ਰਹੀ ਸੀ। ਇਸ ਦੌਰਾਨ ਚੌਲਾਂ ਨਾਲ ਲੱਦੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਸ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਟੱਕਰ ਇੰਨੀ ਭਿਆਨਕ ਸੀ ਕਿ ਚਰਨਜੀਤ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪੁਲਿਸ ਨੇ ਮ੍ਰਿਤਕਾ ਦੇ ਪਤੀ ਮੋਦਨ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਪਿੰਡ ਲੋਪੋ ਦੇ ਵਸਨੀਕ ਟਰੱਕ ਚਾਲਕ ਸ਼ਿੰਦਰਪਾਲ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਹਾਦਸੇ ਵਿੱਚ ਸ਼ਾਮਲ ਚੌਲਾਂ ਨਾਲ ਭਰੇ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਹਾਦਸੇ ਤੋਂ ਬਾਅਦ ਪੁਲਿਸ ਨੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਪੁਲਿਸ ਅਨੁਸਾਰ ਪੋਸਟਮਾਰਟਮ ਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਮ੍ਰਿਤਕਾ ਦੀ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH